Road Accident: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਬੀਤੀ ਰਾਤ ਸੁਨਾਮ-ਮਾਨਸਾ ਸੜਕ ‘ਤੇ ਸਥਾਨਕ ਤਾਜ ਪੈਲੇਸ ਨੇੜੇ ਹੋਏ ਸੜਕ ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਖਬਰ ਹੈ। ਪੁਲਿਸ ਥਾਣਾ ਸ਼ਹਿਰੀ ਸੁਨਾਮ ਦੇ ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਦੱਸਿਆ ਕਿ ਸੁਨਾਮ ਸ਼ਹਿਰ ‘ਚ ਸੈਲੂਨ ਚਲਾਉਣ ਵਾਲੇ ਵਿਨੋਦ ਕੁਮਾਰ ਅਤੇ ਸ਼ੰਕਰ ਨਾਂਅ ਦੇ ਦੋ ਨੌਜਵਾਨ ਬੀਤੀ ਰਾਤ ਕਰੀਬ ਦਸ ਕੁ ਵਜੇ ਸਕੂਟਰੀ ‘ਤੇ ਸ਼ੇਰੋਂ ਕੈਂਚੀਆਂ ਵਿਚ ਇਕ ਢਾਬੇ ‘ਤੇ ਖਾਣਾ ਖਾਣ ਜਾ ਰਹੇ ਸਨ ਕਿ ਸਥਾਨਕ ਤਾਜ ਪੈਲੇਸ ਨੇੜੇ ਅੱਗਿਉਂ ਆ ਰਹੇ ਇਕ ਲੱਕੜ ਦੇ ਭਰੇ ਕੈਂਟਰ ਨੇ ਉਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ।
ਇਹ ਵੀ ਪੜ੍ਹੋ: Jagjit Singh Dallewal: ਕਿਸਾਨ ਆਗੂ ਡੱਲੇਵਾਲ ਨੇ ਤੋੜਿਆ ਮਰਨ ਵਰਤ, ਕਿਸਾਨ ਮਹਾਂਪੰਚਾਇਤ ’ਚ ਕੀਤਾ ਐਲਾਨ
ਜਿਸ ਕਾਰਨ ਵਿਨੋਦ ਕੁਮਾਰ (27) ਪੁੱਤਰ ਸੁਖਦੇਵ ਸਿੰਘ ਵਾਸੀ ਸੁਨਾਮ ਦੀ ਮੌਕੇ ‘ਤੇ ਮੌਤ ਹੋ ਗਈ ਜਦੋਂ ਕਿ ਗੰਭੀਰ ਰੂਪ ਵਿਚ ਜਖਮੀ ਹੋਇਆ ਸ਼ੰਕਰ (22) ਪੁੱਤਰ ਸੁਰਜੀਤ ਰਾਮ ਵਾਸੀ ਸੁਨਾਮ ਵੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਦਮ ਤੋੜ ਗਿਆ। ਸਹਾਇਕ ਥਾਣੇਦਾਰ ਸ਼ਾਮ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ ਕੈਂਟਰ ਕਬਜੇ ਵਿਚ ਲੈ ਲਿਆ ਗਿਆ ਹੈ ਜਦੋਂ ਕਿ ਕੈਂਟਰ ਚਾਲਕ ਫਰਾਰ ਹੋ ਗਿਆ। ਜਿਸ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। Road Accident