Tragic Accident: (ਜਸਵੰਤ ਰਾਏ) ਜਗਰਾਓਂ। ਜਗਰਾਓਂ ਦੇ ਟਰੱਕ ਯੂਨੀਅਨ ਕੋਲ ਤੜਕਸਾਰ ਕਰੀਬ ਤਿੰਨ ਵਜੇ ਇੱਕ ਵੱਟਿਆ ਨਾਲ ਭਰਿਆ ਟਰੱਕ ਅਚਾਨਕ ਬੇਕਾਬੂ ਹੋ ਕੇ ਇੱਕ ਝੁੱਗੀ ’ਤੇ ਪਲਟ ਕੇ ਡਿੱਗ ਪਿਆ, ਝੁੱਗੀ ਵਿੱਚ ਰਹਿੰਦੇ ਪਰਿਵਾਰ ਦੇ 6 ਮੈਂਬਰਾਂ ਦੇ ਵਿੱਚੋਂ ਮਾਸੂਮ ਭੈਣ-ਭਰਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬੁੱਧਵਾਰ ਤੜਕੇ ਕਰੀਬ ਤਿੰਨ ਵਜੇ ਸਿੱਧਵਾਂ ਬੇਟ ਸਾਈਡ ਤੋਂ ਪੱਥਰਾਂ ਨਾਲ ਭਰਿਆ ਟਰੱਕ ਇੱਕ ਝੋਂਪੜੀ ’ਤੇ ਜਾ ਪਲਟਿਆ। ਉਸ ਝੋਂਪੜੀ ਵਿੱਚ ਖਿਡਾਉਣੇ ਵੇਚਣ ਵਾਲੇ ਮਜ਼ਦੂਰ ਝੋਂਪੜੀ ਪਾ ਕੇ ਬੱਚਿਆਂ ਸਮੇਤ ਰਹਿ ਰਹੇ ਸਨ। ਟਰੱਕ ਦੇ ਪਲਟਣ ਨਾਲ ਲਪੇਟ ਵਿੱਚ ਆਏ ਦੋ ਮਾਸੂਮ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ ਜਦਕਿ ਦੋ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: Sad News: ਅਵਾਰਾ ਪਸ਼ੂ ਨਾਲ ਟੱਕਰ ਕਾਰਨ ਨੌਜਵਾਨ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ
ਇਸ ਦਰਦਨਾਕ ਹਾਦਸੇ ਵਿੱਚ ਟਰੱਕ ਦੇ ਪੱਥਰਾਂ ਹੇਠ ਆਏ ਸੱਤ ਸਾਲਾ ਬੱਚੀ ਪਿੰਕੀ ਅਤੇ ਪੰਜ ਸਾਲਾ ਉਸਦਾ ਭਰਾ ਗੋਪਾਲ ਦੀ ਮੌਤ ਹੋ ਗਈ। ਜਦ ਕਿ ਦੋ ਬੱਚਿਆਂ ਨੂੰ ਦੋ ਘੰਟੇ ਦੀ ਜੱਦੋ-ਜਹਿਦ ਕਰਦਿਆਂ ਪੱਥਰ ਪਾਸੇ ਕਰਕੇ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਹਾਦਸੇ ਦੌਰਾਨ ਟਰੱਕ ਵਿੱਚ ਫਸਿਆ ਡਰਾਈਵਰ ਟਰੱਕ ਦਾ ਅਗਲਾ ਸ਼ੀਸ਼ਾ ਤੋੜ ਕੇ ਫਰਾਰ ਹੋ ਗਿਆ। ਪੁਲਿਸ ਪਾਰਟੀ ਸਮੇਤ ਮੋਕੇ ’ਤੇ ਪੁੱਜੇ ਥਾਣਾ ਸਦਰ ਦੇ ਇੰਚਾਰਜ ਸੁਰਜੀਤ ਵੱਲੋਂ ਜਾਂਚ ਕਰਦਿਆਂ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ ਅਤੇ ਹਾਦਸੇ ’ਚ ਜ਼ਖਮੀ ਹੋਏ ਬਾਕੀ ਮੈਂਬਰਾਂ ਨੂੰ ਵੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪੁਲਿਸ ਅਨੁਸਾਰ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋਏ ਟਰੱਕ ਚਾਲਕ ਅਤੇ ਉਸ ਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ।














