Heroin Seizure In Punjab: ਤਲਾਸ਼ੀ ਦੌਰਾਨ ਕਾਰ ‘ਚੋਂ ਹੈਰੋਇਨ ਤੇ ਡਰੱਗ ਮਨੀ ਸਮੇਤ 2 ਵਿਅਕਤੀ ਕਾਬੂ

Heroin Seizure In Punjab
ਮੁਲਜ਼ਮਾਂ ਕੋਲੋਂ ਬਰਾਮਦ ਕੀਤੀ ਹੈਰੋਇਨ ਤੇ ਡਰੱਗ ਮਨੀ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਪਿਛਲੇ ਦਿਨੀ 3 ਨਸ਼ਾ ਤਸਕਰਾ ਦੀ ਆਈ-20 ਕਾਰ ਵਿੱਚੋ 150 ਗ੍ਰਾਮ ਹੈਰੋਇਨ, ਡਰੱਗ ਮਨੀ ਅਤੇ ਕੰਪਿਊਟਰ ਕੰਡਾ ਸੀ

Heroin Seizure In Punjab: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਐਸ.ਐਸ.ਪੀ ਫ਼ਰੀਦਕੋਟ ਦੇ ਨਿਰਦੇਸ਼ਾਂ ਅਧੀਨ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਇੱਕ ਹੋਰ ਸਫਲਤਾ ਹਾਸਿਲ ਕਰਦਿਆਂ ਥਾਣਾ ਸਿਟੀ ਕੋਟਕਪੂਰਾ ਨੇ 02 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਅਤੇ 80 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਜਤਿੰਦਰ ਸਿੰਘ ਡੀ.ਐਸ.ਪੀ (ਸਬ-ਡਵੀਜਨ) ਕੋਟਕਪੂਰਾ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਖੁਸ਼ਪ੍ਰੀਤ ਸਿੰਘ ਉਰਫ ਗੋਲੂ ਅਤੇ ਵਿਸ਼ਾਲ ਕੁਮਾਰ ਉਰਫ ਸ਼ਾਲੂ ਵਜੋਂ ਹੋਈ ਹੈ, ਦੋਵੇਂ ਮੁਲਜ਼ਮ ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਇਲਾਕੇ ਨਾਲ ਸਬੰਧ ਰੱਖਦੇ ਹਨ।

ਪੁਲਿਸ ਟੀਮਾਂ ਨੇ ਮੁਲਜ਼ਮਾਂ ਕੋਲੋਂ ਇੱਕ ਹਾਡਾ ਸਿਟੀ ਕਾਰ ਵੀ ਬਰਾਮਦ ਕੀਤੀ ਗਈ ਹੈ। ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਪੁਲਿਸ ਪਾਰਟੀ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੇ ਸਬੰਧ ਵਿੱਚ ਬਠਿੰਡਾ ਰੋਡ ਤੋਂ ਦਾਣਾ ਮੰਡੀ ਦੀ ਬੈਕਸਾਈਡ ਜਾਂਦੀ ਸੜਕ ’ਤੇ ਜਾ ਰਹੇ ਸੀ ਤਾਂ ਸਾਹਮਣੇ ਤੋਂ 1 ਹਾਡਾ ਸਿਟੀ ਕਾਰ ਰੰਗ ਚਿੱਟਾ ਨੰਬਰ ਡੀ ਐੱਲ -3 ਸੀ ਏ ਜੈਡ -9900 ਆਉਂਦੀ ਦਿਖਾਈ ਦਿੱਤੀ, ਜਿਸ ਨੂੰ ਲਾਈਟਾਂ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਨੂੰ ਤੇਜ਼ ਕਰ ਲਿਆ, ਜਿਸ ’ਤੇ ਪੁਲਿਸ ਪਾਰਟੀ ਨੇ ਉਸ਼ ਕਾਰ ਦਾ ਪਿੱਛਾ ਕਰਕੇ ਸਰਕਾਰੀ ਗੱਡੀ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ, ਜਿਸ ’ਤੇ ਸ਼ੱਕ ਦੇ ਆਧਾਰ ’ਤੇ ਮੁਲਜ਼ਮਾਂ ਦੀ ਤਲਾਸ਼ੀ ਕੀਤੀ ਤਾਂ ਕਾਰ ਦੇ ਡੈਸ਼ਬੋਰਡ ਵਿੱਚੋਂ 50 ਗ੍ਰਾਮ ਹੈਰੋਇਨ ਅਤੇ 80 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਹੋਈ।

