ਸੰਯੁਕਤ ਰਾਸ਼ਟਰ ਸੰਗਠਨ ਦੇ ਸਥਾਪਨਾ ਦਿਵਸ ’ਤੇ ਵਿਸ਼ੇਸ਼ | United Nations Organization
ਸੰਯੁਕਤ ਰਾਸ਼ਟਰ ਸੰਗਠਨ (United Nations Organization) ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜਿਸ ਦਾ ਉਦੇਸ਼ ਅੰਤਰਰਾਸ਼ਟਰੀ ਸਹਿਯੋਗ ਅਤੇ ਸ਼ਾਂਤੀ ਬਣਾਈ ਰੱਖਣਾ ਹੈ। ਇਹ ਸੰਸਥਾ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ, ਆਰਥਿਕ ਵਿਕਾਸ, ਸਮਾਜਿਕ ਤਰੱਕੀ ਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਵੀ ਕੰਮ ਕਰਦੀ ਹੈ। 1914 ਤੋਂ ਲੈ ਕੇ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਵਿੱਚ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਸੀ, ਇਸ ਦੇ ਮੱਦੇਨਜ਼ਰ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਇੱਕ ਅੰਤਰਰਾਸ਼ਟਰੀ ਸੰਸਥਾ ਦੀ ਲੋੜ ਮਹਿਸੂਸ ਹੋਣ ਲੱਗੀ ਸੀ, ਜੋ ਇਨ੍ਹਾਂ ਦੇਸ਼ਾਂ ਵਿਚਕਾਰ ਵਿਚੋਲੇ ਦਾ ਕੰਮ ਕਰੇ।
ਅੰਤਰਰਾਸ਼ਟਰੀ ਦੇਸ਼ਾਂ ਵਿੱਚ ਸਹਿਯੋਗ ਵਧਾਉਣ ਤੇ ਦੂਜੇ ਵਿਸ਼ਵ ਯੁੱਧ ਨੂੰ ਹੋਣ ਤੋਂ ਰੋਕਣ ਲਈ 10 ਜਨਵਰੀ 1920 ਨੂੰ ਰਾਸ਼ਟਰ ਸੰਘ ਦੀ ਸਥਾਪਨਾ ਕੀਤੀ ਗਈ ਸੀ। ਸ਼ੁਰੂ ਵਿਚ ਲੀਗ ਆਫ ਨੇਸ਼ਨਜ (ਰਾਸ਼ਟਰ ਸੰਘ) ਨੇ ਬਹੁਤ ਵਧੀਆ ਕੰਮ ਕੀਤਾ ਪਰ ਸਮੇਂ ਦੇ ਬੀਤਣ ਨਾਲ ਦੇਸ਼ਾਂ ਵਿਚ ਵਿਵਾਦ ਵਧਣ ਲੱਗੇ ਤੇ ਰਾਸ਼ਟਰ ਸੰਘ ਫੇਲ੍ਹ ਹੋਣ ਲੱਗੀ ਤੇ ਆਖਿਰਕਾਰ ਇਸ ਦੀ ਅਸਫਲਤਾ ਕਾਰਨ 1939 ਵਿੱਚ ਦੂਸਰਾ ਵਿਸ਼ਵ ਯੁੱਧ ਸੁਰੂ ਹੋ ਗਿਆ ਜੋ ਕਿ ਪਹਿਲੇ ਵਿਸ਼ਵ ਯੁੱਧ ਤੋਂ ਵੀ ਵੱਧ ਭਿਆਨਕ ਤੇ ਵਿਨਾਸ਼ਕਾਰੀ ਸੀ।
