ਪੰਜਾਬ ’ਚ ਸਰਕਾਰੀ ਨੌਕਰੀ ਭਰਤੀ ਲਈ ਦੋ ਏਜੰਸੀਆਂ, ਦੋਵੇਂ ਹੀ ਪੱਕੇ ਚੇਅਰਮੈਨ ਤੋਂ ਖਾਲੀ

Government job

ਪੀਪੀਐੱਸਸੀ ਦੇ ਚੇਅਰਮੈਨ ਦਾ ਕਾਰਜਭਾਰ ਮੈਂਬਰ ਕੋਲ ਅਤੇ ਐੱਸਐੱਸਐੱਸ ਬੋਰਡ ’ਚ ਆਈਏਐੱਸ ਤੈਨਾਤ | Government job

ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਰਕਾਰੀ ਨੌਕਰੀ ਲਈ ਭਰਤੀ ਕਰਨ ਲਈ ਪੰਜਾਬ ਵਿੱਚ ਕੰਮ ਕਰਨ ਵਾਲੀਆਂ ਦੋ ਸਰਕਾਰੀ ਏਜੰਸੀਆਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਕੋਲ ਹੀ ਪੱਕਾ ਚੇਅਰਮੈਨ ਨਹੀਂ ਹੈ। ਪੰਜਾਬ ਸਰਕਾਰ ਪਿਛਲੇ ਡੇਢ ਸਾਲ ਦੌਰਾਨ ਐੱਸਐੱਸਐੱਸ ਬੋਰਡ ਵਿੱਚ ਨਾ ਹੀ ਚੇਅਰਮੈਨ ਲਾ ਸਕੀ ਹੈ ਅਤੇ ਨਾ ਹੀ ਇਸ ਬੋਰਡ ਅਧੀਨ ਕੰਮ ਕਰਨ ਵਾਲੇ ਮੈਂਬਰਾਂ ਦੀ ਚੋਣ ਕਰ ਸਕੀ, ਜਿਸ ਕਾਰਨ ਇੱਕ ਪਿ੍ਰੰਸੀਪਲ ਸਕੱਤਰ ਰੈਂਕ ਦੇ ਅਧਿਕਾਰੀ ਨੂੰ ਇਸ ਐੱਸਐੱਸਐੱਸ ਬੋਰਡ ਦਾ ਚੇਅਰਮੈਨ ਲਗਾਇਆ ਹੋਇਆ ਹੈ। (Government job)

ਹਾਲਾਂਕਿ ਪਿ੍ਰੰਸੀਪਲ ਸਕੱਤਰ ਕ੍ਰਿਸ਼ਨ ਕੁਮਾਰ ਦੀ ਕਾਰਗੁਜ਼ਾਰੀ ’ਤੇ ਕੋਈ ਸੁਆਲੀਆ ਨਿਸ਼ਾਨ ਨਹੀਂ ਹੈ ਅਤੇ ਉਨ੍ਹਾਂ ਨੂੰ ਇਮਾਨਦਾਰ ਅਧਿਕਾਰੀਆ ਦੀ ਲਿਸਟ ਵਿੱਚ ਸਭ ਤੋਂ ਉੱਪਰ ਰੱਖਿਆ ਜਾਂਦਾ ਹੈ ਪਰ ਐੱਸਐੱਸਐੱਸ ਬੋਰਡ ਦੇ ਸੰਵਿਧਾਨ ਅਨੁਸਾਰ ਬੋਰਡ ਆਫ਼ ਮੈਂਬਰਜ਼ ਹੋਣਾ ਜ਼ਰੂਰੀ ਹੈ। ਇਸ ਲਈ ਇਸ ਬੋਰਡ ਵਿੱਚ 11 ਦੇ ਲਗਭਗ ਮੈਂਬਰ ਤੇ ਇੱਕ ਚੇਅਰਮੈਨ ਸਿਆਸੀ ਤੌਰ ’ਤੇ ਹੀ ਲਾਇਆ ਜਾਂਦਾ ਹੈ। ਇਸ ਦੇ ਨਾਲ ਹੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵਿੱਚ ਪ੍ਰੋਸੋਨਲ ਵਿਭਾਗ ਵੱਲੋਂ ਚੋਣ ਅਮਲ ਮੁਕੰਮਲ ਕਰਦੇ ਹੋਏ ਵਿਰੋਧੀ ਧਿਰ ਤੇ ਰਾਜਪਾਲ ਦੀ ਮਨਜ਼ੂਰੀ ਨਾਲ ਹੀ ਚੇਅਰਮੈਨ ਲਾਇਆ ਜਾਣਾ ਵੀ ਜ਼ਰੂਰੀ ਹੈ ਪਰ ਇਸ ਸਮੇਂ ਦੋਵੇਂ ਸਰਕਾਰੀ ਨੌਕਰੀ ਦੇਣ ਵਾਲੇ ਅਦਾਰਿਆਂ ਕੋਲ ਆਪਣਾ ਹੀ ਪੱਕੇ ਤੌਰ ’ਤੇ ਚੇਅਰਮੈਨ ਨਹੀਂ ਹੈ।

