ਪੁਲਿਸ ਨੇ ਕੀਤਾ ਪਰਦਾਫਾਸ਼, ਮਹਿੰਗੇ ਭਾਅ ਵੇਚਦੇ ਸਨ ਨਜਾਇਜ਼ ਅਸਲਾ
ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਜ਼ਿਲ੍ਹਾ ਸੰਗਰੂਰ ਦੀ ਪੁਲਿਸ ਨੇ ਅਜਿਹੇ ਦੋ ਅਖੌਤੀ ਪੁਜਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਮੰਦਰਾਂ ‘ਚ ਰਹਿ ਕੇ ਗ਼ੈਰ ਕਾਨੂੰਨੀ ਤੌਰ ‘ਤੇ ਹਥਿਆਰ ਵੇਚਣ ਦੇ ਧੰਦੇ ਨੂੰ ਅੰਜ਼ਾਮ ਦੇ ਰਹੇ ਸਨ। ਪੁਲਿਸ ਨੇ ਦੋਵਾਂ ਪੁਜਾਰੀਆਂ ਤੇ ਇੱਕ ਹੋਰ ਵਿਅਕਤੀ ਨੂੰ 3 ਪਿਸਤੌਲਾਂ ਤੇ ਕਾਰਤੂਸ ਵੀ ਬਰਾਮਦ ਕਰਵਾਏ ਹਨ। ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਅੱਜ ਪੁਲਿਸ ਲਾਈਨਜ਼ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਤਰਾਂ ਤੋਂ ਪਤਾ ਲੱਗਿਆ ਕਿ ਭਗਵਾਨ ਦਾਸ ਉਰਫ ਕਰਨ ਪੁੱਤਰ ਲੇਟ ਰਾਮ ਪ੍ਰਸ਼ਾਦ ਵਾਸੀ ਪਿੰਡ ਸੇਹੀ ਜ਼ਿਲ੍ਹਾ ਮਥੁਰਾ (ਯੂ.ਪੀ.) ਜਿਹੜਾ ਹੁਣ ਸੁਨਾਮ ਦੇ ਠਾਕੁਰ ਦੁਆਰਾ ਮੰਦਿਰ ਦਾ ਪੁਜਾਰੀ ਹੈ ਅਤੇ ਲੇਖ ਰਾਜ ਪੁੱਤਰ ਗਿਰਧਾਰੀ ਲਾਲ ਵਾਸੀ ਪਿੰਡ ਸਹਾਰ ਥਾਣਾ ਬਰਸਾਨਾ ਜਿਲ੍ਹਾ ਮਥੁਰਾ (ਯੂ.ਪੀ.) ਜੋ ਸ਼ਿਵ ਮੰਦਿਰ ਖਡਿਆਲ ਦਾ ਪੁਜਾਰੀ ਹੈ, ਇਹ ਹਥਿਆਰ ਵੇਚਣ ਦਾ ਗੈਰ ਕਾਨੂੰਨੀ ਧੰਦਾ ਕਰਦੇ ਹਨ।
ਉਨ੍ਹਾਂ ਇਨ੍ਹਾਂ ਦੋਵਾਂ ‘ਤੇ ਥਾਣਾ ਦਿੜ੍ਹਬਾ ਵਿਖੇ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬੱਸ ਅੱਡਾ ਪਿੰਡ ਕਾਕੂਵਾਲ ਕੋਲ ਨਾਕਾਬੰਦੀ ਕਰਕੇ ਇਨ੍ਹਾਂ ਨੂੰ ਕਾਬੂ ਕਰ ਲਿਆ। ਭਗਵਾਨ ਦਾਸ ਕੋਲੋਂ ਇੱਕ ਪਿਸਤੌਲ 32 ਬੋਰ ਸਮੇਤ ਦੋ ਰੋਂਦ 32 ਬੋਰ ਜਿੰਦਾ ਅਤੇ ਲੇਖਰਾਜ ਕੋਲੋਂ ਵੀ ਇੱਕ ਪਿਸਤੌਲ 12 ਬੋਰ ਸਮੇਤ ਦੋ ਰੌਂਦ 12 ਬੋਰ ਜਿੰਦਾ ਬਰਾਮਦ ਕਰਵਾਏ ਗਏ ਅਤੇ ਜਿਹੜੇ ਮੋਟਰ ਸਾਈਕਲ ‘ਤੇ ਆ ਰਹੇ ਸਨ, ਉਹ ਤੇ ਜਾਅਲੀ ਨੰਬਰ ਲਾਇਆ ਹੋਇਆ ਸੀ।
