ਮੋਤੀ ਮਹਿਲ ਦੇ ਘਿਰਾਓ ਮੌਕੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਪੁਲਿਸ ਨਾਲ ਧੱਕਾ-ਮੁੱਕੀ

ਕਿਹਾ, ਬੇਰੁਜ਼ਗਾਰਾਂ ਦੀ ਥਾਂ, ਕੈਪਟਨ ਆਪਣੇ ਹੀ ਵਿਧਾਇਕਾਂ ਦੇ ਪੁੱਤਰਾਂ ਨੂੰ ਵੰਡਣ ਲੱਗਾ ਨੌਕਰੀਆਂ

  • ਭਾਰੀ ਗਿਣਤੀ ਪੁਲਿਸ ਨੇ ਅਧਿਆਪਕਾਂ ਨੂੰ ਵਾਈਪੀਐਸ ਚੌਂਕ ਤੋਂ ਅੱਗੇ ਨਾ ਵਧਣ ਦਿੱਤਾ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਰੁਜ਼ਗਾਰ ਲਈ ਜੂਝ ਰਹੇ ਈਟੀਟੀ ਟੈੱਟ ਪਾਸ ਅਧਿਆਪਕਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਈਟੀ ਟੈੱਟ ਪਾਸ ਅਧਿਆਪਕਾਂ ਦੀ ਮੋਤੀ ਮਹਿਲ ਦੇ ਘਿਰਾਓ ਮੌਕੇ ਪੁਲਿਸ ਨਾਲ ਧੱਕਾ-ਮੁੱਕੀ ਹੋਈ। ਪੁਲਿਸ ਵੱਲੋਂ ਅਧਿਆਪਕਾਂ ਨੂੰ ਰੋਕਣ ਲਈ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ।

ਜਾਣਕਾਰੀ ਅਨੁਸਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਵੱਲੋਂ ਆਪਣੇ ਰੁਜ਼ਾਗਰ ਦੀ ਮੰਗ ਨੂੰ ਲੈ ਕੇ ਪਹਿਲਾਂ ਬੀਐਸਐਨ ਪਾਰਕ ਵਿਖੇ ਇਕੱਠੇ ਹੋਏ ਅਤੇ ਉਸ ਤੋਂ ਬਾਅਦ ਦੁਪਹਿਰ ਮੌਕੇ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ। ਇਸੇ ਦੌਰਾਨ ਹੀ ਅਧਿਆਪਕ ਜਦੋਂ ਫੁਹਾਰਾ ਚੌਂਕ ਵਿਖੇ ਪੁਜੇ ਤਾਂ ਇਨ੍ਹਾਂ ਵੱਲੋਂ ਚਾਰੇ ਪਾਸੇ ਤੋਂ ਫੁਹਾਰਾ ਚੌਂਕ ਜਾਮ ਕਰ ਦਿੱਤਾ, ਜਿਸ ਕਾਰਨ ਸ਼ਹਿਰ ਦੀ ਪੂਰੀ ਅਵਾਜਾਈ ਉਥੇ ਹੀ ਠੱਪ ਹੋ ਗਈ। ਪੁਲਿਸ ਪ੍ਰਸ਼ਾਸਨ ਵੱਲੋਂ ਅਧਿਆਪਕਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਮੀਟਿੰਗ ਦਿਵਾਉਣ ਦੀ ਗੱਲ ਆਖੀ ਗਈ, ਪਰ ਅਧਿਆਪਕਾਂ ਵੱਲੋਂ ਕੋਈ ਗੱਲ ਨਾ ਸੁਣੀ ਗਈ। ਇਸ ਤੋਂ ਬਾਅਦ ਜਾਮ ਖੋਲ੍ਹਦਿਆਂ ਮੋਤੀ ਮਹਿਲ ਵੱਲ ਚਾਲੇ ਪਾ ਦਿੱਤੇ ਗਏ। ਮੋਤੀ ਮਹਿਲ ਦੇ ਚਾਰੇ ਪਾਸੇ ਰਸਤੇ ਬੰਦ ਕਰਕੇ ਪੁਲਿਸ ਹੀ ਪੁਲਿਸ ਲਾਈ ਹੋਈ ਸੀ। ਜਦੋਂ ਅਧਿਆਪਕ ਵਾਈਪੀਐਸ ਚੌਂਕ ਵਿਖੇ ਪੁੱਜੇ ਤਾਂ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਾਂ ਲਾ ਕੇ ਰੋਕ ਲਿਆ। ਇਸ ਦੌਰਾਨ ਅੱਗੇ ਵੱਧਣ ਤੇ ਪੁਲਿਸ ਨਾਲ ਬੇਰੁਜ਼ਗਾਰਾਂ ਦੀ ਕੁਝ ਧੱਕਾ ਮੁੱਕੀ ਹੋਈ। ਮਹਿਲਾ ਪੁਲਿਸ ਮੁਲਾਜ਼ਮਾਂ ਨੇ ਲੜਕੀਆਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੀ ਵਾਅ ਲਾਈ।