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ ਦੀ ਪੋਸਟ ਇਸੇ ਸਾਲ ਮਾਰਚ ਵਿੱਚ ਖ਼ਾਲੀ ਹੋ ਗਈ ਸੀ, ਜਿਸ ਤੋਂ ਬਾਅਦ ਇਸ ਪੀਪੀਐੱਸਸੀ ਦੇ ਚੇਅਰਮੈਨ ਦੇ ਅਹੁਦੇ ’ਤੇ ਕਮਿਸ਼ਨ ਦੇ ਹੀ ਮੈਂਬਰ ਡਾ. ਜਮੀਤ ਕੌਰ ਤੇਜੀ ਨੂੰ ਕਾਰਜਕਾਰੀ ਚੇਅਰਮੈਨ ਲਾਇਆ ਹੋਇਆ ਹੈ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਚੇਅਰਮੈਨ ਲਈ ਯੋਗ ਵਿਅਕਤੀ ਦੀ ਭਾਲ ਕਰਨੀ ਵੀ ਸ਼ੁਰੂ ਕੀਤੀ ਹੋਈ ਹੈ ਪਰ ਪਿਛਲੇ 6 ਮਹੀਨਿਆਂ ਦੌਰਾਨ ਹੁਣ ਤੱਕ ਪੰਜਾਬ ਸਰਕਾਰ ਪੀਪੀਐੱਸਸੀ ਲਈ ਇੱਕ ਯੋਗ ਚੇਅਰਮੈਨ ਹੀ ਨਹੀਂ ਭਾਲ ਸਕੀ, ਜਿਸ ਕਾਰਨ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੂੰ ਕਾਰਜਕਾਰੀ ਚੇਅਰਮੈਨ ਦੇ ਸਹਾਰੇ ਹੀ ਕੰਮ ਚਲਾਉਣਾ ਪੈ ਰਿਹਾ ਹੈ।