ਦੂਜੇ ਵਿਸ਼ਵ ਯੁੱਧ ਸਮੇਂ ਦਾ ਡਰ | United Nations Organization
ਦੂਜੇ ਵਿਸ਼ਵ ਯੁੱਧ ਕਾਰਨ ਵੱਡੀਆਂ-ਵੱਡੀਆਂ ਕੌਮਾਂ ਵੱਡੇ-ਵੱਡੇ ਮਹਾਂਰਥੀ ਦੇਸ਼ ਵੀ ਡਰ ਗਏ ਕਿਉਂਕਿ ਇਸ ਵਿਚ ਬਹੁਤ ਜ਼ਿਆਦਾ ਜਾਨ-ਮਾਲ ਦਾ ਨੁਕਸਾਨ ਹੋਇਆ ਅਤੇ ਹੋ ਰਿਹਾ ਸੀ। ਵਿਗਿਆਨ ਦੀਆਂ ਨਵੀਆਂ ਕਾਢਾਂ, ਮਸ਼ੀਨਗੰਨਾਂ ਤੇ ਐਟਮ ਬੰਬਾਂ ਨਾਲ ਲੜੇ ਗਏ ਯੁੱਧ ਕਾਰਨ ਹੋਈ ਤਬਾਹੀ ਨੇ ਆਮ ਲੋਕਾਂ ਨੂੰ ਡਰਾ ਦਿੱਤਾ ਸੀ। ਇਸ ਲਈ ਮਨੁੱਖੀ ਸੱਭਿਅਤਾ ਦੇ ਵਿਨਾਸ਼ ਨੂੰ ਰੋਕਣ ਲਈ ਸੰਸਾਰ ਦੀਆਂ ਕੌਮਾਂ ਨੇ ਵਿਸ਼ਵ ਸ਼ਾਂਤੀ ਤੇ ਸੁਰੱਖਿਆ ਲਈ ਇੱਕ ਸਥਾਈ ਵਿਸ਼ਵ ਸੰਗਠਨ ਦੀ ਸਥਾਪਨਾ ਲਈ ਸੁਚੇਤ ਹੋ ਕੇ ਨਵੇਂ ਸਿਰੇ ਤੋਂ ਸਮੂਹਿਕ ਯਤਨ ਸ਼ੁਰੂ ਕੀਤੇ।
United Nations Organization
ਅਜਿਹੇ ਵਿਸ਼ਵ ਸੰਗਠਨ ਦੀ ਸਿਰਜਣਾ ਬਾਰੇ 1941 ਤੋਂ ਬਾਅਦ ਵੱਖ-ਵੱਖ ਅੰਤਰਰਾਸ਼ਟਰੀ ਕਾਨਫਰੰਸਾਂ ਵਿੱਚ ਚਰਚਾ ਹੋਈ ਤੇ ਇਸ ਤਰ੍ਹਾਂ 1945 ਵਿੱਚ ਦੋ ਮਹੀਨੇ ਚੱਲੀ ਸੈਨ ਫਰਾਂਸਿਸਕੋ ਕਾਨਫਰੰਸ ਵਿੱਚ ਲਗਭਗ 50 ਰਾਜਾਂ ਨੇ 10,000 ਸ਼ਬਦਾਂ ਦੇ ਖਰੜੇ ਉੱਤੇ ਦਸਤਖ਼ਤ ਕੀਤੇ ਅਤੇ ਸੰਯੁਕਤ ਰਾਸ਼ਟਰ ਦੀ ਸਥਾਪਨਾ ਕੀਤੀ। 24 ਅਕਤੂਬਰ 1945 ਤੱਕ ਦੁਨੀਆ ਦੇ ਸਾਰੇ ਵੱਡੇ ਦੇਸ਼ਾਂ ਨੇ ਸੰਯੁਕਤ ਰਾਸ਼ਟਰ ਦੇ ਚਾਰਟਰ ਨੂੰ ਸਵੀਕਾਰ ਕਰ ਲਿਆ। 24 ਅਕਤੂਬਰ ਨੂੰ ਸੰਯੁਕਤ ਰਾਸ਼ਟਰ ਦਾ ਸਥਾਪਨਾ ਦਿਵਸ ਮੰਨਿਆ ਜਾਂਦਾ ਹੈ।
ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਨਿਊਯਾਰਕ ਵਿੱਚ ਹੈ। ਇਸ ਸਮੇਂ ਸੰਯੁਕਤ ਰਾਸ਼ਟਰ ਦੇ 193 ਮੈਂਬਰ ਦੇਸ਼ ਹਨ। ਸੰਯੁਕਤ ਰਾਸ਼ਟਰ ਸੰਘ (ਯੂ.ਐਨ.ਓ.) ਦੀ ਸਥਾਪਨਾ 24 ਅਕਤੂਬਰ 1945 ਨੂੰ ਹੋਈ ਸੀ, ਤਾਂ ਕਿ ਅੰਤਰਰਾਸ਼ਟਰੀ ਕਾਨੂੰਨ, ਅੰਤਰਰਾਸ਼ਟਰੀ ਸੁਰੱਖਿਆ, ਆਰਥਿਕ ਵਿਕਾਸ ਅਤੇ ਸਮਾਜਿਕ ਨਿਰਪੱਖਤਾ ਵਿੱਚ ਸਹਿਯੋਗ ਸਰਲ ਹੋ ਸਕੇ। ਇਹ ਸਥਾਪਨਾ ਸੰਯੁਕਤ ਰਾਸ਼ਟਰ ਅਧਿਕਾਰ-ਪੱਤਰ ਉੱਤੇ 51 ਦੇਸ਼ਾਂ ਦੇ ਹਸਤਾਖਰ ਹੋਣ ਦੇ ਨਾਲ ਹੋਈ। ਸ਼ੁਰੂ-ਸ਼ੁਰੂ ਵਿੱਚ ਸਿਰਫ਼ 51 ਦੇਸ਼ ਹੀ ਇਸ ਦੇ ਮੈਂਬਰ ਸਨ ਪਰ ਅੱਜ ਇਨ੍ਹਾਂ ਦੀ ਗਿਣਤੀ 193 ਤੱਕ ਪੁੱਜ ਚੁੱਕੀ ਹੈ। ਸੰਯੁਕਤ ਰਾਸ਼ਟਰ ਸੰਘ ਨੂੰ ਸਥਾਪਿਤ ਕਰਨ ਵੇਲੇ ਇਸ ਰਾਹੀਂ ਵਿਸ਼ਵ ਵਿੱਚ ਸ਼ਾਂਤੀ ਕਾਇਮ ਰੱਖਣ ਦਾ ਸੁਪਨਾ ਲਿਆ ਗਿਆ ਸੀ ਜੋ ਕਾਫ਼ੀ ਹਦ ਤੱਕ ਪੂਰਾ ਵੀ ਹੋਇਆ ਹੈ। ਸੰਯੁਕਤ ਰਾਸ਼ਟਰ ਸੰਘ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਸੁਲਝਾਉਣ ਵਿੱਚ ਸਫ਼ਲ ਰਿਹਾ।
ਆਜ਼ਾਦੀ ਤੇ ਸਾਸ਼ਨ ਪ੍ਰਣਾਲੀ
14 ਅਗਸਤ 1941 ਨੂੰ ਅਮਰੀਕਾ ਦੇ ਤੱਤਕਾਲੀ ਰਾਸ਼ਟਰਪਤੀ ਰੂਜ਼ਵੈਲਟ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਚਰਚਿਲ ਨੇ ਦੂਜੇ ਵਿਸ਼ਵ ਯੁੱਧ ਸਬੰਧੀ ਚਾਰਟਰ ਤਿਆਰ ਕੀਤਾ ਸੀ ਜਿਸ ਵਿੱਚ ਕਿਸੇ ਵੀ ਦੇਸ਼ ਦੀ ਸੁਤੰਤਰਤਾ ਤੇ ਸ਼ਾਸਨ ਪ੍ਰਣਾਲੀ ਵਿੱਚ ਦਖ਼ਲ ਨਾ ਦੇਣ ਦੀ ਗੱਲ ਕੀਤੀ ਗਈ ਸੀ। ਕੁਝ ਮਹੀਨਿਆਂ ਬਾਅਦ ਆਪਸੀ ਸਹਿਯੋਗ ਸਬੰਧੀ ਵੀ ਐਲਾਨ ਕੀਤਾ ਗਿਆ। ਸੰਯੁਕਤ ਰਾਸ਼ਟਰ ਸੰਘ ਦੇ ਉਦੇਸ਼ਾਂ ਦੀ ਗੱਲ ਕਰਦੇ ਹੋਏ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਦਾ ਮੁੱਖ ਉਦੇਸ਼ ਕੌਮਾਂਤਰੀ ਸ਼ਾਂਤੀ ਤੇ ਸੁਰੱਖਿਆ ਸਥਾਪਤ ਕਰਨਾ ਤੇ ਵੱਖ-ਵੱਖ ਦੇਸ਼ਾਂ ਵਿੱਚ ਮਿੱਤਰਤਾਪੂਰਨ ਸਬੰਧ ਸਥਾਪਤ ਕਰਨਾ ਸੀ।
