Trident Cup 2021: ਬਰਨਾਲਾ ਟੀਮ ਦੀ ਮਾਨਸਾ ਦੀ ਟੀਮ ’ਤੇ ਸ਼ਾਨਦਾਰ ਜਿੱਤ
ਮਾਨਸਾ/ ਬਰਨਾਲਾ, (ਜਸਵੀਰ ਸਿੰਘ ਗਹਿਲ) ਟਰਾਈਡੈਂਟ ਗਰੁੱਪ (Trident Group) ਦੇ ਚੇਅਰਮੈਨ ਤੇ ਪੀਸੀਏ ਦੇ ਪ੍ਰਧਾਨ ਪਦਮ ਸ੍ਰੀ ਰਜਿੰਦਰ ਗੁਪਤਾ ਦੇ ਭਰਵੇਂ ਯਤਨਾਂ ਸਦਕਾ ਟਰਾਈਡੈਂਟ ਗਰੁੱਪ ਵੱਲੋਂ ਪੀਐਲਏ ਦੇ ਸਹਿਯੋਗ ਨਾਲ ਕਰਵਾਏ ਗਏ ਪਹਿਲੇ ਟਰਾਈਡੈਂਟ ਕੱਪ ਵਨ- ਡੇ ਟੂਰਨਾਮੈਂਟ ਦਾ ਅਗਾਜ਼ ਹੋਇਆ। ਜਿਸ ’ਚ ਬਰਨਾਲਾ ਦੀ ਕ੍ਰਿਕਟ ਟੀਮ ਨੇ ਮਾਨਸਾ ਦੀ ਟੀਮ ਉਪਰ ਧਮਾਕੇਦਾਰ ਜਿੱਤ ਪ੍ਰਾਪਤ ਕੀਤੀ।
ਟੂਰਨਾਮੈਂਟ ਪ੍ਰਬੰਧਕਾਂ ਮੁਤਾਬਕ ਮਾਨਸਾ ਦੇ ਖਾਲਸਾ ਸਕੂਲ ਵਿੱਚ ਖੇਡੇ ਗਏ ਵਨ- ਡੇ ਮੈਚ ਵਿੱਚ ਮਾਨਸਾ ਨੂੰ ਬਰਨਾਲਾ ਦੀ ਟੀਮ ਨੇ 9 ਵਿਕਟਾਂ ਨਾਲ ਹਰਾ ਕੇ ਆਪਣਾ ਪਹਿਲਾ ਲੀਗ ਮੈਚ ਜਿੱਤਿਆ। ਜਿਸ ਤਹਿਤ ਬਰਨਾਲਾ ਦੇ ਗੇਂਦਬਾਜਾਂ ਨੇ ਮਾਨਸਾ ਦੇ ਕਿਸੇ ਵੀ ਬੱਲੇਬਾਜ਼ ਨੂੰ ਟਿਕਣ ਨਹੀ ਦਿੱਤਾ ਤੇ ਸਾਰੀ ਟੀਮ ਸਿਰਫ਼ 41 ਓਵਰਾਂ ਵਿੱਚ 179 ਦੌੜਾਂ ’ਤੇ ਹੀ ਆਊਟ ਹੋ ਗਈ। ਮੈਚ ਦੌਰਾਨ ਬਰਨਾਲਾ ਟੀਮ ਦੀ ਤਰਫ਼ੋ ਮਨਦੀਪ ਇੰਦਰ ਨੇ 86 ਤੇ ਵੀਨਸ ਗਰਗ ਨੇ 58 ਦੌੜਾਂ ’ਤੇ ਨਾਟ ਆਊਟ ਰਹਿ ਕੇ ਸ਼ਾਨਦਾਰ ਪਾਰੀ ਖੇਡੀ।
ਮਨਦੀਪ ਇੰਦਰ ਨੂੰ ਉਸਦੀ ਵਧੀਆ ਖੇਡ ਲਈ ਮੈਨ ਆਫ਼ ਦਾ ਮੈਚ ਐਲਾਨਿਆ ਗਿਆ। ਮਾਨਸਾ ਵੱਲੋਂ ਹਰਪ੍ਰੀਤ ਸ਼ਰਮਾ ਨੇ ਵੀ ਵਧੀਆ ਕਾਰਗੁਜ਼ਾਰੀ ਪੇਸ਼ ਕਰਦਿਆ 67 ਦੌੜਾਂ ਬਣਾਈਆਂ, ਬਰਨਾਲਾ ਟੀਮ ਵੱਲੋਂ ਲੋਕੇਸ ਕੁਮਾਰ ਨੇ 3, ਹਰਸ਼ਦੀਪ ਸ਼ੈਰੀ ਨੇ 2 ਅਤੇ ਹਵਨੀਤ ਸਿੰਘ ਨੇ 2 ਵਿਕਟਾਂ ਲਈਆਂ। ਇਸ ਸਕੋਰ ਨੂੰ ਬਰਨਾਲਾ ਟੀਮ ਨੇ ਸਿਰਫ਼ 1 ਵਿਕਟ ਦੇ ਨੁਕਸਾਨ ਨਾਲ 28.5 ਓਵਰਾਂ ’ਚ ਹੀ ਪੂਰਾ ਕਰਦਿਆਂ ਜਿੱਤ ਪ੍ਰਾਪਤ ਕੀਤੀ। ਪ੍ਰਬੰਧਕਾਂ ਮੁਤਾਬਕ ਬਰਨਾਲਾ ਦਾ ਅਗਲਾ ਮੈਚ ਸੰਗਰੂਰ ਵਿਖੇ 9 ਫਰਵਰੀ ਨੂੰ ਖੇਡਿਆ ਜਾਵੇਗਾ।
