ਦੋ ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ
ਸੰਗਰੂਰ, ਸੱਚ ਕਹੂੰ ਨਿਊਜ਼
ਮੱਧ ਪ੍ਰਦੇਸ਼ ਤੋਂ ਲਿਆ ਕੇ ਪੰਜਾਬ ‘ਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲੇ 2 ਵਿਅਕਤੀਆਂ ਨੂੰ ਜੀਆਰਪੀ ਪੁਲਿਸ ਸੰਗਰੂਰ ਨੇ ਕਾਬੂ ਕਰਕੇ ਉਨ੍ਹਾਂ ਪਾਸੋਂ 2 ਪਿਸਤੌਲ ਅਤੇ 1 ਰਿਵਾਲਵਰ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸੰਗਰੂਰ ਰੇਲਵੇ ਚੌਕੀ ਦੇ ਇੰਚਾਰਜ਼ ਚਰਨਦੀਪ ਸਿੰਘ ਨੇ ਦੱਸਿਆ 15 ਅਗਸਤ ਦੇ ਮੱਦੇਨਜ਼ਰ ਰੇਲਵੇ ਪੁਲਿਸ ਵੱਲੋਂ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਦੌਰਾਨ ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਵਿਅਕਤੀ ਉੱਭਾਵਾਲ ਫਾਟਕ ਖਾਲੀ ਸ਼ੈਲਰ ਦੇ ਨਜ਼ਦੀਕ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਬੈਠੇ ਯੋਜਨਾ ਬਣਾ ਰਹੇ ਹਨ। ਜਿਸ ‘ਤੇ ਕਾਰਵਾਈ ਕਰਦਿਆਂ ਏਐਸਆਈ ਹਰਦੇਵ ਸਿੰਘ, ਏਐਸਆਈ ਇੰਦਰਜੀਤ ਸਿੰਘ ਅਤੇ ਏਐਸਆਈ ਜਗਜੀਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਛਾਪਾਮਾਰੀ ਕਰਕੇ ਉਕਤ ਦੋਵਾਂ ਵਿਅਕਤੀਆਂ ਐਸਰਾਮ ਪੁੱਤਰ ਸੁਖਲਾਲ ਡੁਡਵੇ ਨਿਵਾਸੀ ਨਵਾਂ ਬਿਲਵਾ (ਮੱਧ ਪ੍ਰਦੇਸ਼) ਅਤੇ ਗੋਗੀ ਸਿੰਘ ਪੁੱਤਰ ਤਰਸੇਮ ਸਿੰਘ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜੇ ਵਿਚੋਂ 2 ਪਿਸਤੌਲ ਦੇਸੀ 32 ਬੋਰ ਸਮੇਤ 4 ਮੈਗਜੀਨ ਅਤੇ ਇਕ ਰਿਵਾਲਵਰ 32 ਬੋਰ ਅਤੇ 9 ਕਾਰਤੂਸ ਬਰਾਮਦ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਐਸ ਰਾਮ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ ਤੋਂ ਇਹ ਹਥਿਆਰ ਨਰਿੰਦਰ ਸਿੰਘ ਨਾਮਕ ਵਿਅਕਤੀ ਤੋਂ ਲੈ ਕੇ ਪੰਜਾਬ ਵਿੱਚ ਸਪਲਾਈ ਕਰਨ ਆਇਆ ਸੀ। ਇਸ ਸਪਲਾਈ ਦੇ ਬਦਲੇ ਉਸਨੂੰ 5 ਹਜ਼ਾਰ ਰੁਪਏ ਮਿਲਦੇ ਹਨ। ਉਹ ਇਹ ਹਥਿਆਰ ਗੋਗੀ ਸਿੰਘ ਨੂੰ ਦੇਣ ਆਇਆ ਸੀ ਅਤੇ ਫੜਿਆ ਗਿਆ। ਇਸ ਤੋਂ ਇਲਾਵਾ ਫੜਿਆ ਗਿਆ ਵਿਅਕਤੀ ਗੋਗੀ ਪਹਿਲਾਂ ਵੀ 2015 ਵਿਚ ਥਾਣਾ ਤਲਵੰਡੀ ਸਾਬੋ ਵਿਖੇ ਲੁੱਟ-ਖੋਹ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਰਿਹਾ ਅਤੇ ਹੁਣ ਉਹ ਜ਼ਮਾਨਤ ਤੇ ਆਇਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਵਿਅਕਤੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।