ਕੌਮਾਂਤਰੀ ਪੱਧਰ ’ਤੇ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਸਮੱਸਿਆਵਾਂ ਨੂੰ ਆਪਸੀ ਮਿਲਵਰਤਣ ਨਾਲ ਹੱਲ ਕਰਨਾ ਤੇ ਅੰਤਰਰਾਸ਼ਟਰੀ ਸ਼ਾਂਤੀ ਭੰਗ ਕਰਨ ਜਾਂ ਯੁੱਧ ਛੇੜਨ ਵਾਲੇ ਦੇਸ਼ਾਂ ਵਿਰੁੱਧ ਉਚਿਤ ਕਾਰਵਾਈ ਕਰਨਾ ਵੀ ਇਸ ਸੰਘ ਦੇ ਉਦੇਸ਼ਾਂ ਵਿੱਚ ਸ਼ਾਮਲ ਹੈ। ਕੋਈ ਵੀ ਸ਼ਾਂਤੀ-ਪਸੰਦ ਦੇਸ਼, ਜੋ ਇਸ ਦੇ ਚਾਰਟਰ ਦੀਆਂ ਸ਼ਰਤਾਂ ਨੂੰ ਮੰਨਦਾ ਹੋਵੇ, ਇਸ ਦਾ ਮੈਂਬਰ ਬਣ ਸਕਦਾ ਹੈ, ਸੁਰੱਖਿਆ ਪ੍ਰੀਸ਼ਦ ਦੀ ਸਿਫ਼ਾਰਸ਼ ’ਤੇ ਕਿਸੇ ਵੀ ਰਾਜ ਨੂੰ ਮਹਾਂਸਭਾ ਸੰਯੁਕਤ ਰਾਸ਼ਟਰ ਵਿੱਚ ਦਾਖ਼ਲ ਕਰ ਸਕਦੀ ਹੈ। ਪੰਜ ਦੇਸ਼ ਅਮਰੀਕਾ, ਰੂਸ, ਇੰਗਲੈਂਡ, ਫਰਾਂਸ ਤੇ ਚੀਨ ਇਸ ਸੰਘ ਦੇ ਸਥਾਈ ਮੈਂਬਰ ਹਨ। ਸੰਯੁਕਤ ਰਾਸ਼ਟਰ ਸੰਘ ਦੀਆਂ ਛੇ ਅਧਿਕਾਰਕ ਭਾਸਾਵਾਂ ਹਨ ਜਿਨ੍ਹਾਂ ਵਿਚ ਅਰਬੀ, ਚੀਨੀ, ਅੰਗਰੇਜੀ, ਫਰਾਂਸੀਸੀ, ਸਪੇਨੀ ਤੇ ਰੂਸੀ ਆਦਿ ਹਨ।
ਸਮਾਜਿਕ ਤੇ ਆਰਥਿਕ ਵਿਕਾਸ
ਸੰਯੁਕਤ ਰਾਸ਼ਟਰ ਸੰਘ ਵਿਸ਼ਵ ਦੀ ਬਹੁਤ ਹੀ ਸ਼ਕਤੀਸ਼ਾਲੀ ਸੰਸਥਾ ਹੈ। ਇਸ ਨੂੰ ਚਲਾਉਣ ਲਈ ਇਸ ਦੇ ਕਈ ਹੋਰ ਮਹੱਤਵਪੂਰਨ ਅਦਾਰੇ ਵੀ ਹਨ ਜੋ ਇਸ ਦੇ ਸੁਚਾਰੂ ਢੰਗ ਨਾਲ ਕੰਮ ਕਰਨ ਲਈ ਇਸ ਦੀ ਹਰ ਸੰਭਵ ਮੱਦਦ ਕਰਦੇ ਹਨ। ਮਹਾਂਸਭਾ, ਸੁਰੱਖਿਆ ਪਰਿਸ਼ਦ, ਆਰਥਿਕ ਅਤੇ ਸਮਾਜਿਕ ਪਰਿਸ਼ਦ, ਸੁਰੱਖਿਆ ਪਰਿਸ਼ਦ, ਅੰਤਰਰਾਸ਼ਟਰੀ ਅਦਾਲਤ ਤੇ ਸਕੱਤਰੇਤ ਇਸ ਦੇ ਅੰਗ ਹਨ। ਚਾਰਟਰ ਤੇ ਅੰਤਰਰਾਸ਼ਟਰੀ ਸ਼ਾਂਤੀ ਨਾਲ ਸਬੰਧਤ ਸਾਰੇ ਮਾਮਲੇ ਮਹਾਂਸਭਾ ਦੇ ਅਧੀਨ ਆਉਂਦੇ ਹਨ।
ਵਿਸ਼ਵ ਦੇ ਦੇਸ਼ਾਂ ਦੇ ਆਰਥਿਕ ਤੇ ਸਮਾਜਿਕ ਵਿਕਾਸ ਲਈ ਆਰਥਿਕ ਤੇ ਸਮਾਜਿਕ ਪਰਿਸ਼ਦ ਕੰਮ ਕਰਦੀ ਹੈ। ਇਸ ਦੇ ਅਧੀਨ ਅੰਤਰਰਾਸ਼ਟਰੀ ਮਜ਼ਦੂਰ ਸੰਘ, ਸੰਯੁਕਤ ਰਾਸ਼ਟਰੀ ਸਿੱਖਿਆ ਵਿਗਿਆਨ ਤੇ ਸੰਸਕਿ੍ਰਤੀ ਸੰਗਠਨ (ਯੂਨੈਸਕੋ), ਵਿਸ਼ਵ ਸਿਹਤ ਸੰਗਠਨ ਆਦਿ ਆਉਂਦੇ ਹਨ। ਦੇਸ਼ਾਂ ਦੇ ਆਪਸੀ ਮਸਲਿਆਂ ਨੂੰ ਹੱਲ ਕਰਨ ਲਈ ਅੰਤਰਰਾਸ਼ਟਰੀ ਅਦਾਲਤ ਦਾ ਸਹਾਰਾ ਲਿਆ ਜਾਂਦਾ ਹੈ। ਇਸ ਤਰ੍ਹਾਂ ਹਰ ਅਦਾਰਾ ਆਪਣੇ-ਆਪਣੇ ਤਰੀਕੇ ਨਾਲ ਸੰਯੁਕਤ ਰਾਸ਼ਟਰ ਸੰਘ ਦੀ ਮੱਦਦ ਕਰਦਾ ਹੈ।
ਅਫਗਾਨਿਸਤਾਨ ਨੇ ਪਾਕਿਸਤਾਨ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ, ਸੈਮੀਫਾਈਨਲ ਦੀ ਰਾਹ ਪਾਕਿ ਲਈ ਮੁਸ਼ਕਿਲ
ਸੰਯੁਕਤ ਰਾਸ਼ਟਰ ਸੰਘ ਨੂੰ ਸਥਾਪਤ ਹੋਇਆਂ ਅੱਜ ਤਕਰੀਬਨ 78 ਸਾਲ ਹੋ ਚੁੱਕੇ ਹਨ। ਇਸ ਨੇ ਵਿਸ਼ਵ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ। ਜੇਕਰ ਰਾਜਨੀਤਕ ਖੇਤਰ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਨੇ ਮਾਰਚ 1946 ਵਿੱਚ ਸੋਵੀਅਤ ਸੰਘ-ਇਰਾਨ ਦੇ ਆਪਸੀ ਮਸਲਿਆਂ ਨੂੰ ਸੁਲਝਾਇਆ ਸੀ। ਸੰਨ 1965 ਦਾ ਭਾਰਤ-ਪਾਕਿਸਤਾਨ ਯੁੱਧ ਬੰਦ ਕਰਵਾਉਣ ਵਿੱਚ ਆਪਣਾ ਯੋਗਦਾਨ ਪਾਇਆ ਸੀ। ਇਸੇ ਤਰ੍ਹਾਂ ਕਈ ਹੋਰ ਦੇਸ਼ਾਂ ਦੇ ਆਪਸੀ ਯੁੱਧਾਂ ਤੇ ਝਗੜਿਆਂ ਨੂੰ ਵੀ ਕਾਫ਼ੀ ਹੱਦ ਤੱਕ ਸੁਲਝਾਉਣ ਵਿੱਚ ਇਹ ਸੰਘ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ। ਸਮਾਜਿਕ ਖੇਤਰ ਵਿੱਚ ਵੀ ਇਸ ਨੇ ਕਈ ਭਲਾਈ ਦੇ ਕੰਮ ਕੀਤੇ ਹਨ।
