ਸਿਨੇਮਾ, ਜਿੰਮ ਤੇ ਮਾਲ 30 ਅਪਰੈਲ ਤੱਕ ਬੰਦ, ਬੱਸਾਂ ’ਚ ਸਵਾਰੀਆਂ ਹੋਈਆਂ ਅੱਧੀਆਂ
ਅਸ਼ਵਨੀ ਚਾਵਲਾ, ਚੰਡੀਗੜ੍ਹ। ਪੰਜਾਬ ਵਿੱਚ ਹੁਣ ਰਾਤ 8 ਵਜੇ ਹੀ ਕਰਫਿਊ ਲਗ ਲੱਗਿਆ ਕਰੇਗਾ, ਜਿਹੜਾ ਪਹਿਲਾਂ 9 ਵਜੇ ਲੱਗਦਾ ਸੀ। ਇਸ ਦੇ ਨਾਲ ਹੀ ਐਤਵਾਰ ਨੂੰ ਮੁਕੰਮਲ ਲਾਕ ਡਾਊਨ ਰਹੇਗਾ। ਹੁਣ ਸ਼ਨਿੱਚਰਵਾਰ ਨੂੰ ਸ਼ਾਮ 8 ਵਜੇ ਤੋਂ ਕਰਫਿਊ ਸ਼ੁਰੂ ਹੋ ਕੇ ਸੋਮਵਾਰ ਸਵੇਰੇ 5 ਵਜੇ ਤੱਕ ਜਾਰੀ ਰਹੇਗਾ। ਇਸ ਦਿਨ ਕੋਈ ਵੀ ਦੁਕਾਨ ਨਹੀਂ ਖੁੱਲ੍ਹੇਗੀ। ਇਸ ਦੌਰਾਨ ਕੋਈ ਵੀ ਕਰਫਿਊ ਦੇ ਨਿਯਮਾਂ ਦੀ ਉਲੰਘਣਾ ਕਰਦਾ ਨਜ਼ਰ ਆਇਆ ਤਾਂ ਉਸ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਏਗੀ।
ਪੰਜਾਬ ਸਮੇਤ ਪੂਰੇ ਦੇਸ ਵਿਚ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਰੜੀਆਂ ਪਾਬੰਦੀਆਂ ਲਾਉਣ ਦੇ ਹੁਕਮ ਦਿੱਤੇ ਜੋ ਕਿ ਭਲਕ ਮੰਗਲਵਾਰ ਤੋਂ ਲਾਗੂ ਹੋਣਗੇ। ਪੰਜਾਬ ਵਿੱਚ ਭਲਕ ਤੋਂ ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾ, ਕੋਚਿੰਗ ਸੈਂਟਰ, ਖੇਡ ਕੰਪਲੈਕਸ ਬੰਦ ਰਹਿਣਗੇ ਅਤੇ ਇਨਾਂ ਨੂੰ 30 ਅਪਰੈਲ ਤੋਂ ਪਹਿਲਾਂ ਖੁਲਣ ਦੀ ਛੋਟ ਨਹੀਂ ਹੋਏਗੀ। ਸੋਮਵਾਰ ਤੋਂ ਲੈ ਕੇ ਸ਼ਨਿੱਚਰਵਾਰ ਤੱਕ ਰੈਸਟੋਰੈਂਟਾਂ ਅਤੇ ਹੋਟਲਾਂ ਨੂੰ ਸਿਰਫ ਖਾਣਾ ਘਰ ਲਿਜਾਣ ਤੇ ਹੋਮ ਡਿਲਿਵਰੀ ਦੀ ਇਜਾਜਤ ਦਿੱਤੀ ਗਈ ਹੈ।
ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਇਹ ਨਵੀਆਂ ਪਾਬੰਦੀਆਂ, ਜਿਨਾਂ ਵਿਚ ਸਾਰੇ ਮਾਲ, ਦੁਕਾਨਾਂ ਅਤੇ ਬਾਜਾਰਾਂ ਨੂੰ ਐਤਵਾਰ ਦੇ ਦਿਨ ਬੰਦ ਕਰਨਾ ਸਾਮਲ ਹੈ, ਪਹਿਲਾਂ ਵਾਲੀਆਂ ਪਾਬੰਦੀਆਂ ਸਮੇਤ 30 ਅਪ੍ਰੈਲ ਤੱਕ ਲਾਗੂ ਰਹਿਣਗੀਆਂ। ਪੂਰੇ ਸੂਬੇ ਵਿਚ ਵਿਆਹਾਂ/ਸਸਕਾਰ ਸਮੇਤ 20 ਤੋਂ ਜਿਆਦਾ ਵਿਅਕਤੀਆਂ ਦੇ ਇਕੱਠਾਂ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਅਤੇ 10 ਤੋਂ ਵੱਧ ਵਿਅਕਤੀਆਂ ਦੇ ਸਾਰੇ ਇਕੱਠਾਂ, ਸਿਰਫ ਸਸਕਾਰ ਨੂੰ ਛੱਡ ਕੇ, ਲਈ ਜਿਲਾ ਪ੍ਰਸਾਸਨ ਦੀ ਅਗਾਊਂ ਮਨਜੂਰੀ ਜਰੂਰੀ ਕਰਾਰ ਦਿੱਤੀ ਗਈ ਹੈ।
ਪੰਜਾਬ ਸਰਕਾਰ ਦੇ ਫੈਸਲੇ