ਇਹ ਵੀ ਪੜ੍ਹੋ:  Haryana Monsoon: ਵੇਖ ਲਵੋ ਘੱਗਰ ਦੀ ਤਾਜ਼ਾ ਤਸਵੀਰ… ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ਤੇ ਪਿੰਡਾਂ ’ਚ ਵਧਿਆ ਹੜ੍ਹ …

ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿੱਚ ਮੁਕੱਦਮਾ ਨੰਬਰ 159 ਅਧੀਨ ਧਾਰਾ 21(ਬੀ)/61/85 ਐਨ.ਡੀ.ਪੀ.ਐਸ ਐਕਟ ਦਰਜ ਰਜਿਸਟਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨਸ਼ਾ ਤਸਕਰ ਨਸ਼ੇ ਦੀ ਤਸਕਰੀ ਲਈ ਵਾਹਨਾਂ, ਖ਼ਾਸ ਕਰਕੇ ਕਾਰਾਂ ਦੀ ਵਰਤੋਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਹ ਮਾਮਲਾ ਕੋਈ ਇਕੱਲਾ ਘਟਨਾ ਨਹੀਂ, ਕਿਉਂਕਿ ਫ਼ਰੀਦਕੋਟ ਪੁਲਿਸ ਨੇ ਹਾਲ ਹੀ ‘ਚ ਹੋਰ ਵੀ ਕਈ ਅਜਿਹੇ ਕੇਸਾਂ ਵਿੱਚ ਮੁਲਜ਼ਮਾਂ ਨੂੰ ਕਾਰਾਂ ਸਮੇਤ ਕਾਬੂ ਕੀਤਾ ਹੈ। ਇਹ ਸਾਫ਼ ਦਰਸਾਉਂਦਾ ਹੈ ਕਿ ਨਸ਼ਾ ਤਸਕਰ ਵਾਹਨਾਂ ਦੀ ਆੜ ਲੈ ਕੇ ਤਸਕਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਪ੍ਰੰਤੂ ਫਰੀਦਕੋਟ ਪੁਲਿਸ ਉਨ੍ਹਾਂ ਦੀ ਹਰ ਚਾਲ ‘ਤੇ ਪੈਨੀ ਨਿਗਾਹ ਰੱਖਦੇ ਹੋਏ ਅਜਿਹੀਆਂ ਗਤੀਵਿਧੀਆਂ ਨੂੰ ਨਾਕਾਮ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਪੁਲਿਸ ਰਿਮਾਂਡ ਦੌਰਾਨ ਹੋ ਸਕਦੇ ਹਨ ਹੋਰ ਵੀ ਖੁਲਾਸੇ

ਤਫਤੀਸ਼ ਦੌਰਾਨ ਮੁਲਜ਼ਮਾਂ ਦੇ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਮੁਲਜ਼ਮ ਖੁਸ਼ਪ੍ਰੀਤ ਸਿੰਘ ਉਰਫ ਗੋਲੂ ਦਾ ਪਿਛੋਕੜ ਕ੍ਰਿਮੀਨਲ ਹੈ, ਉਸਦੇ ਖਿਲਾਫ ਕਤਲ ਦੀ ਕੋਸ਼ਿਸ, ਅਸਲਾ ਐਕਟ ਅਤੇ ਹੋਰ ਸੰਗੀਨ ਧਾਰਾਵਾ ਤਹਿਤ ਮੁਕੱਦਮੇ ਦਰਜ ਰਜਿਸਟਰ ਹਨ। ਉਕਤ ਮੁਕੱਦਮੇ ਵਿੱਚ ਗ੍ਰਿਫਤਾਰ ਵਿਅਕਤੀਆਂ ਨੂੰ ਮਾਨਯੋਗ ਅਦਲਾਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਤਾਂ ਜੋ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋਂ ਇਲਾਵਾ ਮੁਲਜ਼ਮਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਚ ਕੀਤੀ ਜਾ ਰਹੀ ਹੈ। Heroin Seizure In Punjab