ਸਟੱਡੀ ਵੀਜ਼ਾ ਤਹਿਤ ਪੜ੍ਹਾਈ ਦਾ ਆਉਣ ਵਾਲਾ ਕੱਲ੍ਹ!
ਕਰੋਨਾ ਸੰਕਟ ਨੇ ਬੱਚਿਆਂ ਦੇ ਬਾਹਰ ਵਿਦੇਸ਼ਾਂ ਵਿਚ ਪੜ੍ਹਾਈ ਕਰਨ ‘ਤੇ ਪ੍ਰਸ਼ਨ ਚਿੰਨ ਲਾ ਦਿੱਤਾ ਹੈ । ਬੱਚੇ ਅਤੇ ਉਨ੍ਹਾਂ ਦੇ ਮਾਪੇ ਇਸ ਦਾ ਕੋਈ ਹੋਰ ਬਦਲ ਲੱਭ ਰਹੇ ਹਨ । ਆਪਣੇ ਦੇਸ਼ ਵਿਚ ਹੀ ਰੁਜ਼ਗਾਰ ਦੇ ਮੌਕਿਆਂ ਦੀ ਤਲਾਸ਼ ਕੀਤੀ ਜਾ ਰਹੀ ਹੈ । ਨੌਜਵਾਨਾਂ ਦੇ ਬਰੇਨ ਡਰੇਨ ” ਨੇ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ ਲਈ ਬੌਧਿਕ ਕੰਗਾਲੀ ਦਾ ਸੰਕਟ ਖੜ੍ਹਾ ਕਰ ਦਿੱਤਾ ਸੀ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਬੱਚੇ ਜੋ ਇੰਡੀਆ ਵਿੱਚ ਵੀ ਸੈੱਟ ਹੋ ਸਕਦੇ ਹਨ ਵੀ ਸਟੱਡੀ ਵੀਜ਼ੇ ਤੇ ਵਿਦੇਸ਼ ਜਾ ਰਹੇ ਸਨ ।
ਇਨ੍ਹਾਂ ਵਿੱਚੋਂ ਬਹੁਤੇ ਬੱਚੇ ਪੜ੍ਹਾਈ ਕਰਨ ਦੇ ਬਹਾਨੇ ਵਿਕਸਤ ਦੇਸ਼ਾਂ ਦੀ ਪੀ ਆਰ ਹਾਸਲ ਕਰ ਚੁੱਕੇ ਹਨ ਅਤੇ ਬਾਕੀ ਲਾਈਨਾਂ ਚ ਲੱਗੇ ਹੋਏ ਹਨ । ਖੁਸ਼ਹਾਲ ਮੁਲਕਾਂ ‘ਚ ਡਿਗਰੀ ਹਾਸਿਲ ਕਰਕੇ ਉਹ ਆਪਣੀ ਮਨ ਪਸੰਦ ਦਾ ਕੰਮ ਕਰਦੇ ਹਨ । ਲੇਬਰ ਵਾਲੇ ਕੰਮਾਂ ਤੋਂ ਸ਼ੁਰੂਆਤ ਕਰਕੇ ਹੋਟਲਾਂ ਸਨਅਤਾਂ, ਕਾਲਜਾਂ-ਯੂਨੀਵਰਸਿਟੀਆਂ ਅਤੇ ਪੈਟਰੋਲ ਪੰਪਾਂ ਦੇ ਮਾਲਕ ਬਣੇ ਬੈਠੇ ਹਨ ।
