ਮਨੁੱਖੀ ਅਧਿਕਾਰ ਦਿਵਸ ਵਾਲੇ ਦਿਨ ਮੁੱਖ ਮੰਤਰੀ ਦੀ ਹਾਜ਼ਰੀ ’ਚ ‘ਪਸ਼ੂਆਂ’ ਵਾਂਗ ਕੁੱਟੇ ਬੇਰੁਜ਼ਗਾਰ
ਰੈਲੀ ’ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੋ ਵਾਰ ਰੋਕਣਾ ਪਿਆ ਭਾਸ਼ਣ
(ਸੁਖਜੀਤ ਮਾਨ) ਮਾਨਸਾ। ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਫੇਸਬੁੱਕ ਪੇਜ਼ ‘ਸੀਐਮਓ ਪੰਜਾਬ’ ’ਤੇ ਅੱਜ ਪੋਸਟ ਤਾਂ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਦੀ ਪਾਈ ਹੋਈ ਸੀ ਪਰ ਮਾਨਸਾ ਵਿਖੇ ਉਨ੍ਹਾਂ ਦੀ ਹੀ ਹਾਜ਼ਰੀ ’ਚ ਆਪਣੇ ਹੱਕ ਨਾ ਮਿਲਣ ਕਾਰਨ ਰੋਹ ’ਚ ਆ ਕੇ ਨਾਅਰੇਬਾਜ਼ੀ ਕਰਨ ਵਾਲੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ਨੂੰ ‘ਪਸ਼ੂਆਂ’ ਵਾਂਗ ਕੁੱਟਿਆ ਗਿਆ। ਇਨ੍ਹਾਂ ਅਧਿਆਪਕਾਂ ਨੇ ਲੰਬੇ ਸਮੇਂ ਤੋਂ ਮੰਗਾਂ ਪੂਰੀਆਂ ਨਾ ਹੋਣ ਕਾਰਨ ਅੱਜ ਇੱਥੇ ਕਾਂਗਰਸ ਦੀ ਰੈਲੀ ’ਚ ਮੁੱਖ ਮੰਤਰੀ ਦੇ ਭਾਸ਼ਣ ਦੌਰਾਨ ‘ਪੰਜਾਬ ਸਰਕਾਰ ਮੁਰਦਾਬਾਦ, ਮੁੱਖ ਮੰਤਰੀ ਮੁਰਦਾਬਾਦ’ ਦੇ ਨਾਅਰੇ ਲਗਾਏ ਸੀ ਨਾਅਰੇਬਾਜ਼ੀ ਤੋਂ ਮੁੱਖ ਮੰਤਰੀ ਕਾਫੀ ਪ੍ਰੇਸ਼ਾਨ ਹੋ ਗਏ ਤੇ ਉਨ੍ਹਾਂ ਨੂੰ ਦੋ ਵਾਰ ਆਪਣਾ ਭਾਸ਼ਣ ਰੋਕ ਕੇ ਬੈਠਣਾ ਪਿਆ ਪੁਲਿਸ ਦੀਆਂ ਹੁੱਝਾਂ ਝੱਲਣ ਤੋਂ ਬਾਅਦ ਵੀ ਬੇਰੁਜ਼ਗਾਰਾਂ ਨੇ ਚਿਤਾਵਨੀ ਦਿੱਤੀ ਕਿ ਜਿੱਥੇ-ਜਿੱਥੇ ਮੁੱਖ ਮੰਤਰੀ ਦੇ ਪ੍ਰੋਗਰਾਮ ਹੋਣਗੇ ਉਹ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