ਇਸ ਸੰਘ ਦੇ ਅਦਾਰੇ ਯੂਨੈਸਕੋ ਨੇ ਪਿਛੜੇ ਹੋਏ ਦੇਸ਼ਾਂ ਵਿੱਚ ਸਿੱਖਿਆ ਤੇ ਵਿਗਿਆਨਕ ਦੀ ਤਰੱਕੀ ਲਈ ਬਹੁਤ ਸਹਾਇਤਾ ਕੀਤੀ ਹੈ। ਆਰਥਿਕ ਮਸਲਿਆਂ ਸਬੰਧੀ ਨਜ਼ਰ ਮਾਰਿਆਂ ਪਤਾ ਲੱਗਦਾ ਹੈ ਕਿ ਇਸ ਦੇ ਵਿਸ਼ਵ ਬੈਂਕ ਨੇ ਬਹੁਤ ਸਾਰੇ ਆਰਥਿਕ ਪੱਖੋਂ ਕਮਜ਼ੋਰ ਦੇਸ਼ਾਂ ਦੀ ਸਹਾਇਤਾ ਕੀਤੀ ਹੈ। ਇਸ ਤੋਂ ਬਿਨਾਂ ਕਈ ਹੋਰ ਖੇਤਰਾਂ ਵਿੱਚ ਵੀ ਇਸ ਨੇ ਮੱਲਾਂ ਮਾਰੀਆਂ ਹਨ। ਇਨ੍ਹਾਂ ਅਦਾਰਿਆਂ ਤੋਂ ਬਿਨਾਂ ਇਸ ਦੇ ਕਈ ਹੋਰ ਅਦਾਰੇ ਜਿਵੇਂ ਅੰਤਰਰਾਸ਼ਟਰੀ ਮਜ਼ਦੂਰ ਸੰਘ, ਅੰਤਰਰਾਸ਼ਟਰੀ ਮੁਦਰਾ ਕੋਸ਼, ਅੰਤਰਰਾਸ਼ਟਰੀ ਫਾਈਨੈਂਸ ਕਾਰਪੋਰੇਸ਼ਨ, ਯੂਨੀਵਰਸਲ ਪੋਸਟਲ ਯੂਨੀਅਨ ਆਦਿ ਅਦਾਰਿਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਮੁੱਖ ਦਫ਼ਤਰ ਹਨ।
ਅੱਤਵਾਦ ਇੱਕ ਭਖਦਾ ਮਸਲਾ
ਸੰਯੁਕਤ ਰਾਸ਼ਟਰ ਸੰਘ ਨੇ ਹੁਣ ਤੱਕ ਕਈ ਮਹੱਤਵਪੂਰਨ ਕੰਮ ਕੀਤੇ ਹਨ ਪਰ ਫਿਰ ਵੀ ਇਸ ਦਾ ਰਾਹ ਐਨਾ ਸੌਖਾ ਨਹੀਂ ਹੈ। ਇਸ ਦੇ ਰਾਹ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਿਰ ਕੱਢੀ ਖੜ੍ਹੀਆਂ ਹਨ, ਜਿਨ੍ਹਾਂ ਨੂੰ ਜਲਦੀ ਹੀ ਹੱਲ ਕਰਨ ਦੀ ਲੋੜ ਹੈ। ਅੱਜ ਭਾਰਤ ਵਿੱਚ ਅੱਤਵਾਦ ਇੱਕ ਭਖ਼ਦਾ ਮਸਲਾ ਹੈ। ਕੋਈ ਵੀ ਦੇਸ਼ ਇਸ ਤੋਂ ਅਣਜਾਣ ਨਹੀਂ ਰਿਹਾ ਹੈ। ਹਰ ਰੋਜ਼ ਕਿਸੇ ਨਾ ਕਿਸੇ ਦੇਸ਼ ਵਿੱਚ ਅੱਤਵਾਦੀ ਹਮਲਾ ਮੀਡੀਆ ਤੇ ਅਖ਼ਬਾਰਾਂ ਦੀ ਸੁਰਖ਼ੀ ਬਣਦਾ ਹੈ।