ਪੰਜਾਬੀਆਂ ਨੇ ਖਾਸ ਕਰਕੇ ਆਸਟ੍ਰੇਲੀਆ ਕੈਨੇਡਾ ,ਅਮਰੀਕਾ ਜਿਹੇ ਵਿਕਸਤ ਦੇਸ਼ਾਂ ਵਿੱਚ ਤਰੱਕੀ ਕਰਨ ਦੇ ਝੰਡੇ ਗੱਡ ਦਿੱਤੇ ਹਨ । ਇਸੇ ਚਕਾਚੌਂਧ ਨੂੰ ਵੇਖ ਕੇ ਬੱਚੇ ਬਾਹਰਲੇ ਦੇਸ਼ਾਂ ਵੱਲ ਉਡਾਰੀਆਂ ਮਾਰ ਰਹੇ ਸਨ । ਪੰਜਾਬ ਦੀ ਗੱਲ ਕਰੀਏ ਤਾਂ ਕਿੰਨੇ ਲੋਕ ਕਲਾਸ ਵਨ ਤੱਕ ਨੌਕਰੀਆਂ ਛੱਡ ਕੇ ਬਾਹਰ ਸੈੱਟ ਹੋ ਚੁੱਕੇ ਹਨ । ਪਲੱਸ ਟੂ ਤੋਂ ਬਾਅਦ ਆਈਲੈਟਸ ਦਾ ਟੈਸਟ ਪਾਸ ਕਰਕੇ ਬਾਹਰ ਜਾਣਾ ਬੱਚਿਆਂ ਦੀ ਪਹਿਲੀ ਤਰਜੀਹ ਬਣੀ ਹੋਈ ਸੀ ।
ਬੱਚੇ ਅਗਲੇਰੀ ਪੜ੍ਹਾਈ ‘ਤੇ ਮਿਹਨਤ ਕਰਨ ਦੀ ਬਜਾਇ ਆਈਲੈਟਸ ਸੈਂਟਰਾਂ ਦੇ ਚੱਕਰ ਕੱਟ ਰਹੇ ਸਨ । ਪਰ ਅਜੋਕੇ ਲੌਕ ਡਾਊਨ ਦੇ ਦੌਰ ਵਿੱਚ ਬੱਚੇ ਚੌਰਾਹੇ ‘ਤੇ ਖੜ੍ਹੇ ਹਨ ਕਿ ਕਿਸ ਪਾਸੇ ਵੱਲ ਮੁੜਿਆ ਜਾਵੇ । ਪੜ੍ਹਾਈ ਛੁੱਟ ਚੁੱਕੀ ਹੈ । ਆਈਲੈਟਸ ਪਾਸ ਸਨ । ਸਟੱਡੀ ਵੀਜ਼ੇ ਦੀਆਂ ਫਾਈਲਾਂ ਲਾ ਏਜੰਟਾਂ ਕੋਲ ਗੇੜੇ ਮਾਰ ਰਹੇ ਹਨ । ਸਸਤੇ ਭਾਅ ਸੋਨੇ ਵਰਗੀਆਂ ਜ਼ਮੀਨਾਂ ਜਾਇਦਾਦਾਂ ਵੇਚ ਜਾਂ ਮੋਟੇ ਵਿਆਜ ‘ਤੇ ਕਰਜ਼ਾ ਚੁੱਕ ਕੇ ਬਾਹਰ ਜਾਣ ਦਾ ਜੁਗਾੜ ਕਰ ਰਹੇ ਸਨ ।
ਸਾਰਾ ਕੰਮ ਰੁਕਣ ਕਰਕੇ ਬਾਹਰਲੇ ਦੇਸ਼ਾਂ ਵਿੱਚ ਵੀ ਬੇਰੁਜ਼ਗਾਰੀ ਦਾ ਆਲਮ ਹੈ । ਬਾਹਰ ਗਏ ਬੱਚੇ ਆਪਣੇ ਦੋਸਤਾਂ ਨੂੰ ਨਾ ਆਉਣ ਦੀਆਂ ਸਲਾਹਾਂ ਦੇ ਰਹੇ ਹਨ। ਕਰੋਨਾ ਸੰਕਟ ਕਰਕੇ ਬਾਹਰ ਜਾਣ ਦੀ ਤਿਆਰੀ ਵਿੱਚ ਬੱਚਿਆਂ ਦਾ ਮਨ ਅੱਜ ਬਦਲਿਆ ਹੋਇਆ ਹੈ । ਉਹ ਆਪਣੇ ਮੁਲਕ ਰਹਿ ਕੇ ਹੀ ਅਗਲੀ ਪੜ੍ਹਾਈ ਕਰਕੇ ਰੁਜ਼ਗਾਰ ਹਾਸਿਲ ਕਰਨ ਦੀ ਸੋਚ ਰਹੇ ਹਨ । ਕਰੋਨਾ ਵਾਇਰਸ ਦੇ ਚੱਲਦਿਆਂ ਅੰਤਰਰਾਸ਼ਟਰੀ ਯਾਤਰਾ ਲਈ ਨਵੀਆਂ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ । ਸਮਾਜਿਕ ਦੂਰੀ ਬਣਾ ਕੇ ਰੱਖਣ ਦੇ ਨਿਯਮ ਤੈਅ ਹੋ ਚੁੱਕੇ ਹਨ । ਕਾਲਜ ਯੂਨੀਵਰਸਿਟੀਆਂ ਬੰਦ ਹੋਣ ਕਰਕੇ ਸਿੱਖਿਆ ਦਾ ਸਾਰਾ ਢਾਂਚਾ ਤਹਿਸ ਨਹਿਸ ਹੋ ਚੁੱਕਿਆ ਹੈ ।
ਜੇਕਰ ਦੁਨੀਆਂ ਦੀ ਗੱਲ ਕਰੀਏ ਤਾਂ ਚੀਨ ਤੋਂ ਬਾਅਦ ਭਾਰਤ ਦਾ ਨੰਬਰ ਹੈ ਜਿਸ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਵਿਕਸਤ ਦੇਸ਼ਾਂ ਵਿੱਚ ਪੜ੍ਹਾਈ ਕਰਨ ਜਾ ਰਹੇ ਸਨ । ਜੇਕਰ ਸੂਤਰਾਂ ਦੀ ਮੰਨੀਏ ਤਾਂ ਭਾਰਤ ਦੇ ਦਸ ਲੱਖ ਬੱਚੇ ਬਾਹਰਲੇ ਦੇਸ਼ਾਂ ਵਿੱਚ ਪੜ੍ਹ ਰਹੇ ਹਨ। ਹਰ ਸਾਲ ਤਿੰਨ ਲੱਖ ਬੱਚੇ ਬਾਹਰਲੇ ਦੇਸ਼ਾਂ ਚ ਪੜ੍ਹਨ ਲਈ ਜਾ ਰਹੇ ਹਨ ।
ਬੱਚਿਆਂ ਦੇ ਬਾਹਰ ਜਾਣ ਦੀ ਦਰ ਤੇਜ਼ੀ ਨਾਲ ਵਧ ਰਹੀ ਸੀ । ਪਰ ਕਰੋਨਾ ਮਹਾਂਮਾਰੀ ਨੇ ਇਸ ਨੂੰ ਬਰੇਕਾਂ ਲਾ ਦਿੱਤੀਆਂ ਹਨ । ਬੱਚਿਆਂ ਨੂੰ ਬਾਹਰ ਭੇਜਣਾ ਮਾਪਿਆਂ ਦੀ ਜੇਬ ‘ਤੇ ਬਹੁਤ ਭਾਰੀ ਪੈਂਦਾ ਹੈ । ਫਾਈਲਾ ਲਾਉਣ ਤੋਂ ਲੈ ਕੇ ਪੜ੍ਹਾਈ ਪੂਰੀ ਹੋਣ ਤੱਕ ਖ਼ਰਚੇ ਹੀ ਖਰਚੇ ਹਨ । ਜਦੋਂ ਰੁਪਏ ਡਾਲਰਾਂ ਤੇ ਪੌਂਡਾਂ ਵਿੱਚ ਤਬਦੀਲ ਹੁੰਦੇ ਹਨ ਕੀਮਤ ਨਾਮਾਤਰ ਹੀ ਰਹਿ ਜਾਂਦੀ ਹੈ । ਭਾਰਤੀ ਕਰੰਸੀ ਅਨੁਸਾਰ ਬੱਚੇ ਨੂੰ ਕੈਨੇਡਾ, ਆਸਟਰੇਲੀਆ, ਅਮਰੀਕਾ ਆਦਿ ਵਿਕਸਤ ਦੇਸ਼ਾਂ ‘ਚ ਸਟੱਡੀ ਵੀਜ਼ੇ ‘ਤੇ ਭੇਜਣ ਲਈ ਮੋਟੇ ਤੌਰ ਤੇ ਤੀਹ ਲੱਖ ਰੁਪਏ ਦਾ ਖ਼ਰਚ ਹੋ ਜਾਂਦਾ ਹੈ।
