ਨਸ਼ਾ ਕਰਕੇ ਵਹੀਕਲ ਚਲਾਉਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ : ਇੰਸਪੈਕਟਰ ਜਸਵਿੰਦਰ ਸਿੰਘ | Punjab Traffic Rules
Punjab Traffic Rules: (ਬਸੰਤ ਸਿੰਘ ਬਰਾੜ) ਤਲਵੰਡੀ ਭਾਈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਹੁਲੜਬਾਜ਼ੀ ’ਤੇ ਨਕੇਲ ਕੱਸਣ ਅਤੇ ਆਵਾਜ਼ਾਈ ਨਿਯਮਾਂ ਦੀ ਉਲੰਘਣਾ ਰੋਕਣ ਲਈ ਟਰੈਫਿਕ ਪੁਲਿਸ ਦੀ ਟੀਮ ਵੱਲੋਂ ਜ਼ਿਲ੍ਹਾ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਦੀ ਅਗਵਾਈ ਹੇਠੀ ਟੀਮ ਵੱਲੋਂ ਤਲਵੰਡੀ ਭਾਈ ਦਾ ਦੌਰਾ ਕੀਤਾ ਗਿਆ। ਇਸ ਸਮੇਂ ਸਥਾਨਿਕ ਰੇਲਵੇ ਫਾਟਕ ’ਤੇ ਨਾਕਾ ਲਗਾ ਕੇ ਵਾਹਨਾਂ ਦੇ ਕਾਗਜ਼ਾਤ ਦੀ ਚੈਕਿੰਗ ਕੀਤੀ ਗਈ। ਇਸ ਸਮੇਂ ਪਟਾਕੇ ਪਾਉਣ ਵਾਲੇ ਬੁਲੇਟ ਮੋਟਰ ਸਾਈਕਲਾਂ ਦੀ ਵਿਸ਼ੇਸ਼ ਜਾਂਚ ਕਰਕੇ ਉਨ੍ਹਾਂ ਦੇ ਚਲਾਨ ਕੱਟੇ ਗਏ ਜਦਕਿ ਆਵਾਜਾਈ ਨਿਯਮਾਂ ਦੀ ਉਲੰਘਣਾਂ ਕਰਨ ਵਾਲਿਆਂ ਦੇ ਵੀ ਚਲਾਨ ਕੱਟੇ ਗਏ।
ਇਹ ਵੀ ਪੜ੍ਹੋ:Heroin: ਫ਼ਰੀਦਕੋਟ ਪੁਲਿਸ ਵੱਲੋਂ 148 ਗ੍ਰਾਮ ਹੈਰੋਇਨ ਸਮੇਤ ਤਿੰਨ ਨਸ਼ਾ ਤਸਕਰ ਕਾਬੂ
ਇਸ ਉਪਰੰਤ ਟਰੈਫਿਕ ਪੁਲਿਸ ਦੀ ਟੀਮ ਵੱਲੋਂ ਸਥਾਨਿਕ ਮੇਨ ਬਜ਼ਾਰ, ਜ਼ੀਰਾ ਰੋਡ, ਮੇਨ ਰੋਡ, ਬੱਸ ਸਟੈਂਡ ਆਦਿ ਖੇਤਰਾਂ ਦਾ ਦੌਰਾ ਕਰਕੇ ਸੜਕਾਂ ’ਤੇ ਹੁਲੜਬਾੜੀ ਕਰਨ ਵਾਲਿਆਂ ’ਤੇ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ। ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਮਨਚਲੇ ਨੌਜਵਾਨਾਂ ਵੱਲੋਂ ਸੜਕਾਂ ’ਤੇ ਮੋਟਰਸਾਈਕਲ ਦੇ ਪਟਾਕੇ ਪੁਆ ਕੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਟਰੈਫਿਕ ਪੁਲਿਸ ਵੱਲੋਂ ਸੜਕ ਹਾਦਸੇ ਘਟਾਉਣ ਦੇ ਮੰਤਵ ਨਾਲ ਆਵਾਜਾਈ ਦੇ ਨਿਯਮ ਲਾਗੂ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ’ਤੇ ਬੇਨਿਯਮੀਆਂ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਣਗੇ ਅਤੇ ਸ਼ਰਾਬ ਜਾਂ ਹੋਰ ਨਸ਼ਾ ਕਰਕੇ ਵਹੀਕਲ ਚਲਾਉਣ ਵਾਲਿਆਂ ਨੂੰ ਕਿਸੇ ਕੀਮਤ ’ਤੇ ਬਖਸ਼ਿਆਂ ਨਹੀਂ ਜਾਵੇਗਾ। Punjab Traffic Rules