ਵੇੇਰਵਿਆਂ ਮੁਤਾਬਿਕ ਰੁਜਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ 2 ਮਹੀਨੇ ਤੋਂ ਖਰੜ ਵਿਖੇ ਟੈਂਕੀ ਉਪਰ ਡਟੇ ਹੋਏ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਦਾ ਕੋਈ ਵੀ ਠੋਸ ਹੱਲ ਨਹੀਂ ਕੀਤਾ ਗਿਆ । ਅੱਜ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਮਾਨਸਾ ਰੈਲੀ ’ਚ ਆਮਦ ਮੌਕੇ ਵਿਰੋਧ ਕਰਨ ਦੀ ਨੀਤੀ ਬਣਾ ਕੇ ਬੇਰੁਜ਼ਗਾਰ ਅਧਿਆਪਕ ਰੈਲੀ ਪੰਡਾਲ ’ਚ ਸ਼ਾਮਿਲ ਹੋ ਗਏ। ਇਨ੍ਹਾਂ ਬੇਰੁਜ਼ਗਾਰਾਂ ਨੇ ਐਨੀਂ ਹੁਸ਼ਿਆਰੀ ਦਿਖਾਈ ਕਿ ਪ੍ਰੈੱਸ ਗੈਲਰੀ ਦੇ ਬਿਲਕੁਲ ਪਿੱਛੇ ਜਿੱਥੇ ਕੁੱਝ ਚੁਣਿੰਦਾ ਵਿਅਕਤੀਆਂ ਦੇ ਬੈਠਣ ਲਈ ਇੰਤਜਾਮ ਕੀਤਾ ਹੋਇਆ ਸੀ ਉੱਥੇ ਆ ਕੇ ਬੈਠ ਗਏ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਦੋਂ ਮੰਚ ਤੋਂ ਸੰਬੋਧਨ ਕਰਨਾ ਹਾਲੇ ਸ਼ੁਰੂ ਹੀ ਕੀਤਾ ਸੀ ਤਾਂ ਬੇਰੁਜ਼ਗਾਰ ਅਧਿਆਪਕਾਂ ਨੇ ‘ਪੰਜਾਬ ਸਰਕਾਰ ਮੁਰਦਾਬਾਦ’, ‘ਮੁੱਖ ਮੰਤਰੀ ਮੁਰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ।
ਮੌਕੇ ’ਤੇ ਮੌਜੂਦ ਪੁਲਿਸ ਬੇਰੁਜ਼ਗਾਰਾਂ ਨੂੰ ਧੂਹ ਕੇ ਰੈਲੀ ਤੋਂ ਬਾਹਰ ਲੈ ਗਈ ਸਾਦੇ ਕੱਪੜਿਆਂ ਵਾਲੇ ਇੱਕ ਮੁਲਾਜ਼ਮ ਨੇ ਬੇਰੁਜ਼ਗਾਰਾਂ ’ਤੇ ਬੁਰੀ ਤਰ੍ਹਾਂ ਡਾਂਗ ਹੀ ਨਹੀਂ ਵਰ੍ਹਾਈ ਸਗੋਂ ਗਾਲਾਂ ਵੀ ਕੱਢੀਆਂ ਪੁਲਿਸ ਦੀ ਇਸ ਧੱਕਾ-ਮੁੱਕੀ ਦੌਰਾਨ ਕਈ ਬੇਰੁਜ਼ਗਾਰ ਅਧਿਆਪਕਾਂ ਨੂੰ ਸੱਟਾਂ ਵੀ ਲੱਗੀਆਂ।ਇਸ ਮੌਕੇ ਬੇਰੁਜਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਕੁਲਦੀਪ ਖੋਖਰ, ਮੰਗਲ ਮਾਨਸਾ, ਬੱਗਾ ਖੁਡਾਲ, ਮਨੀ ਸੰਗਰੂਰ, ਰਣਜੀਤ, ਖੁਸ਼ੀ, ਜੱਗਾ ਮਾਨਸਾ, ਦਾਨਿਸ ਭੱਟੀ ਤੇ ਦਿਲਪਰੀਤ ਸੰਗਰੂਰ ਆਦਿ ਨੇ ਕਿਹਾ ਕਿ ਕਾਂਗਰਸ ਸਰਕਾਰ ਜਿਹੜੀ ਘਰ-ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਸੱਤਾ ਵਿੱਚ ਆਈ ਸੀ ਉਹ ਹੁਣ ਬੇਰੁਜਗਾਰਾਂ ਨੂੰ ਰੁਜਗਾਰ ਦੇਣ ਦੀ ਬਜਾਏ ਆਵਾਜ ਨੂੰ ਦਬਾਉਣ ਲਈ ਡਾਂਗਾਂ ਨਾਲ ਕੁੱਟ ਰਹੀ ਹੈ।
ਮੀਡੀਆ ਕਵਰੇਜ ਰੋਕਣ ਲਈ ਬੈਨਰ ਤਾਣੇ
ਬੇਰੁਜ਼ਗਾਰ ਅਧਿਆਪਕਾਂ ਦੀ ਕੁੱਟਮਾਰ ਦੌਰਾਨ ਇੱਕ ਪੈਂਤੜਾ ਇਹ ਵੀ ਦੇਖਣ ਨੂੰ ਮਿਲਿਆ ਕਿ ਜਦੋਂ ਪੁਲਿਸ ਬੇਰੁਜ਼ਗਾਰਾਂ ਨੂੰ ਧੂਹ ਰਹੀ ਸੀ ਤਾਂ ਸਾਦੇ ਕੱਪੜਿਆਂ ਵਾਲੇ ਮੁਲਾਜ਼ਮਾਂ ਨੇ ਉੱਥੇ ‘ਪੰਜਾਬ ਸਰਕਾਰ ਜਿੰਦਾਬਾਦ ਅਤੇ ਜੀ ਆਇਆਂ ਨੂੰ’ ਦੇ ਬੈਨਰ ਤਾਣ ਲਏ ਪੱਤਰਕਾਰ ਜਦੋਂ ਬੱਸ ’ਚ ਬੈਠੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਬੱਸ ਦੇ ਸ਼ੀਸ਼ਿਆਂ ਅੱਗੇ ਬੈਨਰ ਕਰ ਦਿੱਤੇ ਪਰ ਇਸਦੇ ਬਾਵਜੂਦ ਪੁਲਿਸ ਦੇ ਡੰਡੇ ਦਾ ਕਹਿਰ ਕੈਮਰਿਆਂ ਦੀ ਅੱਖ ਤੋਂ ਨਾ ਬਚ ਸਕਿਆ।
ਕੁੱਟਮਾਰ ਦੀ ਸੋਸ਼ਲ ਮੀਡੀਆ ’ਤੇ ਹੋਈ ਥੂ-ਥੂ
ਬੇਰੁਜ਼ਗਾਰਾਂ ’ਤੇ ਵਰ੍ਹਾਈ ਡਾਂਗ ਦੀਆਂ ਫੋਟੋਆਂ ਅਤੇ ਵੀਡੀਓ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਲੋਕਾਂ ਨੇ ਕਾਫੀ ਥੂ-ਥੂ ਕੀਤੀ ਲੋਕਾਂ ਨੇ ਪੁਲਿਸ ਦੇ ਇਸ ਰਵੱਈਏ ਖਿਲਾਫ਼ ਅਜਿਹੇ ਕੁਮੈਂਟ ਕੀਤੇ। ਜਿੰਨ੍ਹਾਂ ਨੂੰ ਇੱਥੇ ਲਿਖਣਾ ਵੀ ਉੱਚਿਤ ਨਹੀਂ ਲੋਕਾਂ ਦਾ ਤਰਕ ਸੀ ਕਿ ਵਿਰੋਧ ਪ੍ਰਦਰਸ਼ਨ ਨੂੰ ਰੋਕਣ ਦੇ ਹੋਰ ਵੀ ਤਰੀਕੇ ਹੋ ਸਕਦੇ ਹਨ ਪਰ ਅੰਨ੍ਹੇਵਾਹ ਡਾਂਗ ਵਰ੍ਹਾਉਣੀ ਉੱਚਿਤ ਨਹੀਂ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