ਕੇਂਦਰ ਵੱਲੋਂ ਕਣਕ ਦੇ ਖਰੀਦ ਮੁੱਲ ਵਿੱਚ ਕੀਤੀ ਕਟੌਤੀ ਦੀ ਨਿਖੇਧੀ
(ਰਜਨੀਸ਼ ਰਵੀ) ਫਾਜ਼ਿਲਕਾ । ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਚਾਰ ਘੰਟੇ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ। ਕੇਂਦਰ ਸਰਕਾਰ ਵੱਲੋਂ ਬੇਮੌਸਮੀ ਬਰਸਾਤ ਤੇ ਗੜੇਮਾਰੀ ਕਾਰਨ ਸੁੰਗੜੀ ਅਤੇ ਬਦਰੰਗ ਹੋਈ ਕਣਕ ਦੇ ਖਰੀਦ ਮੁੱਲ ਵਿੱਚ ਪ੍ਰਤੀ ਕੁਇੰਟਲ ਵੱਡੀ ਕਟੌਤੀ ਲਗਾਉਣ ਕਾਰਨ ਕਿਸਾਨਾਂ ਨੇ ਰੋਸ ਵਜੋਂ ਚੱਕਾ ਜਾਮ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚਾ ਦੇ ਪੰਜਾਬ ਚੈਪਟਰ ਨੇ ਕੇਂਦਰ ਸਰਕਾਰ ਦੇ ਇਸ ਫੈਸਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਟੌਤੀ ਦੀ ਰਕਮ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਦੇ ਐਲਾਨ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ ਵੀ ਕੀਤੀ । (Fazilka News)
ਕਿਸਾਨ ਆਗੂਆ ਜਿਹਨਾਂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਡਾ. ਸੁਖਚੈਨ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ ਲਾਧੂਕਾ, ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨਾਂ ਦੀ ਜਿੱਤ ਲਈ ਲੜੇ ਗਏ ਇਤਿਹਾਸਕ ਕਿਸਾਨ ਘੋਲ ਵਿੱਚ ਪੰਜਾਬ ਵੱਲੋਂ ਨਿਭਾਈ ਗਈ ਮੋਹਰੀ ਭੂਮਿਕਾ ਕਾਰਨ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ-ਮਜ਼ਦੂਰਾਂ ਦੀ ਭਲਾਈ ਦੇ ਨਾਂ ਹੇਠ ਚੁੱਕੇ ਜਾਣ ਵਾਲੇ ਹਰ ਕਦਮ ਵਿੱਚ ਆਪਣੇ ਕਾਰਪੋਰੇਟ ਮਿੱਤਰਾਂ ਦੇ ਅਰਬਾਂ-ਕਰੋੜਾਂ ਦੇ ਮੁਨਾਫੇ ਨੂੰ ਕਿਵੇਂ ਸੁਰੱਖਿਅਤ ਕੀਤਾ ਜਾਵੇ, ਬਸ ਇਸਦਾ ਹੀ ਖਿਆਲ ਰੱਖਦੀ ਹੈ। ਕਿਸਾਨ ਆਗੂਆਂ ਨੇ ਕਣਕ ਦੇ ਖਰੀਦ ਮੁੱਲ ਵਿੱਚ ਕਟੌਤੀ ਕਰਨ ਦੇ ਫੈਸਲੇ ’ਤੇ ਸਖਤ ਟਿੱਪਣੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਪ੍ਰਭਾਵ ਤਾਂ ਇਹ ਦੇ ਰਹੀ ਹੈ ਕਿ ਉਸਨੇ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਰਾਹਤ ਦਿੱਤੀ ਹੈ ਪ੍ਰੰਤੂ ਅਸਲ ਵਿੱਚ ਇਹ ਰਾਹਤ ਨਹੀਂ ‘ਔਰੰਗਜੇਬੀ ਜਜੀਆ’ ਹੈ ਜਿਸ ਨਾਲ ਸਰਕਾਰ ਦੇਸ਼ ਦੇ ਕਿਸਾਨਾਂ ਦੀਆਂ ਜੇਬਾਂ ’ਤੇ ਅਰਬਾਂ-ਕਰੋੜਾਂ ਦਾ ਡਾਕਾ ਮਾਰਕੇ ਆਪਣੇ ਕਾਰਪੋਰੇਟ ਮਿੱਤਰਾਂ ਦੀਆਂ ਜੇਬਾਂ ਵਿੱਚ ਇਹ ਰਕਮ ਪਾਉਣਾ ਚਾਹੁੰਦੀ ਹੈ।
ਮੁੱਖ ਮੰਤਰੀ ਪੰਜਾਬ ਦੇ ਐਲਾਨ ਅਮਲੀ ਜਾਮਾ ਪਹਿਨਾਉਣ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਕੀਤੀ ਮੰਗ (Fazilka News)