Unemployed ETT Teachers Sachkahoon

ਪੁਲਿਸ ਪ੍ਰਸ਼ਾਸਨ ਪਹਿਲਾਂ ਹੀ ਉਨ੍ਹਾਂ ਦੀ ਮੀਟਿੰਗ ਕਰਵਾਉਣ ਲਈ ਤਿਆਰ ਬੈਠਾ ਸੀ ਤਾਂ ਜੋ ਅਧਿਆਪਕਾਂ ਦੇ ਹੰਗਾਮੇ ਨੂੰ ਰੋਕਿਆ ਜਾ ਸਕੇ। ਇਸ ਮੌਕੇ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਦੀਪਕ ਕੰਬੋਜ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਿਹਾ ਕਿ ਇਨ੍ਹਾਂ ਵੱਲੋਂ ਚੋਣਾਂ ਤੋਂ ਪਹਿਲਾਂ ਵਾਅਦਾ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਕੀਤਾ ਗਿਆ ਸੀ, ਪਰ ਇਹ ਵਾਅਦਾ ਨੌਜਵਾਨਾਂ ਨਾਲ ਪੂਰਾ ਕਰਨ ਦੀ ਥਾਂ ਆਪਣੇ ਹੀ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਦੇੇ ਕੇ ਪੂਰਾ ਕਰ ਰਿਹਾ ਹੈ, ਉਹ ਵੀ ਤਰਸ ਦੇ ਅਧਾਰ ’ਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ 75 ਦਿਨਾਂ ਤੋਂ ਉਸ ਦੇ ਸ਼ਹਿਰ ’ਚ ਉੱਚੇ ਟਾਵਰ ’ਤੇ ਚੜ੍ਹੇ ਬੇਰੁਜ਼ਾਗਰ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ ਅਤੇ ਹਰਦੀਪ ਮਾਨਸਾ ਨਹੀਂ ਦਿਖੇ। ਸਗੋਂ ਆਪਣੇ ਹੀ ਰੱਜੇ ਪੁੱਜੇ ਵਿਧਾਇਕਾਂ ਦੇ ਪੁੱਤਰਾਂ ਨੂੰ ਸੈੱਟ ਕਰਨ ’ਤੇ ਲੱਗਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਬਸ ਕੁਝ ਸਮਾਂ ਬਾਕੀ ਰਹਿ ਗਿਆ, ਜਦੋਂ ਤੁਸੀ ਸਾਡੇ ਕੋਲੋਂ ਵੋਟਾਂ ਲੈਣ ਆਵੋਗੇ, ਫੇਰ ਪੁੱਛਾਗੇ ਤੁਹਾਨੂੰ ਕਿ ਤੁਸੀ ਕਿਹੜਾ ਵਾਅਦਾ ਪੂਰਾ ਕੀਤਾ। ਉਨ੍ਹਾਂ ਕਿਹਾ ਕਿ ਹੁਣ ਤਾ ਤੁਸੀ ਸੱਤਾ ਦੇ ਨਸ਼ੇ ਵਿੱਚ ਬੇਰੁਜ਼ਗਾਰਾਂ ਦੀ ਗੱਲ ਨਹੀਂ ਸੁਣ ਰਹੇ। ਹੁਣ ਇਹੋਂ ਹੀ ਪੰਜਾਬ ਦੇ ਲੋਕ ਰਾਜੇ ਨੂੰ ਕੁਰਸੀ ਤੋਂ ਲਾਕੇ ਦਮ ਲਵੇਗਾ। ਇਸ ਮੌਕੇ ਮੌਜ਼ੂਦ ਡੈਮੋਕਰੈਟਿਕ ਟੀਚਰ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ, ਕੁਲਦੀਪ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਪਰਮਵੀਰ ਸਿੰਘ, ਸੁਰਜੀਤ ਚਪਾਤੀ, ਅਮਨ ਫਾਜਲਿਕਾ, ਬਲਜਿੰਦਰ ਨਾਭਾ, ਹਰਬੰਸ ਪਟਿਆਲਾ, ਕਰਨ ਮੁਕਤਸਰ , ਮਨੀ ਸੰਗਰੂਰ, ਰਵਿੰਦਰ ਅਬੋਹਰ, ਹਰਪ੍ਰੀਤ ਕੌਰ ਮਾਨਸਾ, ਸੁਖਜੀਤ ਨਾਭਾ ਤੇ ਗਗਨਦੀਪ ਕੌਰ ਮਾਨਸਾ ਆਦਿ ਮੌਜ਼ੂਦ ਸਨ।

8 ਜੂਨ ਨੂੰ ਮੀਟਿੰਗ ਦਾ ਦਿੱਤਾ ਸਮਾਂ

ਇਸ ਦੌਰਾਨ ਬੇਰੁਜ਼ਗਾਰ ਅਧਿਆਪਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਤੈਅ ਸਮੇਂ ਦੌਰਾਨ ਮੀਟਿੰਗ ਦਾ ਪੱਤਰ ਨਹੀਂ ਦਿੱਤਾ ਜਾਂਦਾ ਤਾਂ ਬੇਰੁਜਗਾਰ ਅਧਿਆਪਕ ਅੱਗੇ ਵਧਣਗੇ । ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ 8 ਜੂਨ ਨੂੰ ਮੁੱਖ ਸਕੱਤਰ ਵਿੰਨੀ ਮਹਾਜਨ ਨਾਲ ਮੀਟਿੰਗ ਦਾ ਸਮਾਂ ਦਿੱਤਾ ਗਿਆ । ਆਗੂਆਂ ਨੇ ਕਿਹਾ ਕਿ ਜੇਕਰ 8 ਜੂਨ ਨੂੰ ਮੀਟਿੰਗ ਨਹੀਂ ਹੁੰਦੀ ਜਾਂ ਫਿਰ ਮੀਟਿੰਗ ਵਿਚ ਕੋਈ ਹੱਲ ਨਹੀਂ ਹੁੰਦਾ ਤਾਂ 11 ਜੂਨ ਨੂੰ ਮੁੜ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।