ਔਟਵਾ | ਕਿਊਬਾ ‘ਚ ਕਿਸੇ ਅਣਜਾਣ ਮਾਨਸਿਕ ਬਿਮਾਰੀ ਤੋਂ ਪੀੜਤ ਕੈਨੇਡੀਅਨ ਰਾਜਦੂਤਾਂ ਨੇ ਬੀਤੇ ਦਿਨੀਂ ਕੈਨੇਡਾ ਸਰਕਾਰ ‘ਤੇ ਇਹ ਦੋਸ਼ ਲਾਉਂਦਿਆਂ ਮੁਕੱਦਮਾ ਠੋਕਿਆ ਸੀ ਕਿ ਬਿਮਾਰੀ ਸਮੇਂ ਕੈਨੇਡੀਅਨ ਸਰਕਾਰ ਨੇ ਬਹੁਤ ਦੇਰੀ ਨਾਲ ਕਾਰਗੁਜ਼ਾਰੀ ਦਿਖਾਈ ਸੀ ਤੇ ਉਨ੍ਹਾਂ ਨੂੰ ਲੋੜੀਂਦੀਆਂ ਮੈਡੀਕਲ ਸਹੂਲਤਾਂ ਵੀ ਮੁਹੱਈਆ ਨਹੀਂ ਹੋਈਆਂ ਸਨ। ਇਸ ਤੋਂ ਅਗਲੇ ਦਿਨ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੀ ਸਰਕਾਰ ਦਾ ਬਚਾਅ ਕੀਤਾ। ਉਨ੍ਹਾਂ ਕਿਹਾ ਕਿ ਇਸ ਗੱਲ ‘ਚ ਕੋਈ ਦੋ ਰਾਏ ਨਹੀਂ ਹੈ ਕਿ ਸਾਡੇ ਰਾਜਦੂਤਾਂ ਨੂੰ ਕਿਊਬਾ ‘ਚ ਅਣਜਾਣ ਦਿਮਾਗੀ ਬਿਮਾਰੀ ਦਾ ਸਾਹਮਣਾ ਕਰਨਾ ਪਿਆ ਸੀ। ਕੈਨੇਡਾ ਤੇ ਕਿਊਬਾ ਵੱਲੋਂ ਅਧਿਕਾਰੀਆਂ ਨੂੰ ਡਾਕਟਰੀ ਤੇ ਮੈਡੀਕਲ ਸਹੂਲਤਾਂ ਪ੍ਰਦਾਨ ਕੀਤੀਆਂ ਗਈਆਂ ਸਨ, ਜਿਨ੍ਹਾਂ ‘ਚ ਅਜਿਹੀਆਂ ਬਿਮਾਰੀਆਂ ਦੇ ਲੱਛਣ ਪਾਏ ਗਏ ਸੀ।
ਜਦੋਂ ਤੋਂ ਇਹ ਬਿਮਾਰੀ ਸਾਹਮਣੇ ਆਈ ਹੈ, ਉਦੋਂ ਤੋਂ ਹੀ ਸਾਡੀ ਸਰਕਾਰ ਇਸ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਰਹੀ ਹੈ ਤੇ ਅੱਗੇ ਵੀ ਅਸੀਂ ਇਹ ਗੱਲ ਯਕੀਨੀ ਬਣਾਉਂਦੇ ਹਾਂ ਕਿ ਦੁਨੀਆ ਦੇ ਕਿਸੇ ਵੀ ਕੋਨੇ ‘ਚ ਸਾਡੇ ਜਿਹੜੇ ਕੈਨੇਡੀਅਨ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ, ਸਾਡੀ ਸਰਕਾਰ ਉਨ੍ਹਾਂ ਦੀ ਸਿਹਤ ਸੰਭਾਲ ਸਬੰਧੀ ਲੋੜਾਂ ਪੂਰੀਆਂ ਕਰਵਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਨੇ ਓਨਟਾਰੀਓ ਫੇਰੀ ਦੌਰਾਨ ਕੀਤਾ। ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਸਾਡੀ ਸਰਕਾਰ ਹੁਣ ਵੀ ਇਸ ਬਿਮਾਰੀ ਤੋਂ ਨਿਜਾਤ ਪਾਉਣ ਲਈ ਕਿਊਬਾ ਦੀਆਂ ਸਥਾਨਕ ਅਥਾਰਟੀਜ਼ ਦੇ ਸੰਪਰਕ ‘ਚ ਹੈ। ਜ਼ਿਕਰਯੋਗ ਹੈ ਕਿ ਟਰੂਡੋ ਦਾ ਬਿਆਨ ਉਸ ਵੇਲੇ ਆਇਆ, ਜਦੋਂ ਇਸ ਬਿਮਾਰੀ ਤੋਂ ਪੀੜਤ ਕਿਊਬਾ ‘ਚ ਸੇਵਾਵਾਂ ਦੇ ਚੁੱਕੇ 14 ਰਾਜਦੂਤਾਂ ਨੇ ਆਪਣੇ ਪਰਿਵਾਰਾਂ ਸਮੇਤ ਸਰਕਾਰ ਵਿਰੁੱਧ 28 ਮਿਲੀਅਨ ਕੈਨੇਡੀਅਨ ਡਾਲਰਾਂ ਦੇ ਮੁਆਵਜ਼ੇ ਦਾ ਮੁਕੱਦਮਾ ਦਰਜ ਕਰਵਾਇਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।