ਲੱਦਾਖ ਅਤੇ ਇਤਿਹਾਸਕ ਮੁਗਲ ਰੋਡ ਵੀ ਖੁੱਲ੍ਹੇ | Kashmir Highway
ਸ੍ਰੀਨਗਰ, (ਏਜੰਸੀ)। ਕਸ਼ਮੀਰ ਘਾਟੀ ਨੂੰ ਦੇਸ਼ ਦੇ ਹੋਰ ਹਿੱਸਿਆਂ ਨਾਲ ਜੋੜਨ ਵਾਲੇ 300 ਕਿਲੋਮੀਟਰ ਲੰਬੇ ਸ੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਸ਼ੁੱਕਰਵਾਰ ਨੂੰ ਜ਼ਮੀਨ ਖਿਸਕਣ ਤੋਂ ਬਾਅਦ ਰੁਕੀ ਆਵਾਜਾਈ, ਮਲਬਾ ਹਟਾਉਣ ਤੋਂ ਬਾਅਦ ਸ਼ਨਿੱਚਰਵਾਰ ਨੂੰ ਫਿਰ ਸ਼ੁਰੂ ਕਰ ਦਿੱਤੀ ਗਈ। ਇਸ ਤੋਂ ਇਲਾਵਾ ਲੱਦਾਖ ਅਤੇ ਇਤਿਹਾਸਕ ਮੁਗਲ ਰੋਡ ਵੀ ਖੁੱਲ੍ਹੇ ਹੋਏ ਹਨ। ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਰਾਜਮਾਰਗ ‘ਤੇ ਸ਼ੁੱਕਰਵਾਰ ਨੂੰ ਰਾਮਬਨ ਖੇਤਰ ਦੇ ਦਿਗਡੋਲੇ ‘ਚ ਬਾਰਸ਼ ਤੋਂ ਬਾਅਦ ਜ਼ਮੀਨ ਖਿਸਕਣ ਕਾਰਨ ਕਾਫੀ ਮਲਬਾ ਡਿੱਗ ਗਿਆ ਸੀ ਜਿਸ ਨਾਲ ਆਵਾਜਾਈ ‘ਚ ਰੁਕਾਵਟ ਆਈ ਸੀ। ਇਸ ਤੋਂ ਬਾਅਦ ਸੀਮਾ ਸੜਕ ਸੰਗਠਨ ਦੇ ਕਰਮਚਾਰੀਆਂ ਨੇ ਤੁਰੰਤ ਮਸ਼ੀਨਾਂ ਅਤੇ ਉਪਕਰਨਾਂ ਦੀ ਮਦਦ ਨਾਲ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ ਅਤੇ ਇਸ ਤੋਂ ਬਾਅਦ ਵਾਹਨਾਂ ਨੂੰ ਅੱਗੇ ਜਾਣ ਦੀ ਮਨਜੂਰੀ ਦਿੱਤੀ ਗਈ। (Kashmir Highway)
ਹਲਕੇ ਵਾਹਨਾਂ ਨੂੰ ਦੋਵੇਂ ਪਾਸੇ ਜਾਣ ਦੀ ਮਨਜ਼ੂਰੀ | Kashmir Highway
ਆਵਾਜਾਈ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਲਕੇ ਵਾਹਨਾਂ ਨੂੰ ਦੋਵੇਂ ਪਾਸੇ ਜਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਪਰ ਭਾਰੀ ਵਾਹਨਾਂ ਨੂੰ ਇੱਕ ਪਾਸੇ ਜਾਣ ਦੀ ਇਜਾਜਤ ਹੈ ਅਤੇ ਸੋਮਵਾਰ ਤੋਂ ਜੰਮੂ ਤੋਂ ਸ੍ਰੀਨਗਰ ਦਰਮਿਆਨ ਭਾਰੀ ਵਾਹਨਾਂ ਨੂੰ ਜਾਣ ਦੀ ਇਜਾਜਤ ਦਿੱਤੀ ਜਾਵੇਗੀ।ਉਲਟ ਦਿਸ਼ਾ ਤੋਂ ਵੀ ਕਿਸੇ ਵਾਹਨ ਨੂੰ ਆਉਣ ਦੀ ਮਨਜ਼ੂਰੀ ਨਹੀਂ ਹੈ ਪਰ ਅਮਰਨਾਥ ਯਾਤਰੀਆਂ ਨੂੰ ਲੈ ਕੇ ਆਉਣ ਵਾਲੇ ਵਾਹਨਾਂ ‘ਤੇ ਕੋਈ ਪਾਬੰਦੀ ਨਹੀਂ ਹੈ। ਲੱਦਾਖ ਨੂੰ ਕਸ਼ਮੀਰ ਨਾਲ ਜੋੜਨ ਵਾਲੇ 434 ਕਿਲੋਮੀਟਰ ਲੰਬੇ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ‘ਤੇ ਦੋਵੇਂ ਪਾਸੇ ਤੋਂ ਆਵਾਜਾਈ ਦੀ ਇਜਾਜਤ ਹੈ ਪਰ ਕਸ਼ਮੀਰ ਜਾਣ ਵਾਲੇ ਵਾਹਨਾਂ ਨੂੰ ਸਵੇਰੇ ਹੀ ਚੱਲਣ ਦੀ ਇਜਾਜਤ ਹੈ। ਉਹਨਾ ਦੱਸਿਆ ਕਿ ਦੱਖਣੀ ਕਸ਼ਮੀਰ ‘ਚ ਰਾਜੌਰੀ ਅਤੇ ਜੰਮੂ ਖੇਤਰ ‘ਚ ਪੁੰਛ ਨੂੰ ਜੋੜਨ ਵਾਲੀ ਇਤਿਹਾਸਕ ਮੁਗਲ ਰੋਡ ਵੀ ਖੁੱਲ੍ਹੀ ਹੈ।