- ਨਿੱਜੀ ਲੈਬ ’ਚ ਕੋਰੋਨਾ ਟੈਸਟ ਆਰਟੀਈ-ਪੀਸੀਆਰ ਅਤੇ ਰੈਪਿਡ ਐਂਟੀਜ਼ਨ ਟੈਸਟ (ਆਰਏਟੀ) ਦੀ ਕੀਮਤ ਘਟਾ ਕੇ ਤਰਤੀਬਵਾਰ 450 ਰੁਪਏ ਤੇ 300 ਰੁਪਏ ਕੀਤੀ ਘਰੋਂ ਸੈਂਪਲ ਦੇ ਵੱਖਰੇ ਪੈਸੇ ਲੱਗਣਗੇ
- ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਸੂਬੇ ’ਚੋਂ ਬਾਹਰ ਆਉਣ ਵਾਲੇ ਮੁਸਾਫਰਾਂ ਲਈ ਬਣਨਗੇ ਕੋਰੋਨਾ ਟੈਸਟ ਕੇਂਦਰ ਅਤੇ ਯੋਗ ਨੂੰ ਲਾਇਆ ਜਾਵੇਗਾ ਟੀਕਾ
- ਪਟਵਾਰੀਆਂ?ਦੀ ਭਰਤੀ ਪ੍ਰੀਖਿਆ ਮੁਲਤਵੀ, ਹੁੜ ਬੀਡੀਐਸ, ਬੀਏਐਮਐਸ ਦੇ ਪਹਿਲੇ , ਦੂਜੇ ਤੇ ਤੀਜੇ ਵਰ੍ਹੇ ਅਤੇ ਨਰਸਿੰਗ ਦੇ ਪਹਿਲੇ ਵਰ੍ਹੇ ਲਈ ਹੋਵੇਗੀ ਆਨਲਾਈਨ ਪ੍ਰੀਖਿਆ
- ਕੋਰੋਨਾ ਮਰੀਜ਼ਾਂ ਨਾਲ ਸੰਪਰਕ ’ਚ ਆਏ ਵਿਅਕਤੀਆਂ ਦੀ ਪਛਾਣ ਕਰਨ ਲਈ ਅਧਿਆਪਕਾਂ ਦੀ ਵੀ ਲਾਈ ਜਾਵੇਗੀ ਡਿਊਟੀ
- ਸੂਬੇ ਦੇ ਨਿੱਜੀ ਹਸਪਤਾਲਾਂ ਨੂੰ 75 ਫੀਸਦੀ ਬੈੱਡ ਰਾਂਖਵੇਂ ਰੱਖਣ ਲਈ ਕਿਹਾ
18 ਸਾਲ ਤੋਂ ਵੱਧ ਉਮਰ ਦੇ ਸਾਰੇ ਵਿਅਕਤੀਆਂ ਨੂੰ ਲੱਗੇਗੀ ਕੋਰੋਨਾ ਵੈਕਸੀਨ
ਏਜੰਸੀ, ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਨਾਲ ਜੰਗ ਲਈ ਵੈਕਸੀਨੇਸ਼ਨ ਦੇ ਅਭਿਆਨ ਨੂੰ ਸਰਕਾਰ ਨੇ ਤੇਜ਼ ਕਰਨ ਦਾ ਫੈਸਲਾ ਲਿਆ ਹੈ। ਹੁਣ 1 ਮਈ ਤੋਂ 18 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਕੋਰੋਨਾ ਦਾ ਟੀਕਾ ਲੱਗੇਗਾ। ਪੀਐਮ ਨਰਿੰਦਰ ਮੋਦੀ ਦੀ ਅਗਵਾਈ ’ਚ ਸੋਮਵਾਰ ਨੂੰ ਹੋਈ ਮੀਟਿੰਗ ’ਚ ਇਹ ਫੈਸਲਾ ਲਿਆ ਗਿਆ। ਜ਼ਿਕਰਯੋਗ ਹੈ ਕਿ ਸਭ ਨੂੰ ਕੋਰੋਨਾ ਵੈਕਸੀਨ ਦਿੱਤੇ ਜਾਣ ਦੀ ਮੰਗ ਉੱਠ ਰਹੀ ਸੀ। ਇਸ ਦੌਰਾਨ ਮੋਦੀ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਦਿੱਤੇ ਜਾਣ ਦਾ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ 45 ਸਾਲ ਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਾਈ ਜਾ ਰਹੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਹੀ ਮੁਖ ਡਾਕਟਰਾਂ ਨਾਲ ਬੈਠਕ ’ਚ ਕਿਹਾ ਕਿ ਕੋਵਿਡ-19 ਨਾਲ ਲੜਾਈ ’ਚ ਟੀਕਾਕਰਨ ਸਭ ਤੋਂ ਵੱਡਾ ਹਥਿਆਰ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.