ਇਹ ਵੀ ਪੜ੍ਹੋ : ਬਲਾਕ ਬਠੋਈ-ਡਕਾਲਾ ‘ਚ ਕਟੋਰੇ ਰੱਖ ਕੇ ਮਨਾਈ ਸੱਚ ਕਹੂੰ ਦੀ 21ਵੀਂ ਵਰੇਗੰਢ
ਸਿੱਧੂ ਨੇ ਦੱਸਿਆ ਕਿ ਪੁਲਿਸ ਦੀ ਪੁੱਛ ਗਿੱਛ ਉਪਰੰਤ ਇਹ ਗੱਲ ਸਾਹਮਣੇ ਆਈ ਕਿ ਭਗਵਾਨ ਦਾਸ 2007 ਵਿੱਚ ਪਹਿਲੀ ਵਾਰ ਗਊਸ਼ਾਲਾ ਮੰਦਰ ਦਿੜ੍ਹਬਾ ਵਿਖੇ ਆਇਆ ਸੀ, ਉਸ ਤੋਂ ਬਾਅਦ ਇਹ ਮੰਦਰ ਪਿੰਡ ਕਕਰਾਲਾ ਥਾਣਾ ਘੱਗਾ ਵਿੱਚ 8 ਮਹੀਨੇ ਅਤੇ ਠਾਕੁਰ ਦੁਆਰ ਮੰਦਿਰ ਸੁਨਾਮ ਵਿੱਚ 1 ਸਾਲ ਪੁਜਾਰੀ ਰਿਹਾ ਹੈ।ਇਸ ਨੇ ਅਵਤਾਰ ਸਿੰਘ ਉਰਫ ਲਾਲੀ ਵਾਸੀ ਖਡਿਆਲ ਨੂੰ ਇੱਕ ਕੱਟਾ 32 ਬੋਰ ਸਮੇਤ 10 ਰੌਂਦ ਦਿੱਤੇ ਸੀ, ਉਸ ਤੋਂ ਬਾਅਦ ਭਗਵਾਨ ਦਾਸ ਨੇ ਇੱਕ ਕੱਟਾ 315 ਬੋਰ ਰਾਜੂ ਵਾਸੀ ਮਹਿਲਾਂ ਕੋਠੇ ਅਤੇ ਇੱਕ ਕੱਟਾ 315 ਬੋਰ ਅਕਾਸ਼ ਵਾਸੀ ਸੰਗਰੂਰ ਨੂੰ ਦਿੱਤਾ ਸੀ।
ਉਨ੍ਹਾਂ ਦੱਸਿਆ ਕਿ ਲੇਖਰਾਜ ਵੀ 2007 ਵਿੱਚ ਪਹਿਲੀ ਵਾਰ ਬ੍ਰਹਮਸ਼ਰਾ ਮੰਦਿਰ ਸੁਨਾਮ ਵਿੱਚ ਆਇਆ ਸੀ ਜਿੱਥੇ ਇਹ ਕਰੀਬ 5 ਸਾਲ ਰਿਹਾ ਉਸ ਤੋਂ ਬਾਅਦ ਇਹ ਉਪਲੀ ਚੱਠੇ ਮੰਦਿਰ ਵਿੱਚ ਕਰੀਬ 3 ਸਾਲ ਰਿਹਾ। ਉਸ ਤੋਂ ਬਾਅਦ ਕਰੀਬ 3 ਸਾਲ ਤੋਂ ਇਹ ਸ਼ਿਵ ਮੰਦਿਰ ਖਡਿਆਲ ਵਿਖੇ ਰਹਿ ਰਿਹਾ ਹੈ। ਲੇਖਰਾਜ ਨੇ ਲਖਵਿੰਦਰ ਸਿੰਘ ਉਰਫ ਲੱਖੀ ਵਾਸੀ ਮਹਿਲਾਂ ਚੌਂਕ ਨੂੰ ਇੱਕ ਪਿਸਤੌਲ 12 ਬੋਰ, ਇੱਕ ਪਿਸਤੌਲ 30 ਬੋਰ ਦਿੱਤੇ ਸੀ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਨੇ ਅਵਤਾਰ ਸਿੰਘ ਉਰਫ ਲਾਲੀ ਪੁੱਤਰ ਗੁਰਜੰਟ ਸਿੰਘ ਵਾਸੀ ਲਸ਼ਕਰੀ ਪੱਤੀ, ਖਡਿਆਲ ਥਾਣਾ ਛਾਜਲੀ ਨੂੰ ਗ੍ਰਿਫਤਾਰ ਕਰਕੇ ਇੱਕ ਪਿਸਤੌਲ 32 ਬੋਰ ਸਮੇਤ ਦੋ ਰੋਂਦ 32 ਬੋਰ ਬਰਾਮਦ ਕਰਵਾਏ ਗਏ। ਅਵਤਾਰ ਸਿੰਘ ਨੇ ਇਹ ਪਿਸਤੌਲ ਵੀ ਭਗਵਾਨ ਦਾਸ ਪਾਸੋਂ ਖਰੀਦਿਆ ਸੀ।