ਡੇਢ ਸਾਲ ਤੋਂ ਐੱਸਐੱਸਐੱਸ ਬੋਰਡ ’ਚ ਮੈਂਬਰ ਤੇ ਚੇਅਰਮੈਨ ਨਹੀਂ ਲਗਾ ਸਕੀ ਐ ਆਪ ਸਰਕਾਰ

ਇਸੇ ਤਰੀਕੇ ਨਾਲ ਹੀ ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵਿੱਚ ਇੱਕ ਚੇਅਰਮੈਨ ਅਤੇ 11 ਦੇ ਲਗਭਗ ਮੈਂਬਰ ਬਣਾਏ ਜਾਂਦੇ ਹਨ। ਜਿਹੜੇ ਕਿ ਰਾਜਨੀਤਕ ਤੌਰ ’ਤੇ ਮੁੱਖ ਮੰਤਰੀ ਵੱਲੋਂ ਚੋਣ ਕਰਦੇ ਹੋਏ ਤੈਨਾਤ ਕੀਤੇ ਜਾਂਦੇ ਹਨ। ਇਹ ਬੋਰਡ ਆਫ਼ ਮੈਂਬਰਜ਼ ਹਰ ਮਹੀਨੇ ਮੀਟਿੰਗ ਕਰਦੇ ਹੋਏ ਭਰਤੀ ਲਈ ਹਰ ਫੈਸਲਾ ਕਰਦੇ ਹਨ ਤਾਂ ਐੱਸਐੱਸਐੱਸ ਬੋਰਡ ਦਾ ਸਕੱਤਰ ਇਸ ਮੀਟਿੰਗ ਵਿੱਚ ਹੋਏ ਫੈਸਲੇ ਨੂੰ ਲਾਗੂ ਕਰਦਾ ਹੈ। ਆਮ ਤੌਰ ’ਤੇ ਬੋਰਡ ਵਿੱਚ ਸਕੱਤਰ ਪੀਸੀਐੱਸ ਅਧਿਕਾਰੀ ਲਗਾਇਆ ਜਾਂਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਐੱਸਐੱਸਐੱਸ ਬੋਰਡ ਦਾ ਸਕੱਤਰ ਆਈਏਐੱਸ ਅਧਿਕਾਰੀ ਚਲਦਾ ਆ ਰਿਹਾ ਹੈ ਤਾਂ ਪਿ੍ਰੰਸੀਪਲ ਸਕੱਤਰ ਦੇ ਰੈਂਕ ਵਾਲੇ ਆਈਏਐੱਸ ਅਧਿਕਾਰੀ ਕ੍ਰਿਸ਼ਨ ਕੁਮਾਰ ਨੂੰ ਇਸ ਦਾ ਚੇਅਰਮੈਨ ਲਗਾਇਆ ਹੋਇਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ

ਜਾਣਕਾਰੀ ਅਨੁਸਾਰ ਭਾਰਤੀ ਸੰਵਿਧਾਨ ਦੇ ਆਰਟੀਕਲ 320 ਦੇ ਤਹਿਤ ਪੰਜਾਬ ਸਰਕਾਰ ਦੇ ਸਰਕਾਰੀ ਵਿਭਾਗਾਂ ਵਿੱਚ ਅਧਿਕਾਰੀਆਂ ਅਤੇ ਮੁੁਲਾਜ਼ਮਾਂ ਦੀ ਭਰਤੀ ਕਰਨ ਲਈ ਸਰਕਾਰ ਵੱਲੋਂ ਬਕਾਇਦਾ ਤੌਰ ’ਤੇ 2 ਭਰਤੀ ਅਦਾਰਿਆਂ ਦਾ ਗਠਨ ਕੀਤਾ ਹੋਇਆ ਹੈ, ਜਿਨ੍ਹਾਂ ਵਿੱਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਕੈਟਾਗਿਰੀ ਏ ਅਤੇ ਬੀ ਕਲਾਸ ਦੇ ਅਧਿਕਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ, ਜਦੋਂ ਕਿ ਅਧੀਨ ਸੇਵਾਵਾ ਚੋਣ ਬੋਰਡ ਵੱਲੋਂ ਕੈਟਾਗਿਰੀ ਸੀ ਅਤੇ ਡੀ ਦੇ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਅਧੀਨ ਆਉਂਦੇ ਹਰ ਤਰ੍ਹਾਂ ਦੇ ਵਿਭਾਗ ਵੱਲੋਂ ਕੈਟਾਗਿਰੀ ਅਨੁਸਾਰ ਇਨ੍ਹਾਂ ਦੋਵਾਂ ਸੰਸਥਾ ਨੂੰ ਹੀ ਅਧਿਕਾਰੀ ਤੇ ਮੁਲਾਜ਼ਮਾਂ ਦੀ ਭਰਤੀ ਕਰਨ ਲਈ ਲਿਖਿਤ ਵਿੱਚ ਭੇਜਿਆ ਜਾਂਦਾ ਹੈ, ਜਿਸ ਤੋਂ ਬਾਅਦ ਇਹ ਦੋਵੇਂ ਅਦਾਰੇ ਉਸ ਵਿਭਾਗ ਲਈ ਅਧਿਕਾਰੀ ਤੇ ਮੁਲਾਜ਼ਮਾਂ ਦੀ ਭਰਤੀ ਅਮਲ ਨੂੰ ਮੁਕੰਮਲ ਕਰਦੇ ਹਨ।