ਸੁਣਨ ਵਿਚ ਇਹ ਵੀ ਆ ਰਿਹਾ ਹੈ ਕਿ ਭਵਿੱਖ ਵਿੱਚ ਬਾਹਰਲੇ ਦੇਸ਼ਾਂ ਵੱਲੋਂ ਵਿਦਿਆਰਥੀਆਂ ਦੀ ਸੁਵਿਧਾ ਲਈ ਆਨਲਾਈਨ ਪੜ੍ਹਾਈ ਕਰਵਾਈ ਜਾਵੇਗੀ ਤੇ ਕੋਰਸ ਪੂਰਾ ਹੋਣ ਤੋਂ ਬਾਅਦ ਵਿਦਿਆਰਥੀਆਂ ਨੂੰ ਵਰਕ ਪਰਮਿਟ ਜਾਰੀ ਕਰਕੇ ਆਪਣੇ ਦੇਸ਼ ਬੁਲਾ ਲਿਆ ਜਾਵੇਗਾ । ਵਰਚੁਅਲ ਪੜ੍ਹਾਈ ਹੋਣ ਨਾਲ ਵਿਦਿਆਰਥੀਆਂ ਨੂੰ ਹਵਾਈ ਟਿਕਟਾਂ ,ਵੀਜ਼ਾ ਰਾਸ਼ੀ ਅਤੇ ਰਹਿਣ ਸਹਿਣ ਦਾ ਖਰਚਾ ਅਦਾ ਨਹੀਂ ਕਰਨਾ ਪਵੇਗਾ । ਬੱਚੇ ਜੋ ਜੀਆਈਸੀ ਰਾਸ਼ੀ ਅਡਵਾਂਸ ਜਮ੍ਹਾਂ ਕਰਵਾਉਂਦੇ ਹਨ ਉਸ ਤੋਂ ਵੀ ਛੋਟ ਮਿਲ ਜਾਵੇਗੀ । ਪਰ ਇਹ ਕੋਈ ਪੱਕ ਨਹੀਂ ਜਦੋਂ ਵੀ ਹਾਲਾਤ ਸੁਖਾਵੇਂ ਹੁੰਦੇ ਹਨ ਤਾਂ ਸਿਹਤ ਸੁਰੱਖਿਆ ਨੂੰ ਲੈ ਕੇ ਕੰਮਾਂ ‘ਚ ਖੜ੍ਹੋਤ ਆਉਣੀ ਸੁਭਾਵਕ ਹੈ ।
ਇਸ ਬੇਰੁਜ਼ਗਾਰੀ ਦੇ ਆਲਮ ‘ਚ ਜੋ ਬੱਚੇ ਵਿਦੇਸ਼ਾਂ ‘ਚ ਪੜ੍ਹ ਰਹੇ ਹਨ ਉਨ੍ਹਾਂ ਨੂੰ ਉੱਥੇ ਹੀ ਕੰਮ ਕਰਨਾ ਪਵੇਗਾ । ਮਾਪਿਆਂ ਦਾ ਇਨ੍ਹਾਂ ਖ਼ਰਚ ਕਰਵਾ ਕੇ ਹਾਸਲ ਕੀਤੀ ਡਿਗਰੀ ਦਾ ਵਾਪਿਸ ਆਪਣੇ ਮੁਲਕ ਆ ਕੋਈ ਮੁੱਲ ਨਹੀਂ ਰਹਿਣਾ । ਮਸਲਾ ਰੁਜ਼ਗਾਰ ਤੇ ਚੰਗੀਆਂ ਜੀਵਨ ਸਹੂਲਤਾਂ ਦਾ ਹੈ ਵਰਨਾ ਪਰਵਾਸ ਦੇ ਬੜੇ ਖ਼ਤਰੇ ਹੁੰਦੇ ਹਨ । ਵਿਦੇਸ਼ ਜਾਣਾ ਬੂਟੇ ਦੀ ਜੜ੍ਹ ਪੱਟ ਕੇ ਦੂਜੀ ਜ਼ਮੀਨ ਵਿੱਚ ਲਾਉਣ ਵਾਲੀ ਗੱਲ ਹੁੰਦੀ ਹੈ । ਹਰਾ ਹੋਵੇ ਨਾ ਹੋਵੇ ਕੁਦਰਤ ਅਤੇ ਸੁਖਾਵੇਂ ਹਾਲਾਤਾਂ ‘ਤੇ ਨਿਰਭਰ ਕਰਦਾ ਹੈ । ਇਨ੍ਹਾਂ ਅਸੁਖਾਵੇਂ ਹਾਲਾਤਾਂ ਨੇ ਵਿਦੇਸ਼ ਜਾਣ ਦੇ ਚਾਹਵਾਨ 50% ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਦੀ ਮਾਨਸਿਕਤਾ ਨੂੰ ਪ੍ਰਭਾਵਿਤ ਕੀਤਾ।
