ਕਿਹਾ, 250 ਹਸਪਤਾਲ 46 ਲੱਖ ਲੋਕਾਂ ਲਈ ਨਾਕਾਫੀ
- ਸ਼੍ਰੋਮਣੀ ਅਕਾਲੀ ਦਲ ਨੇ ਸਰਬੱਤ ਸਿਹਤ ਬੀਮਾ ਸਕੀਮ ਨੂੰ ਦੱਸਿਆ ਲੋਕਾਂ ਨਾਲ ਠੱਗੀ
- ਅਕਾਲੀ-ਭਾਜਪਾ ਸਰਕਾਰ ਦੀ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀਆਂ ਕੀਤੀਆਂ ਸਿਫਤਾਂ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਬਹੁਤ ਹੀ ਚਲਾਕੀ ਨਾਲ ਸੂਬੇ ਦੇ 46 ਲੱਖ ਪਰਿਵਾਰਾਂ ਨਾਲ ਠੱਗੀ ਮਾਰ ਗਈ ਤੇ ਕਿਸੇ ਨੂੰ ਪਤਾ ਤੱਕ ਨਹੀਂ ਚੱਲਿਆ ਹੈ। ਇਹ ਠੱਗੀ ਸਰਬੱਤ ਸਿਹਤ ਬੀਮਾ ਯੋਜਨਾ ਰਾਹੀਂ ਪੰਜਾਬ ਸਰਕਾਰ ਨੇ ਆਮ ਲੋਕਾਂ ਨਾਲ ਮਾਰੀ ਹੈ, ਜਿਨ੍ਹਾਂ ਨੂੰ ਸਰਕਾਰੀ ਖ਼ਰਚੇ ‘ਤੇ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਰਵਾਉਣ ਦਾ ਲਾਲੀਪੌਪ ਤਾਂ ਹੱਥ ਵਿੱਚ ਥਮਾ ਦਿੱਤਾ ਗਿਆ ਹੈ ਪਰ ਇਹ ਸਿਹਤ ਬੀਮਾ ਹੋਣ ਦੇ ਬਾਵਜ਼ੂਦ 124 ਗੰਭੀਰ ਬਿਮਾਰੀਆਂ ਦੇ ਇਲਾਜ ਕਿਸੇ ਚੰਗੇ ਪ੍ਰਾਈਵੇਟ ਹਸਪਤਾਲ ਦੀ ਬਜਾਇ ਸਹੂਲਤਾਂ ਤੋਂ ਅਧੂਰੇ ਤੇ ਡਾਕਟਰਾਂ ਦੀ ਭਾਰੀ ਘਾਟ ਨਾਲ ਜੂਝ ਰਹੇ ਸਰਕਾਰੀ ਹਸਪਤਾਲਾਂ ‘ਚ ਹੀ ਹੋਏਗਾ। (Treatment)
ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਡਾ. ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਦੇ ਨਾਂਅ ਜਾਰੀ ਬਿਆਨ ‘ਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਇਨ੍ਹਾਂ 124 ਬਿਮਾਰੀਆਂ ਦੀ ਲਿਸਟ ‘ਚ ਇਹ ਹਦਾਇਤ ਕੀਤੀ ਗਈ ਹੈ ਕਿ ਐਮਰਜੈਂਸੀ ਹਾਲਾਤ ਵਿੱਚ ਪਹਿਲਾਂ ਮਰੀਜ਼ ਨੂੰ ਸਰਕਾਰੀ ਸਿਹਤ ਕੇਂਦਰ ਹੀ ਜਾਣਾ ਪਵੇਗਾ ਤੇ ਉੱਥੇ ਜੇਕਰ ਡਾਕਟਰ ਲਿਖ ਕੇ ਦੇਵਾਗਾ ਕਿ ਸਾਡੇ ਕੋਲ ਇਲਾਜ ਦੀ ਸਹੂਲਤ ਨਹੀਂ ਤਾਂ ਫਿਰ ਉਸ ਮਰੀਜ਼ ਨੂੰ ਉਸ ਤੋਂ ਉਪਰਲੇ ਸਰਕਾਰੀ ਹਸਪਤਾਲ ‘ਚ ਭੇਜਿਆ ਜਾਵੇਗਾ। ਇਸ ਲਈ ਸਿਰਫ਼ ਰੈਫਰ ਕਰਵਾਉਣ ਲਈ ਮਰੀਜ਼ ਨੂੰ ਸਾਰੀ ਰਾਤ ਹਸਪਤਾਲ ‘ਚ ਬਿਨਾਂ ਇਲਾਜ ਤੋਂ ਤੜਫਣਾ ਪਵੇਗਾ। (Treatment)
