ਬਾਕੀ ਨਰਸਾਂ ਵੱਲੋਂ ਹੇਠਾਂ ਦਿੱਤਾ ਧਰਨਾ, ਪੁਲਿਸ ਪ੍ਰਸ਼ਾਸਨ ‘ਚ ਭਾਜੜ ਮੱਚੀ | Medical College
- ਸ਼ਾਮ ਤੱਕ ਛੱਤ ‘ਤੇ ਹੀ ਸਨ ਨਰਸਾਂ | Medical College
ਪਟਿਆਲਾ, (ਖੁਸ਼ਵੀਰ ਸਿੰਘ ਤੂਰ/ਸੱਚ ਕਹੂੰ ਨਿਊਜ਼)। ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਦੇ ਰਾਹ ਪਈਆਂ ਨਰਸਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਉਸ ਸਮੇਂ ਭਾਜੜ ਪਾ ਦਿੱਤੀ ਜਦੋਂ ਜਥੇਬੰਦੀ ਦੀਆਂ ਦੋ ਕਾਰਕੁੰਨਾਂ ਮੈਡੀਕਲ ਕਾਲਜ ਦੀ ਸਿਖਰਲੀ ਮੰਜਿਲ ‘ਤੇ ਚੜ੍ਹ ਗਈਆਂ। ਇੱਧਰ ਹੋਰ ਨਰਸਾਂ ਵੱਲੋਂ ਮੈਡੀਕਲ ਕਾਲਜ ਅੱਗੇ ਆਪਣਾ ਧਰਨਾ ਲਾ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਉਂਜ ਰਜਿੰਦਰਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਹੇਠਾਂ ਉਤਾਰਨ ਦਾ ਯਤਨ ਕੀਤਾ ਗਿਆ, ਪਰ ਇਹ ਆਪਣੀਆਂ ਮੰਗਾਂ ਸਬੰਧੀ ਅੜੀਆਂ ਰਹੀਆਂ। (Medical College)
ਜਾਣਕਾਰੀ ਅਨੁਸਾਰ ਨਰਸਿੰਗ ਸਟਾਫ ਰਾਜਿੰਦਰਾ ਹਸਪਤਾਲ, ਟੀ.ਵੀ. ਹਸਪਤਾਲ, ਮੈਡੀਕਲ ਕਾਲਜ ਪਟਿਆਲਾ ਅਤੇ ਅੰਮ੍ਰਿਤਸਰ ਦੇ ਸਾਰੇ ਕੰਟਰੈਕਟ ਨਰਸਿੰਗ ਸਟਾਫ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਆਪਣੀਆਂ ਮੰਗਾਂ ਲਈ ਸੰਘਰਸ਼ ਅਰੰਭਿਆ ਹੋਇਆ ਹੈ ਅਤੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਲਾਰਿਆਂ ਵਿੱਚ ਹੀ ਸਾਰਿਆ ਜਾ ਰਿਹਾ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਦੋ ਨਰਸਾਂ, ਜਿਨ੍ਹਾਂ ਵਿੱਚ ਜਥੇਬੰਦੀ ਦੀ ਚੇਅਰਪਰਸਨ ਸੰਦੀਪ ਕੌਰ ਬਰਨਾਲਾ ਅਤੇ ਬਲਜੀਤ ਕੌਰ ਮਾਨਸਾ ਮੈਡੀਕਲ ਕਾਲਜ਼ ਦੀ ਸਿਖਰਲੀ ਮੰਜਿਲ ਦੀ ਮੰਮਟੀ ‘ਤੇ ਚੜ੍ਹ ਗਈਆਂ।
ਇਸ ਦੌਰਾਨ ਇਹ ਦੋਵੇਂ ਜਣੀਆਂ ਕੜਕਦੀ ਧੁੱਪ ਵਿੱਚ ਉਪਰ ਹੀ ਡਟੀਆਂ ਰਹੀਆਂ ਅਤੇ ਸਰਕਾਰ ਖਿਲਾਫ਼ ਆਪਣਾ ਰੋਹ ਪ੍ਰਗਟਾਉਂਦੀਆਂ ਰਹੀਆਂ। ਇੱਧਰ ਦੂਜੀਆਂ ਨਰਸਾਂ ਵੱਲੋਂ ਮੈਡੀਕਲ ਕਾਲਜ ਦੇ ਹੇਠਾਂ ਆਪਣਾ ਧਰਨਾ ਲਾ ਦਿੱਤਾ ਗਿਆ ਅਤੇ ਮੰਗਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਾਹਨਤਾਂ ਪਾਉਂਦੀਆਂ ਰਹੀਆਂ। ਉਂਜ ਇਸ ਦੌਰਾਨ ਮੈਡੀਕਲ ਕਾਲਜ ਦੇ ਪਿੰ੍ਰਸੀਪਲ ਸਮੇਤ ਹੋਰਨਾ ਪੁਲਿਸ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਭਰੋਸਾ ਦੇ ਕੇ ਉੱਤਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ ਪਰ ਉਹ ਆਪਣੀਆਂ ਮੰਗਾਂ ਮੰਨੇ ਜਾਣ ‘ਤੇ ਬਜਿੱਦ ਰਹੀਆਂ।
ਇਹ ਵੀ ਪੜ੍ਹੋ : ਗੈਂਗਸਟਰ ਕੁਲਦੀਪ ਜਘੀਨਾ ਦਾ ਦਿਨ-ਦਿਹਾੜੇ ਕਤਲ, ਬਦਮਾਸ਼ਾਂ ਨੇ ਮਾਰੀਆਂ ਗੋਲੀਆਂ
ਇਸ ਮੌਕੇ ਜਥੇਬੰਦੀ ਦੀ ਪ੍ਰਧਾਨ ਕਰਮਜੀਤ ਕੌਰ ਔਲਖ ਨੇ ਕਿਹਾ ਕਿ ਜੇਕਰ ਸਾਡੀ 33 ਫੀਸਦੀ ਇੰਕਰੀਮੈਂਟ ਦੀ ਮੰਗ ਨੂੰ ਜਲਦੀ ਲਾਗੂ ਨਾ ਕੀਤਾ ਗਿਆ ਤਾਂ ਉਹ ਇਸ ਤੋਂ ਵੀ ਵੱਡਾ ਐਕਸ਼ਨ ਲੈਣਗੀਆਂ। ਉਨ੍ਹਾਂ ਕਿਹਾ ਕਿ ਸਾਡੀ ਰੈਗੂਲਰ ਵਾਲੀ ਮੰਗ ਨੂੰ ਸਰਕਾਰ ਵੱਲੋਂ ਅਜੇ ਵਕਤ ਲੱਗਣ ਦੀ ਗੱਲ ਆਖੀ ਜਾ ਰਹੀ ਹੈ ਪਰ ਉਹ ਆਪਣੀ ਇੰਕਰੀਮੈਂਟ ਵਾਲੀ ਮੰਗ ਮੰਨਵਾ ਕੇ ਹੀ ਲੈਣਗੀਆਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹੁਣ ਸੁਨੇਹਾ ਮਿਲਿਆ ਹੈ ਕਿ ਡੀਆਰਐਮਈ ਵੱਲੋਂ ਇੱਕ ਲੈਟਰ ਚੰਡੀਗੜ੍ਹ ਤੋਂ ਭੇਜਿਆ ਜਾ ਰਿਹਾ ਹੈ , ਜਿਸ ਨੂੰ ਦੇਖ ਕੇ ਉਹ ਆਪਣਾ ਅਗਲਾ ਕਦਮ ਚੁੱਕਣਗੀਆਂ। ਖਬਰ ਲਿਖਣ ਤੱਕ ਸ਼ਾਮ 7 ਵਜੇ ਉਕਤ ਨਰਸਾਂ 9 ਘੰਟਿਆਂ ਤੋਂ ਉੱਪਰ ਹੀ ਚੜ੍ਹੀਆਂ ਹੋਈਆਂ ਸਨ। ਇਸ ਮੌਕੇ ਵੱਡੀ ਗਿਣਤੀ ਨਰਸਾਂ ਅਤੇ ਹੋਰ ਸਟਾਫ਼ ਮੌਜੂਦ ਸੀ ।
ਛੋਟੀ ਬੱਚੀ ਮਾਂ ਲਈ ਤਰਸੀ | Medical College
ਬਿਲਡਿੰਗ ਉੱਪਰ ਚੜ੍ਹੀ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਉਸਦੀ ਡੇਢ ਸਾਲ ਦੀ ਬੇਟੀ ਮਾਂ-ਮਾਂ ਪੁਕਾਰ ਰਹੀ ਹੈ ਪਰ ਉਹ ਆਪਣੇ ਪੇਟ ਲਈ ਉੱਪਰ ਡਟੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬੇਟੀਆਂ ‘ਤੇ ਤਰਸ ਨਹੀਂ ਆ ਰਿਹਾ, ਜਿਸ ਕਰਕੇ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣਾ ਪੈ ਰਿਹਾ ਹੈ। ਉਸ ਨੇ ਕਿਹਾ ਕਿ ਉਹ ਆਪਣੀ ਮੰਗ ਪੂਰੀ ਕਰਵਾ ਕੇ ਹੀ ਦਮ ਲੈਣਗੀਆਂ।