ਪ੍ਰਬੰਧਕਾਂ ਮੁਤਾਬਕ ਅੱਜ ਮੁਕਤਸਰ ਅਤੇ ਫ਼ਿਰੋਜਪੁਰ ਦਾ ਮੈਚ ਮੁਕਤਸਰ ਵਿਖੇ ਹੋਇਆ ਜਿੱਥੇ ਮੁਕਤਸਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ, ਫਰੀਦਕੋਟ ਅਤੇ ਫਾਜਲਿਕਾ ਦਾ ਮੈਚ ਫਰੀਦਕੋਟ ਵਿਖੇ ਹੋਇਆ ਇਸ ਵਿੱਚ ਫਰੀਦਕੋਟ ਨੇ ਫਾਜਿਲਿਕਾ ਨੂੰ ਹਰਾਇਆ। ਬਠਿੰਡਾ ਅਤੇ ਸੰਗਰੂਰ ਦਾ ਮੈਚ ਬਠਿੰਡਾ ਵਿਖੇ ਹੋਇਆ ਜਿਸ ਵਿੱਚ ਬਠਿੰਡਾ ਦੀ ਟੀਮ ਨੇ ਬੜੇ ਹੀ ਨੇੜਲੇ ਮੁਕਾਬਲੇ ਵਿੱਚ ਸੰਗਰੂਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ।
ਟਰਾਈਡੈਂਟ ਗਰੁੱਪ ਦੇ ਐਡਮਿਨ ਸ੍ਰੀ ਰੁਪਿੰਦਰ ਗੁਪਤਾ ਨੇ ਦੱਸਿਆ ਕਿ ਪੰਜਾਬ ਦੀ ਕ੍ਰਿਕਟ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਟਰਾਈਡੈਂਟ ਗਰੁੱਪ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਕੁੱਲ 15 ਜ਼ਿਲਿਆਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਉਨਾਂ ਦੱਸਿਆ ਕਿ ਇੰਨਾਂ ਟੂਰਨਾਮੈਂਟਾਂ ’ਤੇ ਲੱਗਭਗ 30 ਲੱਖ ਰੁਪਏ ਖਰਚਾ ਆਵੇਗਾ। ਉਨਾਂ ਬਰਨਾਲਾ ਟੀਮ ਨੂੰ ਵਧਾਈ ਦਿੰਦਿਆਂ ਖਿਡਾਰੀਆਂ ਤੇ ਕੋਚ ਕਾਕਾ ਸਿੰਘ ਸਮੇਤ ਸਪੋਰਟਿੰਗ ਸਟਾਫ਼ ਦੀ ਵੀ ਸਲਾਘਾ ਵੀ ਕੀਤੀ।
ਉਨਾਂ ਦੱਸਿਆ ਕਿ ਇਹ ਟੂਰਨਾਮੈਂਟ 7 ਫਰਵਰੀ ਤੋਂ 18 ਫਰਵਰੀ 2021 ਤੱਕ ਚੱਲਣਗੇ, ਜਿੰਨਾਂ ਦੀ ਪਹਿਲੀ ਜੇਤੂ ਟੀਮ ਨੂੰ ਡੇਢ ਲੱਖ ਰੁਪਏ, ਦੂਜਾ ਇੱਕ ਲੱਖ ਰੁਪਏ ਅਤੇ ਤੀਜੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 50 ਹਜਾਰ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੈਨ ਆਫ਼ ਦਾ ਸ਼ੀਰੀਜ ਨੂੰ 21 ਹਜਾਰ, ਬੈਸਟ ਬਾਲਰ, ਬੈਸਟ ਬੈਸਟ ਮੈਨ, ਬੈਸਟ ਕੀਪਰ ਅਤੇ ਬੈਸਟ ਫੀਲਡਰ ਨੂੰ 11-11 ਹਜਾਰ ਰੁਪਏ ਦੇ ਨਗਦ ਇਨਾਮ ਦਿੱਤੇ ਜਾਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.