ਇਹ ਵੀ ਪੜ੍ਹੋ : ਚੰਡੀਗੜ੍ਹ ’ਚ ਵਰਕਸ਼ਾਪ ਨੂੰ ਲੱਗੀ ਭਿਆਨਕ ਅੱਗ, 8-10 ਗੱਡੀਆਂ ਸੜ ਕੇ ਸੁਆਹ
ਉਨ੍ਹਾਂ ਕਿਹਾ ਕਿ ਸਾਰੀ ਜਨਰਲ ਸਰਜਰੀ, ਹਾਈ ਰਿਸਕ ਡਿਲੀਵਰੀ, ਸਾਈਜੈਰੀਅਨ ਸੈਕਸ਼ਨ ਤੇ ਬੱਚੇਦਾਨੀ ਕੱਢਣ ਆਦਿ ਦੇ ਅਪਰੇਸ਼ਨ ਵੀ ਸਰਕਾਰੀ ਸਿਹਤ ਕੇਂਦਰਾਂ ਤੱਕ ਹੀ ਸੀਮਤ ਕਰ ਦਿੱਤੇ ਗਏ ਹਨ। ਕਿਹਾ ਸਾਰੇ ਮਾਨਸਿਕ ਰੋਗਾਂ ਦੇ ਇਲਾਜ ਨੂੰ ਸਰਕਾਰੀ ਹਸਪਤਾਲਾਂ ਦੇ ਇਲਾਜ ਦੀ ਲਿਸਟ ਵਿੱਚ ਪਾ ਦਿੱਤਾ ਗਿਆ ਹੈ ਜਦੋਂ ਕਿ ਪੰਜਾਬ ਸਰਕਾਰ ਕੋਲ ਨਸ਼ਿਆਂ ਦੀ ਸਮੱਸਿਆ ਤੋਂ ਨਜਿੱਠਣ ਲਈ ਵੀ ਮਨੋਰੋਗ ਵਿਭਾਗ ਦੇ ਡਾਕਟਰ ਪੂਰੀ ਗਿਣਤੀ ‘ਚ ਮੌਜੂਦ ਨਹੀਂ। (Treatment)
ਡਾ. ਚੀਮਾ ਨੇ ਅੱਗੇ ਕਿਹਾ ਕਿ ਬਜ਼ੁਰਗਾਂ ਦੇ ਚਿੱਟੇ ਅਤੇ ਕਾਲੇ ਮੋਤੀਏ ਦੇ ਆਪ੍ਰੇਸ਼ਨ ਤੇ ਅੱਖਾਂ ਦੀਆਂ ਹੋਰ ਗੰਭੀਰ ਬਿਮਾਰੀਆਂ ਨੂੰ ਵੀ ਸਰਕਾਰੀ ਹਸਪਤਾਲਾਂ ਦੀ ਸੁਚੀ ਵਿੱਚ ਪਾ ਦਿੱਤਾ ਗਿਆ ਹੈ ਜਦੋਂ ਕਿ ਅੱਖਾਂ ਦੇ ਮਾਹਿਰ ਡਾਕਟਰਾਂ ਦੀ ਸਰਕਾਰੀ ਹਸਪਤਾਲਾਂ ਵਿੱਚ ਵੱਡੀ ਘਾਟ ਹੈ। ਉਹਨਾਂ ਕਿਹਾ ਕਿ 46 ਲੱਖ ਕਾਰਡ ਹੋਲਡਰ ਪਰਿਵਾਰਾਂ ਨੂੰ 250 ਸਰਕਾਰੀ ਸਿਹਤ ਕੇਂਦਰਾਂ ਦੇ ਲੜ ਲਾ ਕੇ ਸਰਕਾਰ ਉਹਨਾਂ ਨਾਲ ਬਹੁਤ ਵੱਡੀ ਬੇਇਨਸਾਫ਼ੀ ਕਰ ਰਹੀ ਹੈ। ਉਹਨਾਂ ਕਿਹਾ ਕਿ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਵਿੱਚ ਭਾਵੇਂ ਇਲਾਜ ਦੀ ਸੀਮਾ ਪੰਜਾਹ ਹਜ਼ਾਰ ਤੱਕ ਸੀ ਪਰ ਇਹ ਮਰੀਜ਼ ਦੀ ਆਪਣੀ ਮਰਜ਼ੀ ‘ਤੇ ਨਿਰਭਰ ਕਰਦਾ ਸੀ ਕਿ ਭਾਵੇਂ ਉਹ ਸਰਕਾਰੀ ਹਸਪਤਾਲ ਚਲਾ ਜਾਵੇ ਉਹ ਪ੍ਰਾਈਵੇਟ ਹਸਪਤਾਲਾਂ ਵਿੱਚ। ਅਖੀਰ ਵਿੱਚ ਡਾ. ਚੀਮਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਸਰਕਾਰੀ ਹਸਪਤਾਲ ਤੋਂ ਰੈਫਰ ਕਰਾਉਣ ਦੀ ਸ਼ਰਤ ਤੁਰੰਤ ਵਾਪਸ ਲਵੇ ਤਾਂ ਜੋ ਮਰੀਜ਼ ਆਪਣੀ ਇੱਛਾ ਅਨੁਸਾਰ ਵਧੀਆਂ ਤੋਂ ਵਧੀਆਂ ਥਾਂ ਤੋਂ ਆਪਣਾ ਸਹੀ ਇਲਾਜ ਕਰਵਾ ਸਕਣ।