ਕਿਸਾਨਾਂ ਦੀ ਸਹੂਲਤ ਲਈ ਬੀਜਾਂ ਸਬੰਧੀ ਰੋਡਮੈਪ ਬਣਾਉਣ ਸੂਬੇ: ਤੋਮਰ
(ਏਜੰਸੀ)
ਨਵੀਂ ਦਿੱਲੀ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ ਕਿਸਾਨਾਂ ਨੂੰ ਸਮੇਂ ਸਿਰ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਸਪਲਾਈ ਲਈ 10 ਤੋਂ 15 ਸਾਲਾਂ ਦਾ ਰੋਡਮੈਪ ਤਿਆਰ ਕਰਨ ਦੀ ਅਪੀਲ ਕੀਤੀ ਹੈ।
ਦੇਸ ਦੀ ਆਜ਼ਾਦੀ ਦੇ ਅੰਮਿ੍ਰਤ ਮਹੋਤਸਵ ਤਹਿਤ ਮੰਗਲਵਾਰ ਨੂੰ ’ਬੀਜ ਲੜੀ ਵਿਕਾਸ’ ’ਤੇ ਰਾਸ਼ਟਰੀ ਵੈਬੀਨਾਰ ਦਾ ਆਯੋਜਨ ਕੀਤਾ ਗਿਆ, ਜਿਸ ’ਚ ਤੋਮਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਦੇਸ ਦੇ ਕਿਸਾਨਾਂ ਦੀ ਸਹੂਲਤ ਲਈ ਕੇਂਦਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੂੰ 10 ਤੋਂ 15 ਸਾਲਾਂ ’ਚ ਇੱਕ ਰੋਡਮੈਪ ਤਿਆਰ ਕਰਨਾ ਚਾਹੀਦਾ ਹੈ।
ਤੋਮਰ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਚੰਗੀ ਗੁਣਵੱਤਾ ਵਾਲੇ ਬੀਜਾਂ ਦੀ ਸਮੇਂ ਸਿਰ ਸਪਲਾਈ ਕੀਤੀ ਜਾਵੇ। ਕਾਲਾਬਾਜ਼ਾਰੀ ਅਤੇ ਨਕਲੀ ਬੀਜ ਵੇਚਣ ਵਾਲਿਆਂ ’ਤੇ ਸੂਬਾ ਸਰਕਾਰਾਂ ਸਖਤੀ ਨਾਲ ਰੋਕ ਲਾਵੇ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਬੀਜਾਂ ਦੀ ਮਹੱਤਤਾ ਨੂੰ ਜਾਣਦੇ ਹਾਂ। ਜੇਕਰ ਬੀਜ ਚੰਗਾ ਹੈ ਤਾਂ ਭਵਿੱਖ ਚੰਗਾ ਹੈ। ਫਿਰ ਚਾਹੇ ਵਿਅਕਤੀ ਦੀ ਗੱਲ ਹੋਵੇ ਜਾਂ ਖੇਤੀ ਲਈ ਬੀਜ ਦੀ।
ਖੇਤੀ ਲਈ ਚੰਗੇ ਬੀਜਾਂ ਦੀ ਉਪਲੱਬਧਤਾ ਕਿਸਾਨਾਂ ਦੀ ਪੈਦਾਵਾਰ-ਉਤਪਾਦਕਤਾ ਅਤੇ ਆਮਦਨ ਵਿੱਚ ਵਾਧਾ ਕਰਦੀ ਹੈ। ਖੇਤੀ ਦੇ ਨਾਲ-ਨਾਲ ਦੇਸ ਦੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਖੇਤੀ ਦੀ ਤਾਕਤ ਨੂੰ ਦੇਸ਼ ਦੀ ਤਾਕਤ ਬਣਨ ਦਿਓ, ਇਹ ਉਪਰਾਲਾ ਕੇਂਦਰ ਸਰਕਾਰ ਨੇ ਕੀਤਾ ਹੈ ਅਤੇ ਜੋ ਕੰਮ ਬਚਿਆ ਹੈ, ਉਸ ਨੂੰ ਸਾਰਿਆਂ ਨੇ ਮਿਲ ਕੇ ਪੂਰਾ ਕਰਨਾ ਹੈ।
ਖੇਤੀਬਾੜੀ ਮੰਤਰੀ ਨੇ ਅੱਗੇ ਨੇ ਕਿਹਾ ਕਿ ਪੂਰੀ ਬੀਜ ਲੜੀ ਨੂੰ ਸੰਗਠਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੇ ਨਾਲ ਹੀ ਜਿਨ੍ਹਾਂ ਖੇਤਰਾਂ ਵਿਚ ਫਸਲਾਂ ਦੇ ਬੀਜਾਂ ਦੀ ਘਾਟ ਹੈ, ਉਨ੍ਹਾਂ ਦੇ ਬੀਜ ਉਪਲਬਧ ਕਰਵਾਏ ਜਾਣ ਤਾਂ ਜੋ ਉਤਪਾਦਕਤਾ ’ਚ ਵਾਧਾ ਕੀਤਾ ਜਾ ਸਕੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ














