ਕੈਪਟਨ ਅਮਰਿੰਦਰ ਸਰਕਾਰ ਨੂੰ ਹੋਇਆ ਕੋਰੋਨਾ ਵਾਇਰਸ: ਦੀਪਕ ਕੰਬੋਜ਼
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਮੁੜ ਮੋਤੀ ਮਹਿਲ ਦੇ ਘਿਰਾਓ ਸਬੰਧੀ ਚਾਲੇ ਪਾਏ ਗਏ, ਪਰ ਵੱਡੀ ਗਿਣਤੀ ਪੁਲਿਸ ਫੋਰਸ ਵੱਲੋਂ ਇਨ੍ਹਾਂ ਅਧਿਆਪਕਾਂ ਨੂੰ ਵਾਈਪੀਐਸ ਚੌਂਕ ਕੋਲ ਹੀ ਰੋਕ ਲਿਆ ਅਤੇ ਮੋਤੀ ਮਹਿਲ ਵੱਲ ਨਾ ਵੱਧਣ ਦਿੱਤਾ ਗਿਆ। ਇਸ ਦੌਰਾਨ ਅਧਿਆਪਕਾਂ ਵੱਲੋਂ ਉਥੇ ਹੀ ਧਰਨਾ ਸ਼ੁਰੂ ਕਰ ਦਿੱਤਾ, ਜਿੱਥੇ ਕਿ ਪਿਛਲੇ ਦਿਨੀਂ ਪੁਲਿਸ ਵੱਲੋਂ ਲਾਠੀਚਾਰਜ਼ ਕੀਤਾ ਗਿਆ ਸੀ। ਇੱਧਰ ਅਧਿਆਪਕਾਂ ਨੂੰ ਪ੍ਰਸ਼ਾਸਨ ਵੱਲੋਂ ਕੋਰੋਨਾ ਵਾਇਰਸ ਸਬੰਧੀ ਪਣਪੇ ਮਾਹੌਲ ਬਾਰੇ ਸਮਝਾਉਂਦਿਆਂ 3 ਅਪ੍ਰੈਰਲ ਤੱਕ ਮੁੱਖ ਸਕੱਤਰ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਅਧਿਆਪਕਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਅੱਜ ਦੇ ਧਰਨੇ ਨੂੰ ਰੋਕਣ ਲਈ ਆਗੂਆਂ ਦੇ ਘਰਾਂ ਅੰਦਰ ਜਾਕੇ ਰਾਤਾਂ ਨੂੰ ਧਮਕਾਉਣ ਦੀ ਕੋਸ਼ਿਸ ਕੀਤੀ ਗਈ ਸੀ।
ਅੱਜ ਇੱਥੇ ਬਾਰਾਂਦਰੀ ਬਾਗ ਵਿਖੇ ਇਕੱਠੇ ਹੋਏ ਈਟੀਟੀ ਅਧਿਆਪਕਾਂ ਵੱਲੋਂ ਦੁਪਹਿਰ ਤੋਂ ਬਾਅਦ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ, ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵਿੱਚ ਹਲਚਲ ਮੱਚ ਗਈ। ਪੁਲਿਸ ਵੱਲੋਂ ਵਾਈਪੀਐਸ ਚੌਂਕ ਵਿਖੇ ਮੋਤੀ ਮਹਿਲ ਨੂੰ ਜਾਣ ਵਾਲੇ ਰਸਤਿਆਂ ਨੂੰ ਬੇਰੀਕੇਡ ਲਾਕੇ ਸੀਲ ਕੀਤਾ ਹੋਇਆ ਸੀ। ਇਸ ਦੌਰਾਨ ਅੱਜ ਵੀ ਜਦੋਂ ਅਧਿਆਪਕ ਮੋਤੀ ਮਹਿਲ ਵੱਲ ਵੱਧਣ ਲੱਗੇ ਤਾਂ ਵੱਡੀ ਗਿਣਤੀ ਪੁਲਿਸ ਨੇ ਰੋਕ ਲਿਆ।
