Central Government Onion Scheme: ਕੇਂਦਰ ਸਰਕਾਰ ਦੀ ਸਕੀਮ ਤਹਿਤ ਸਸਤਾ ਵਿਕਣ ਵਾਲਾ ਪਿਆਜ਼ ਮਹਿੰਗੇ ਭਾਅ ਵਿਕਣ ਲਈ ਬਠਿੰਡਾ ਪੁੱਜਾ

Central Government Onion Scheme
ਬਠਿੰਡਾ: ਬਠਿੰਡਾ ਸਬਜੀ ਮੰਡੀ ਵਿੱਚ ਪੁੱਜੇ ਹੋਏ ਪਿਆਜ ਦੇ ਗੱਟੇ।

ਸਬਜ਼ੀ ਮੰਡੀ ’ਚ ਭਾਰੀ ਮਾਤਰਾ ’ਚ ਪੁੱਜੇ ਪਿਆਜ਼ਾਂ ਨੂੰ ਲੈ ਕੇ ਜ਼ਿਲ੍ਹਾ ਅਧਿਕਾਰੀਆਂ ਨੇ ਮੂੰਹ ‘ਗੰਢੇ’

Central Government Onion Scheme: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਸਬਜ਼ੀ ਮੰਡੀ ਵਿੱਚ ਅੱਜ ਪਿਆਜਾਂ ਨੂੰ ਲੈ ਕੇ ਭਾਰੀ ਰੌਲਾ ਰੱਪਾ ਦੇਖਣ ਨੂੰ ਮਿਲਿਆ। ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਵੱਲੋਂ ਐਨਸੀਸੀਐਫ (ਨੈਸ਼ਨਲ ਕੋਅਪਰੇਟਿਵ ਖਪਤਕਾਰ ਫੈਡਰੇਸ਼ਨ ਆਫ ਇੰਡੀਆ ਲਿਮ.) ਅਤੇ ਐਨਏਐਫ ਈਡੀ ਸਕੀਮ ਤਹਿਤ ਗਰੀਬ ਲੋਕਾਂ ਨੂੰ ਆਧਾਰ ਕਾਰਡਾਂ ’ਤੇ ਪਿਆਜ਼ਾਂ ਦੀ ਵੰਡ ਕਰਨ ਲਈ ਨਿਯਮ ਬਣਾਏ ਹਨ ਪਰ ਇਹ ਪਿਆਜ਼ ਹਾਲੇ ਤੱਕ ਗਰੀਬ ਲੋਕਾਂ ਕੋਲ ਨਹੀਂ ਪੁੱਜ ਸਕੇ ਜਦੋਂ ਕਿ ਕਾਲਾਬਜਾਰੀ ਕਰਨ ਵਾਲੇ ਲੋਕਾਂ ਕੋਲ ਇਹ ਪਿਆਜ਼ ਅਸਾਨੀ ਨਾਲ ਪਹੁੰਚ ਰਹੇ ਹਨ।

ਅੱਜ ਸਬਜ਼ੀ ਮੰਡੀ ਵਿੱਚ ਪੁੱਜੇ ਪਿਆਜਾਂ ਦੇ ਟਰੱਕ ਸਬੰਧੀ ਆੜਤ ਦਾ ਕੰਮ ਕਰਨ ਵਾਲੇ ਮਹਿੰਦਰ ਕੁਮਾਰ, ਸਿਵ ,ਗੋਰਵ ਵਰਮਾ, ਭੀਮ ਚੰਦ ਅਤੇ ਰੋਸਨ ਗਿਆਨਾ ਨੇ ਦੱਸਿਆ ਕਿ ਪਿਆਜ਼ ਦਾ ਰੇਟ ਅਸਮਾਨ ’ਤੇ ਚੜ੍ਹਿਆ ਹੋਇਆ ਹੈ ਜੋ ਕਿ ਅੱਜ ਹੋਲਸੇਲ ਵਿੱਚ 52 ਰੁਪਏ ਤੋਂ 54 ਰੁਪਏ ਕਿੱਲੋ ਤੱਕ ਵਿਕ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪਿਆਜ ਤਿੰਨ ਰਾਜਾਂ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਵਿੱਚੋਂ ਆਉਂਦੇ ਹਨ ਜੋ ਕਿ ਇੱਥੋ ਤੱਕ ਪੁੱਜਦੇ ਹੋਏ ਇਸ ਰੇਟ ’ਤੇ ਪਹੁੰਚ ਜਾਂਦੇ ਹਨ।

ਇਹ ਵੀ ਪੜ੍ਹੋ: DAP Embezzlement Case: ਡੀਏਪੀ ਦੀ ਜ਼ਮ੍ਹਾਂਖੋਰੀ ਮਾਮਲੇ ’ਚ ਮਾਰਕਫੈੱਡ ਫਿਰੋਜ਼ਪੁਰ ਦੀ ਡੀਐਮ ਤੇ ਐੱਫਐੱਸਓ ਮੁਅੱਤਲ

ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਤਰਾਂ ਸ਼ੋਸਲ ਮੀਡੀਆ ਤੋਂ ਪਤਾ ਲੱਗਿਆ ਹੈ ਕਿ ਕੇਂਦਰ ਸਰਕਾਰ ਨੇ ਗਰੀਬ ਲੋਕਾਂ ਨੂੰ ਸਸਤੇ ਪਿਆਜ਼ ਦੇਣ ਲਈ ਐਨਸੀਸੀਐਫ ਅਤੇ ਐਨਏਐਫਈਡੀ ਅਧੀਨ ਨਿਯਮ ਬਣਾਏ ਗਏ ਹਨ ਜੋ ਕਿ ਇੱਕ ਡੀਲਰ ਨੂੰ 28 ਰੁਪਏ ਪ੍ਰਤੀ ਕਿਲੋ ਪਿਆਜ਼ ਦੀ ਵੰਡ ਕੀਤੀ ਜਾਂਦੀ ਹੈ ਜੋ ਅੱਗੇ ਇੱਕ ਵਿਅਕਤੀ ਨੂੰ ਰਿਟੇਲ ਵਿੱਚ ਅਧਾਰ ਕਾਰਡ ’ਤੇ 35 ਰੁਪਏ ਪ੍ਰਤੀ ਕਿਲੋ ਪਿਆਜ਼ ਦੇਣੇ ਬਣਦੇ ਹਨ ਪਰ ਹਾਲੇ ਤੱਕ ਇਹ ਪਿਆਜ਼ ਕਿਸੇ ਵੀ ਰਾਜ ਵਿੱਚ ਕਿਸੇ ਗਰੀਬ ਨੂੰ ਨਹੀਂ ਮਿਲ ਰਹੇ ਜਦੋਂ ਕਿ ਇਥੇ ਪੁੱਜੇ। ਇਨ੍ਹਾਂ ਪਿਆਜ਼ਾਂ ਦੀਆਂ ਬੋਰੀਆਂ ’ਤੇ ਬਕਾਇਦਾ ਐਨਸੀਸੀਐਫ ਦੀਆਂ ਪਰਚੀਆਂ ਵੀ ਲੱਗੀਆਂ ਹੋਈਆਂ ਹਨ ਜੋ ਕਾਲਾ ਬਾਜਾਰੀ ਕਰਨ ਵਾਲੇ ਲੋਕਾਂ ਕੋਲ ਸ਼ਰੇਆਮ ਪੁੱਜ ਰਹੇ ਹਨ।

ਕਾਲਾਬਜਾਰੀ ਕਰਨ ਵਾਲੇ ਲੋਕਾਂ ਅਤੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ

ਆੜਤੀਆਂ ਨੇ ਦੱਸਿਆ ਕਿ ਇਸ ਦੀ ਕਾਲਾਬਜਾਰੀ ਕਾਫੀ ਸਮੇਂ ਤੋਂ ਚੱਲ ਰਹੀ ਹੈ ਪਰ ਪ੍ਰਸਾਸ਼ਨ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ ਅਤੇ ਨਾ ਹੀ ਕੋਈ ਅਫਸਰ ਮੂੰਹ ਖੋਲ੍ਹਣ ਲਈ ਤਿਆਰ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਕਰਕੇ ਕਾਲਾਬਜਾਰੀ ਕਰਨ ਵਾਲੇ ਲੋਕਾਂ ਅਤੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਗਰੀਬ ਲੋਕਾਂ ਨੂੰ ਮਿਲਣ ਵਾਲੀਆਂ ਵਸਤਾਂ ਉਨ੍ਹਾਂ ਕੋਲ ਪੁੱਜਦੀਆਂ ਹੋ ਸਕਣ। ਜਦੋਂ ਇਸ ਬਾਰੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਦੇ ਰੀਡਰ ਨੇ ਆਖਿਆ ਕਿ ਡਿਪਟੀ ਕਮਿਸ਼ਨਰ ਕਿਸੇ ਕੰਮ ’ਚ ਰੁਝੇ ਹੋਏ ਹਨ ਅਤੇ ਇਸ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਦੇ ਧਿਆਨ ਵਿੱਚ ਲਿਆ ਕੇ ਪਤਾ ਕਰਵਾਇਆ ਜਾਵੇਗਾ। Central Government Onion Scheme

ਓਧਰ ਜਿਲ੍ਹਾ ਫੂਡ ਸਪਲਾਈ ਅਫਸਰ ਮੈਡਮ ਰਵਿੰਦਰ ਕੌਰ ਦਾ ਕਹਿਣਾ ਸੀ ਕਿ ਇਸ ਬਾਰੇ ਮੰਡੀ ਬੋਰਡ ਦੇ ਅਫਸਰ ਹੀ ਕੁਝ ਦੱਸ ਸਕਦੇ ਹਨ, ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਦੱਸ ਦਈਏ ਕਿ ਇਸ ਬਾਰੇ ਜਦੋਂ ਨੈੱਟ ’ਤੇ ਸਰਚ ਕੀਤਾ ਤਾਂ ਇਹ ਸਕੀਮ ਦਿੱਲੀ ਅਤੇ ਮੁੰਬਈ ਵਿੱਚ ਦਿਖਾਈ ਜਾ ਰਹੀ ਹੈ ਪਰ ਇਹ ਪਿਆਜ ਬਠਿੰਡਾ ਵਿਖੇ ਵਪਾਰੀਆਂ ਕੋਲ ਕਿੱਥੋਂ ਤੇ ਕਿਵੇਂ ਪੁੱਜੇ ਹਨ ਇਹ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਕੋਈ ਅਧਿਕਾਰੀ ਦੱਸਣ ਨੂੰ ਤਿਆਰ ਨਹੀਂ ਹੈ।

LEAVE A REPLY

Please enter your comment!
Please enter your name here