ਵਿਕਸਤ ਦੇਸ਼ਾਂ ਨੂੰ ਪਰਵਾਸੀ ਵਿਦਿਆਰਥੀਆਂ ਤੋਂ ਵੱਡੀ ਆਮਦਨ ਹੁੰਦੀ ਸੀ ।ਪਰ ਹੁਣ ਵਿੱਦਿਅਕ ਅਦਾਰੇ ਬੰਦ ਹੋਣ ਕਰਕੇ ਸਾਰੀ ਸਥਿਤੀ ਗੜਬੜਾ ਗਈ ਹੈ । ਬਾਹਰਲੇ ਵਿਦਿਆਰਥੀਆਂ ਦੀ ਗਿਣਤੀ ਵੱਡੀ ਗਿਣਤੀ ਵਿੱਚ ਘਟਣ ਨਾਲ ਇਨ੍ਹਾਂ ਦੇਸ਼ਾਂ ਦੇ ਆਰਥਿਕ ਢਾਂਚੇ ਨੂੰ ਵੱਡੀ ਸੱਟ ਵੱਜੇਗੀ ।
ਭਾਵੇਂ ਕਿ ਵਿਦਿਆਰਥੀ ਅਗਲੇ ਸੈਸ਼ਨ ਭਾਵ 2021 ਵਿੱਚ ਦਾਖਲਾ ਕਰਵਾਉਣ ਦੀ ਸੋਚ ਰਹੇ ਹਨ ਪਰ ਆਉਣ ਵਾਲੇ ਸਮੇਂ ‘ਚ ਵਿਦਿਆਰਥੀਆਂ ਦੇ ਬਾਹਰ ਜਾਣ ਦਾ ਰੁਝਾਨ ਮੱਠਾ ਜ਼ਰੂਰ ਪਵੇਗਾ । ਮਾਪਿਆਂ ਦਾ ਆਪਣੇ ਬੱਚਿਆਂ ਦੀ ਦਿਮਾਗੀ ਯੋਗਤਾ ਅਨੁਸਾਰ ਮੌਕੇ ਮੁਹੱਈਆ ਕਰਵਾਉਣਾ ਨੈਤਿਕ ਫਰਜ਼ ਹੈ , ਭਾਰਤ ਨਾਲ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਕਾਬਲੀਅਤ ਰਾਹੀਂ ਆਪਣੇ ਰਾਸ਼ਟਰ ਦੇ ਨਵ ਦਰਬਾਰ ਵਿੱਚ ਆਪਣਾ ਯੋਗਦਾਨ ਪਾਉਣ । ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰਨ ਦਾ ਰੁਝਾਨ ਆਉਣ ਵਾਲੇ ਸਮੇਂ ਵਿੱਚ ਕੀ ਕਰਵਟ ਲਵੇਗਾ ਫਿਲਹਾਲ ਇਹ ਸਮੇਂ ਦੇ ਗਰਭ ਵਿੱਚ ਹੈ ।
ਤਲਵੰਡੀ ਸਾਬੋ, ਬਠਿੰਡਾ
ਮੋ. 94630-24575
ਬਲਜਿੰਦਰ ਜੌੜਕੀਆਂ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।