ਇਸ ਮੌਕੇ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ, ਜਿਸ ਕਾਰਨ ਉਹ ਬੇਰੁਜ਼ਗਾਰਾਂ ਨਾਲ ਵਾਅਦੇ ਕਰਕੇ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਸੁਪਰ ਸਮਾਰਟ ਸਕੂਲਾਂ ਦਾ ਢਿੰਡੋਰਾ ਪਿੱਟ ਰਹੀ ਹੈ ਤੇ ਦੂਜੇ ਪਾਸੇ ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕਾਂ ‘ਤੇ ਰੋਲ ਰਹੀ ਹੈ ਪੰਜਾਬ ਸਰਕਾਰ ਲਗਾਤਾਰ ਸਰਕਾਰੀ ਸਕੂਲਾਂ ਨੂੰ ਮਰਜ਼ ਕਰਕੇ ਨਿੱਜੀਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਸਿੱਖਿਆ ਨੂੰ ਗਰੀਬਾਂ ਹੱਥੋਂ ਖੋਹ ਰਹੀ ਹੈ
ਉਨ੍ਹਾਂ ਮੰਗ ਕੀਤੀ ਕਿ ਈ.ਟੀ.ਟੀ. ਅਧਿਆਪਕਾਂ ਦੀਆਂ 12000 ਅਸਾਮੀਆਂ ਦੀ ਭਰਤੀ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ, ਭਰਤੀ ਦੇ ਉੱਪਰ ਲਗਾਈਆਂ ਵਾਧੂ ਸ਼ਰਤਾਂ ਪੱਕੇ ਤੌਰ ‘ਤੇ ਵਾਪਸ ਲਈਆਂ ਜਾਣ, ਉਮਰ ਹੱਦ ਵਿੱਚ ਵਾਧਾ ਕਰਕੇ 37 ਤੋਂ 42 ਸਾਲ ਕੀਤੀ ਜਾਵੇ, ਅਧਿਆਪਕ ਯੋਗਤਾ ਟੈਸਟ (ਟੈੱਟ) ਪਾਸ ਹੋਣ ਦੇ ਬਾਵਜੂਦ ਥੋਪਿਆਂ ਨਵਾਂ ਟੈਸਟ ਰੱਦ ਕੀਤਾ ਜਾਵੇ ਅਤੇ ਕੇਵਲ ਬਾਰਡਰ ਏਰੀਆ ਦੀ ਥਾਂ ਪੂਰੇ ਪੰਜਾਬ ਵਿੱਚ ਭਰਤੀ ਕੀਤੀ ਜਾਵੇ
ਆਗੂਆਂ ਨੇ ਕਿਹਾ ਕਿ ਉਹ 3 ਅਪਰੈਲ ਤੱਕ ਮੁੱਖ ਸਕੱਤਰ ਨਾਲ ਮੁੜ ਮੀਟਿੰਗ ਸਬੰਧੀ ਇੰਤਜਾਰ ਕਰਨਗੇ ਅਤੇ ਉਸ ਤੋਂ ਬਾਅਦ ਜੇਕਰ ਹੱਲ ਨਾ ਹੋਇਆ ਤਾ ਤਕੜਾ ਸੰਘਰਸ ਕਰਨਗੇ। ਇਸ ਮੌਕੇ ਐੱਸ ਐੱਸ ਏ ਰਮਸਾ ਦੇ ਸੂਬਾ ਪ੍ਰਧਾਨ ਹਰਦੀਪ ਟੋਡਰਪੁਰ, ਡੈਮੋਕਰੇਟਿਕ ਟੀਚਰਜ਼ ਫਰੰਟ ਤੋਂ ਵਿਕਰਮ ਦੇਵ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਅਮਨਦੀਪ ਸਿੰਘ ਅਤੇ ਗੁਰਸੇਵਕ ਸਿੰਘ ਸਿੰਘ, ਗੌਰਮਿੰਟ ਟੀਚਰ ਯੂਨੀਅਨ ਦੇ ਪਰਮਜੀਤ ਸਿੰਘ, ਸੂਬਾ ਪ੍ਰੈਸ ਸਕੱਤਰ ਦੀਪ ਬਨਾਰਸੀ, ਸੁਰਜੀਤ ਚਪਾਤੀ, ਰਾਜਵੀਰ ਕੌਰ ਮੁਕਤਸਰ ,ਜਰਨੈਲ ਸੰਗਰੂਰ , ਸੁਰਿੰਦਰ ਅਬੋਹਰ ,ਪ੍ਰਿਥਵੀ ਅਬੋਹਰ, ਮਨੀ ਸੰਗਰੂਰ, ਕਰਨਵੀਰ ਬਰਨਾਲਾ, ਰਾਜ ਕੁਮਾਰ ਮਾਨਸਾ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।