ਲੁਧਿਆਣਾ ਨੇੜੇ ਫੌਜੀ ਵਰਦੀਆਂ ਨਾਲ ਭਰੇ ਦੋ ਬੈਗ ਬਰਾਮਦ ਹੋਏ

ਪਠਾਣੀ ਸਲਵਾਰਾਂ ਤੇ ਨੰਬਰ ਪਲੇਟਾਂ ਮਿਲੀਆਂ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ

(ਰਾਮ ਗੋਪਾਲ ਰਾਏਕੋਟੀ) ਲੁਧਿਆਣਾ । ਲਾਢੋਵਾਲ ਨੇੜਲੇ ਪਿੰਡ ਤਲਵੰਡੀ ਵਿੱਚ ਐਤਵਾਰ ਦੀ ਰਾਤ ਨੂੰ ਖੇਤਾਂ ਵਿੱਚੋਂ ਦੋ ਬੈਗ ਮਿਲਣ ਕਾਰਨ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਉਹਨਾਂ ਵਿੱਚੋਂ ਪੰਜ ਫੌਜੀ ਵਰਦੀਆਂ, ਕੁਝ ਪਠਾਣੀ ਸਲਵਾਰਾਂ ਤੇ ਕੁਝ ਨੰਬਰ ਪਲੇਟਾਂ ਮਿਲੀਆਂ ਹਨ। ਇੱਕ ਕਿਸਾਨ ਜਦੋਂ ਆਪਣੇ ਖੇਤ ‘ਚ ਪਾਣੀ ਲਾਉਣ ਗਿਆ ਤਾਂ ਉਸ ਨੇ ਆਪਣੇ ਖੇਤ ‘ਚ ਦੋ ਬੈਗ ਪਏ ਦੇਖੇ ਤਾਂ ਉਸ ਨੂੰ ਹੈਰਾਨੀ ਹੋਈ ਤੇ ਉਸ ਨੇ ਇਸ ਸਬੰਧੀ ਆਲੇ-ਦੁਆਲੇ ਦੱਸਿਆ ਤੇ ਸਾਬਕਾ ਸਰਪੰਚ ਹੰਸ ਰਾਜ ਨੇ ਪੁਲਿਸ ਨੂੰ ਸੂਚਿਤ ਕੀਤਾ ।

ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਬੈਗਾਂ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਪੰਜ ਫੌਜੀ ਵਰਦੀਆਂ, ਕੁਝ ਪਠਾਣੀ ਸਲਵਾਰਾਂ ਅਤੇ ਨੰਬਰ ਪਲੇਟਾਂ ਮਿਲੀਆਂ ਜਿਸ ਨਾਲ ਮਾਮਲਾ ਸ਼ੱਕੀ ਬਣ ਗਿਆ। ਇਸ ਸਬੰਧੀ ਪਿੰਡ ਵਾਲਿਆਂ ਤੋਂ ਪੁੱਛਿਆ ਗਿਆ ਪਰ ਕਿਸੇ ਨੇ ਇਸ ਸਬੰਧੀ ਕੁਝ ਨਾ ਦੱਸਿਆ ਕਿ ਕਿਹੜਾ ਆਇਆ ਤੇ ਕੌਣ ਇਹ ਬੈਗ ਰੱਖ ਕੇ ਗਿਆ ਹੈ। ਜਿਸ ਜਗ੍ਹਾ ਤੋਂ ਬੈਗ ਮਿਲੇ ਹਨ ਉਹ ਰੇਲਵੇ ਲਾਈਨ ਤੋਂ ਸਿਰਫ਼ 400 ਮੀਟਰ ਦੀ ਦੂਰੀ ‘ਤੇ ਹੈ, ਜਿਸ ਕਾਰਨ ਪੁਲਿਸ ਕੋਈ ਅਣਗਹਿਲੀ ਦੇ ਰੌਂਅ ‘ਚ ਨਹੀਂ ਹੈ। ਜਿਸ ਕਾਰਨ ਪਿੰਡ ‘ਚ ਘਰ-ਘਰ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਤੇ ਇਲਾਕੇ ਦੀ ਘੇਰਾਬੰਦੀ ਕਰਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਪੁਲਿਸ ਦੀ ਤਲਾਸ਼ੀ ਦੌਰਾਨ ਅਜੇ ਤੱਕ ਕੋਈ ਸ਼ੱਕੀ ਵਿਅਕਤੀ ਦੀ ਉੱਘ-ਸੁੱਘ ਨਹੀਂ ਲੱਗੀ ਹੈ। ਇਸ ਸਬੰਧੀ ਪੁਲਿਸ ਕੋਈ ਠੋਸ ਜਾਣਕਾਰੀ ਨਹੀਂ ਦੇ ਰਹੀ ਪੰ੍ਰਤੂ ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਇਸ ਸਬੰਧੀ ਕੇਂਦਰੀ ਏਜੰਸੀਆਂ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਸੂਤਰਾਂ ਅਨੂਸਾਰ ਪੁਲਿਸ ਪੁਖਤਾ ਜਾਣਕਾਰੀ ਹਾਸਲ ਕਰ ਰਹੀ ਹੈ ਕਿਉਂਕਿ ਇਸ ਇਲਾਕੇ ‘ਚ ਕਈ ਨਸ਼ਾ ਤਸਕਰ ਵੀ ਸਰਗਰਮ ਹਨ ਤੇ ਪੁਲਿਸ ਇਹ ਵੀ ਪੱਕਾ ਕਰਨਾ ਚਾਹੁੰਦੀ ਹੈ ਕਿ ਇਹ ਕਿਸੇ ਦੀ ਸ਼ਰਾਰਤ ਨਾ ਹੋਵੇ। ਪੰ੍ਰਤੂ ਪੁਲਿਸ ਦੀਆਂ ਵਰਦੀਆਂ ਤੇ ਪਠਾਨੀ ਸਲਵਾਰਾਂ ਆਦਿ ਮਿਲਣ ਕਾਰਨ ਮਾਮਲਾ ਗੰਭੀਰ ਬਣਿਆ ਹੋਇਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