ਕਿਸਾਨ ਆਗੂਆਂ ਨੇ ਕਿਹਾ ਕਿ ਰੂਸ-ਯੂਕਰੇਨ ਜੰਗ ਕਾਰਨ ਅੱਜ 53 ਮੁਲਕਾਂ ’ਚ ਅਨਾਜ ਸੰਕਟ ਹੈ, ਜਿਸ ਕਾਰਨ ਸਰਕਾਰ ਵੱਲੋਂ ਖਰੀਦੀ ਕਣਕ ਦਾ ਦਾਣਾ-ਦਾਣਾ ਆਪਣੀ ਕੀਮਤ ਵਸੂਲ ਕੇ ਸਰਕਾਰ ਤੇ ਕਾਰਪੋਰੇਟ ਦੇ ਖਜ਼ਾਨੇ ਭਰੇਗਾ। ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਐਲਾਨ ਕਿ ‘ਕਟੌਤੀ ਦੀ ਰਕਮ ਦੀ ਭਰਪਾਈ ਪੰਜਾਬ ਸਰਕਾਰ ਕਰੇਗੀ’ ਉੱਪਰ ਟਿੱਪਣੀ ਕਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਅੱਜ ਵੀ ਐਮ.ਐਸ.ਪੀ. ਤੋਂ ਘੱਟ ਕੀਮਤ ’ਤੇ ਵੇਚੀ ਮੂੰਗੀ ਦੇ 1000 ਰੁਪਏ ਪ੍ਰਤੀ ਕੁਇੰਟਲ ਮਿਲਣ ਦੀ ਉਡੀਕ ਕਰ ਰਹੇ ਹਨ, ਇਸ ਲਈ ਮੁੱਖ ਮੰਤਰੀ ਨੂੰ ਐਲਾਨ ਕਰਨ ਦੀ ਥਾਂ ਠੋਸ ਰੂਪ ਵਿੱਚ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ।
ਖੇਤ ਮਜ਼ਦੂਰਾਂ ਨੂੰ ਵੀ ਢੁੱਕਵਾਂ ਮੁਆਵਜ਼ਾ ਦੇਣ ਦੀ ਕੀਤੀ ਮੰਗ
ਉਨ੍ਹਾਂ ਨੇ ਕਿਹਾ ਕਿ ਨਹੀਂ ਤਾਂ ਇਸ ਐਲਾਨ ਦਾ ਹਾਲ ਵੀ ਫ਼ਸਲਾਂ ਦੇ ਮੁਆਵਜੇ ਲਈ ਗਿਰਦਾਵਰੀ ਕਰਨ ਦੇ ਦਿੱਤੇ ਕਾਗਜ਼ੀ ਐਲਾਨਾਂ ਵਰਗਾ ਸਾਬਤ ਹੋਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 75% ਤੋਂ 100% ਖਰਾਬੇ ਲਈ 50 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ 75 % ਤੋਂ ਘੱਟ ਖਰਾਬੇ ਲਈ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜਾ ਦੇਣ ਦੇ ਨਾਲ-ਨਾਲ ਸੂਬੇ ਦੇ ਖੇਤ ਮਜ਼ਦੂਰਾਂ ਨੂੰ ਵੀ ਢੁੱਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।
ਇਸ ਮੌਕੇ ਕ੍ਰਾਂਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਅਤਰਪ੍ਰੀਤ ,ਸੁਖਦੀਪ ਸਿੰਘ, ਰਕੇਸ਼ ਲਾਧੂਕਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਜ਼ਿਲਾ ਸਕੱਤਰ ਬਿਸ਼ਨ ਚੋਹਾਨਾ, ਡਾ ਕਿਰਪਾਲ ਢਾਬਾ ਮੁੱਖ ਸੰਪਾਦਕ, ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸੁਖਮੰਦਰ ਸਿੰਘ ਵਜੀਦਪੁਰ ਭੂੰਮਾ, ਮੀਤ ਪ੍ਧਾਨ ਕੁਲਵਿੰਦਰ ਸਿੰਘ ਝੁੱਗੀਆਂ ਨੰਦ ਸਿੰਘ ਵਾਲਾ, ਮੀਤ ਪ੍ਰਧਾਨ ਬਲਤੇਜ ਸਿੰਘ ਜੰਡ ਵਾਲਾ,ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਧਨੇਰ) ਮੀਤ ਪ੍ਰਧਾਨ ਹਰਮੀਤ ਸਿੰਘ,ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਰਮੇਸ਼ ਵਡੇਰਾ,ਅਵਤਾਰ ਸਿੰਘ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਰਵਿੰਦਰ ਮਾਨ ,ਆਲ ਇੰਡੀਆ ਕਿਸਾਨ ਸਭਾ ਦੇ ਆਗੂ ਵਣਜਾਰ ਸਿੰਘ ,ਮਾਸਟਰ ਹਰੀਸ, ਹਰਭਜਨ ਖੁੰਗਰ ,ਪੰਜਾਬ ਸਟੂਡੈਂਟ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਮਲਜੀਤ ਮੁਹਾਰ ਖੀਵਾ, ਡੀ ਟੀ ਐਫ ਦੇ ਸੂਬਾ ਕਮੇਟੀ ਮੈਂਬਰ ਮਾਸਟਰ ਮਹਿੰਦਰ ਸਿੰਘ ਨੇ ਸੰਬੋਧਨ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