ਦੇਸ਼ ਭਰ ਵਿੱਚ ਕਈ ਹਜ਼ਾਰਾ ਤੋਂ ਲੈ ਕੇ ਲੱਖਾਂ ਰੁਪਏ ਹੋ ਰਹੇ ਹਨ ਜੁਰਮਾਨਾ, ਪੰਜਾਬ ਵੀ ਉਸੇ ਲੀਹ ‘ਤੇ
ਚੰਡੀਗੜ (ਅਸ਼ਵਨੀ ਚਾਵਲਾ)। ਟ੍ਰੈਫ਼ਿਕ ਨਿਯਮਾਂ ਨੂੰ ਤੋੜਨ ਵਾਲੇ ਪੰਜਾਬੀ ਨੂੰ ਵੀਰਵਾਰ ਤੋਂ ਪਹਿਲਾਂ ਨਾਲੋਂ ਜਿਆਦਾ ਜੁਰਮਾਨਾ ਭਰਨਾ ਪਏਗਾ। ਇਸ ਸਬੰਧੀ ਟਰਾਂਸਪੋਰਟ ਵਿਭਾਗ ਵਲੋਂ ਜਰੂਰੀ ਨੋਟੀਫਿਕੇਸ਼ਨ ਨੂੰ ਜਾਰੀ ਕਰ ਦਿੱਤਾ ਹੈ। ਇਸ ਨੋਟੀਫਿਕੇਸ਼ਨ ਦੇ ਲਾਗੂ ਹੋਣ ਤੋਂ ਤੁਰੰਤ ਬਾਅਦ ਪੰਜਾਬ ਭਰ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਪੰਜਾਬੀਆਂ ਨੂੰ ਪਹਿਲਾਂ ਨਾਲੋਂ ਮੋਟਾ ਜੁਰਮਾਨਾ ਦੇਣਾ ਪਏਗਾ। ਪੰਜਾਬ ਸਰਕਾਰ ਵਲੋਂ ਪਹਿਲਾਂ ਇਸ ਕਾਨੂੰਨ ਨੂੰ ਲਾਗੂ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਸੀ ਪਰ ਹੁਣ ਇਸ ਮਾਮਲੇ ਵਿੱਚ ਯੂ-ਟਰਨ ਲੈਂਦੇ ਹੋਏ ਸਰਕਾਰ ਨੇ ਇਸ ਨੂੰ ਲਾਗੂ ਕਰਨ ਦਾ ਫੈਸਲਾ ਕਰ ਲਿਆ ਹੈ। ਇਸ ਦੀ ਪੁਸ਼ਟੀ ਖ਼ੁਦ ਟਰਾਂਸਪੋਰਟ ਮੰਤਰੀ ਰੱਜਿਆ ਸੁਲਤਾਨਾ ਨੇ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਆਮ ਲੋਕਾਂ ‘ਤੇ ਸਖ਼ਤੀ ਕਰਨ ਲਈ ਕੇਂਦਰ ਸਰਕਾਰ ਵਲੋਂ ਦੇਸ਼ ਭਰ ਵਿੱਚ 1 ਸਤੰਬਰ ਤੋਂ ਲਾਗੂ ਹੋਏ ਇਸ ਐਕਟ ਨਾਲ ਪੰਜਾਬੀਆਂ ਨੂੰ ਵੱਡੀ ਰਾਹਤ ਮਿਲੀ ਹੋਈ ਸੀ ਕਿਉਂਕਿ ਭਾਰੀ ਜੁਰਮਾਨਾ ਦੀ ਥਾਂ ‘ਤੇ ਪੰਜਾਬ ਵਿੱਚ ਟ੍ਰੈਫ਼ਿਕ ਨਿਯਮ ਤੋੜਨ ‘ਤੇ ਪਹਿਲਾਂ ਵਾਂਗ ਹੀ ਜੁਰਮਾਨਾ ਲੱਗ ਰਹੇ ਸਨ ਪਰ ਹੁਣ ਪੰਜਾਬ ਸਰਕਾਰ ਨੇ ਵੀ ਇਸ ਕਾਨੂੰਨ ਨੂੰ ਪੰਜਾਬ ਵਿੱਚ ਲਾਗੂ ਕਰ ਦਿੱਤਾ ਹੈ।
ਕਿਹੜੇ ਨਿਯਮਾਂ ਨੂੰ ਤੋੜਨ ‘ਤੇ ਹੁਣ ਕਿੰਨਾ ਲੱਗੇਗਾ ਜੁਰਮਾਨਾ ?
- ਨਾਬਾਲਗ ਵਲੋਂ ਗੱਡੀ ਚਲਾਉਣ ‘ਤੇ 25 ਹਜ਼ਾਰ ਜੁਰਮਾਨਾ ਅਤੇ ਗੱਡੀ ਦੀ ਰਜਿਸ਼ਟ੍ਰੇਸ਼ਨ ਰੱਦ ਹੋਏਗੀ
- ਬਿਨਾਂ ਹੈਲਮੈਟ ਦੇ ਮੋਟਰਸਾਇਕਲ/ਸਕੂਟਰ ਚਲਾਉਣ ‘ਤੇ 500 ਤੋਂ 1500 ਰੁਪਏ ਜੁਰਮਾਨਾ
- ਮੋਟਰਸਾਇਕਲ/ਸਕੂਟਰ ‘ਤੇ ਤਿੰਨ ਸਵਾਰੀ ਬੈਠਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
- ਪ੍ਰਦੂਸ਼ਨ ਸਰਟੀਫਿਕੇਟ ਨਹੀਂ ਹੋਣ ‘ਤੇ 100 ਦੀ ਥਾਂ 500 ਰੁਪਏ ਜੁਰਮਾਨਾ
- ਬਿਨਾਂ ਡਰਾਈਵਿੰਗ ਲਾਇਸੰਸ ‘ਤੇ 500 ਦੀ ਥਾਂ 5 ਹਜ਼ਾਰ ਜੁਰਮਾਨਾ
- ਖਤਰਨਾਕ ਡਰਾਈਵਿੰਗ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
- ਡਰਾਈਵਿੰਗ ਦੌਰਾਨ ਫੋਨ ਕਰਨ ‘ਤੇ 1 ਹਜ਼ਾਰ ਦੀ ਥਾਂ 5 ਹਜ਼ਾਰ ਜੁਰਮਾਨਾ
- ਰੈਡ ਲਾਇਟ ਜੰਪ ਕਰਨ ‘ਤੇ 100 ਰੁਪਏ ਦੀ ਥਾਂ ‘ਤੇ 10 ਹਜ਼ਾਰ ਜੁਰਮਾਨਾ
- ਸੀਟ ਬੈਲਟ ਨਹੀਂ ਲਗਾਉਣ ‘ਤੇ 1 ਹਜ਼ਾਰ ਰੁਪਏ ਜੁਰਮਾਨਾ
- ਸ਼ਰਾਬ ਪੀ ਕੇ ਗੱਡੀ ਚਲਾਉਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਨੂੰ ਸਾਇਡ ਨਹੀਂ ਦੇਣ ‘ਤੇ 10 ਹਜ਼ਾਰ ਰੁਪਏ ਜੁਰਮਾਨਾ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।