ਕਦੇ ਰੂਸ ਤੇ ਯੂਕਰੇਨ ਦਾ ਯੁੱਧ, ਕਦੇ ਇਜ਼ਰਾਈਲ ਅਤੇ ਹਮਾਸ ਦਾ, ਕਿੰਨੇ ਹੀ ਲੋਕ ਅਜਾਈਂ ਮਾਰੇ ਜਾ ਰਹੇ ਹਨ। ਕਈ ਦੇਸ਼ਾਂ ਨੂੰ ‘ਅੱਤਵਾਦੀ ਮੁਲਕ’ ਕਰਾਰ ਦਿੱਤਾ ਜਾ ਚੁੱਕਾ ਹੈ ਪਰ ਫਿਰ ਵੀ ਸੰਘ ਉਨ੍ਹਾਂ ਪ੍ਰਤੀ ਕੋਈ ਪ੍ਰਭਾਵਸ਼ਾਲੀ ਕਦਮ ਚੁੱਕਣ ਵਿੱਚ ਨਾਕਾਮਯਾਬ ਨਹੀਂ ਰਿਹਾ ਹੈ। ਅਮਰੀਕਾ ਉੱਤੇ 11 ਸਤੰਬਰ 2011 ਦਾ ਹਮਲਾ, ਭਾਰਤੀ ਸੰਸਦ ’ਤੇ 13 ਦਸੰਬਰ 2001 ਦਾ ਹਮਲਾ, ਮੁੰਬਈ ’ਤੇ 26 ਨਵੰਬਰ 2008 ਦਾ ਹਮਲਾ ਤੇ ਹੋਰ ਪਤਾ ਨਹੀਂ ਕਿੰਨੇ ਕੁ ਹਮਲੇ ਹੋ ਚੁੱਕੇ ਹਨ?
United Nations Organization
ਪ੍ਰਾਪਤ ਜਾਣਕਾਰੀ ਅਨੁਸਾਰ ਸੰਯੁਕਤ ਰਾਸ਼ਟਰ ਦੇ ਫ਼ੈਸਲੇ ਵੀ ਪ੍ਰਸਤਾਵ ਦਾ ਹੀ ਇੱਕ ਰੂਪ ਹੁੰਦੇ ਹਨ ਜਿਨ੍ਹਾਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਸਰੋਤਾਂ ਅਨੁਸਾਰ ਇਸ ਦੇ ਫ਼ੈਸਲਿਆਂ ਨੂੰ ਅਕਸਰ ਹੀ ਕਈ ਦੇਸ਼ ਲਾਗੂ ਨਹੀਂ ਕਰਦੇ। ਇਸ ਦੀ ਆਪਣੀ ਸਥਾਈ ਸੈਨਾ ਨਹੀਂ ਹੈ ਜੋ ਕਿ ਇਸ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ। ਸੰਯੁਕਤ ਰਾਸ਼ਟਰ ਸੰਘ ਇੱਕ ਮਹੱਤਵਪੂਰਨ ਤੇ ਸ਼ਕਤੀਸ਼ਾਲੀ ਸੰਸਥਾ ਹੈ। ਭਾਵੇਂ ਇਸ ਵਿੱਚ ਕਈ ਕਮੀਆਂ ਹਨ ਪਰ ਫਿਰ ਵੀ ਇਹ ਅੱਜ ਦੇ ਸਮੇਂ ਦੀ ਲੋੜ ਹੈ। ਸੰਯੁਕਤ ਰਾਸ਼ਟਰ ਸੰਘ ਵਿਸ਼ਵ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਹਰ ਸੰਭਵ ਯਤਨ ਕਰਦਾ ਹੈ। ਅੱਜ ਜਰੂਰਤ ਮਹਿਸੂਸ ਹੁੰਦੀ ਹੈ ਕਿ ਸੰਯੁਕਤ ਰਾਸ਼ਟਰ ਸੰਗਠਨ ਦੀਆਂ ਕਮੀਆਂ ਨੂੰ ਦੂਰ ਕਰਕੇ ਇਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਯਤਨ ਕਰਨੇ ਚਾਹੀਦੇ ਹਨ।
ਲੈਕਚਰਾਰ ਲਲਿਤ ਗੁਪਤਾ
ਮੰਡੀ ਅਹਿਮਦਗੜ੍ਹ
ਮੋ. 97815-90500