ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿਜੀਲੈਂਸ ਬਿਊਰੋ (Vigilance Bureau) ਵੱਲੋਂ ਸੂਬੇ ਵਿੱਚ ਭਿ੍ਰਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਇੱਕ ਸਰਕਾਰੀ ਮੁਲਾਜ਼ਮ ਨੂੰ ਬਲੈਕਮੇਲ ਕਰਕੇ ਉਸ ਕੋਲੋਂ 1,50,000 ਰੁਪਏ ਜ਼ਬਰੀ ਵਸੂਲੀ ਕਰਨ ਦੇ ਦੋਸ਼ ਹੇਠ ਤਿੰਨ ਪ੍ਰਾਈਵੇਟ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿੱਚ ਨਾਭਾ, ਪਟਿਆਲਾ ਦਾ ਇੱਕ ਪ੍ਰਾਪਰਟੀ ਏਜੰਟ ਉਮਰਦੀਨ, ਸਲੀਮ ਤੇ ਇੱਕ ਨਿੱਜੀ ਚੈਨਲ ਦਾ ਪੱਤਰਕਾਰ ਰੁਪਿੰਦਰ ਕੁਮਾਰ ਉਰਫ਼ ਡਿੰਪਲ ਸ਼ਾਮਲ ਹਨ। ਇਨ੍ਹਾਂ ਨੂੰ ਤਹਿਸੀਲ ਨਾਭਾ ਵਿਖੇ ਤਾਇਨਾਤ ਰਜਿਸਟਰੀ ਕਲਰਕ ਰੁਪਿੰਦਰ ਸਿੰਘ ਵਾਸੀ ਪਟਿਆਲਾ ਦੀ ਸ਼ਿਕਾਇਤ ’ਤੇ ਨਾਭਾ ਸ਼ਹਿਰ ਤੋਂ ਗਿ੍ਰਫ਼ਤਾਰ ਕੀਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਉਕਤ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਮੁਲਜ਼ਮ ਉਮਰਦੀਨ ਅਤੇ ਉਸਦੇ ਸਾਥੀ ਉਸ ਨੂੰ ਬਲੈਕਮੇਲ ਕਰ ਰਹੇ ਹਨ ਅਤੇ 500 ਰੁਪਏ ਦੀ ਕਥਿਤ ਰਿਸ਼ਵਤ ਲੈਂਦੇ ਹੋਏ ਦੀ ਵੀਡੀਓ ਵਾਇਰਲ ਨਾ ਕਰਨ ਅਤੇ ਵਿਜੀਲੈਂਸ ਬਿਊਰੋ ਨੂੰ ਸ਼ਿਕਾਇਤ ਨਾ ਕਰਨ ਬਦਲੇ 5,00,000 ਰੁਪਏ ਮੰਗ ਰਹੇ ਹਨ।
ਰਜਿਸਟਰੀ ਦੌਰਾਨ ਰਿਸ਼ਵਤ ਨਹੀਂ ਲਈ : ਸ਼ਿਕਾਇਤਕਰਤਾ
ਸ਼ਿਕਾਇਤਕਰਤਾ ਨੇ ਸਪੱਸ਼ਟ ਕੀਤਾ ਕਿ ਉਸ ਨੇ ਰਜਿਸਟਰੀ ਦੌਰਾਨ ਕੋਈ ਵੀ ਰਿਸ਼ਵਤ ਨਹੀਂ ਲਈ, ਜਿਸ ਵਿੱਚ ਉਮਰਦੀਨ ਇੱਕ ਗਵਾਹ ਸੀ ਬਲਕਿ ਉਹ ਇੱਕ ਵਿਅਕਤੀ ਨੂੰ ਛੋਟੇ ਨੋਟ ਦੇਣ ਬਦਲੇ ਉਸ ਕੋਲੋਂ 500 ਰੁਪਏ ਵਾਪਸ ਲੈ ਰਿਹਾ ਸੀ। ਇਸ ਦੌਰਾਨ ਉਕਤ ਮੁਲਜ਼ਮ ਨੇ ਉਸ ਤੋਂ ਪੈਸੇ ਵਸੂਲਣ ਦੇ ਇਰਾਦੇ ਨਾਲ ਆਪਣੇ ਮੋਬਾਈਲ ਨਾਲ ਵੀਡੀਓ ਬਣਾ ਲਈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਸੌਦਾ 2,50,000 ਰੁਪਏ ਵਿੱਚ ਤੈਅ ਹੋਇਆ ਹੈ ਅਤੇ ਉਕਤ ਮੁਲਜਮ ਉਮਰਦੀਨ ਉਸ ਤੋਂ ਪਹਿਲੀ ਕਿਸਤ ਵਜੋਂ 50,000 ਰੁਪਏ ਵੀ ਲੈ ਚੁੱਕਾ ਹੈ।
40 ਹਜ਼ਾਰ ਰੁਪਏ ਹੋਏ ਬਰਾਮਦ
ਉਪਰੋਕਤ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਵਿਜੀਲੈਂਸ ਬਿਉਰੋ (Vigilance Bureau) ਦੇ ਉਡਣ ਦਸਤਾ ਪੰਜਾਬ ਦੀ ਟੀਮ ਨੇ ਜਾਲ ਵਿਛਾਇਆ ਅਤੇ ਮੁਲਜਮ ਉਮਰਦੀਨ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ ਦੂਸਰੀ ਕਿਸਤ ਵਜੋਂ 1,50,000 ਰੁਪਏ ਦੀ ਜਬਰੀ ਵਸੂਲੀ ਕਰਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੀ ਟੀਮ ਨੇ ਉਸ ਕੋਲੋਂ ਸ਼ਿਕਾਇਤਕਰਤਾ ਤੋਂ ਪਹਿਲੀ ਕਿਸਤ ਵਜੋਂ ਲਏ 50,000 ਰੁਪਏ ਵਿੱਚੋਂ 40,000 ਰੁਪਏ ਵੀ ਬਰਾਮਦ ਕਰ ਲਏ। ਇਸ ਉਪਰੰਤ ਉਕਤ ਮਾਮਲੇ ਦੇ ਹੋਰ ਸਹਿ-ਮੁਲਜਮ ਸਲੀਮ ਅਤੇ ਰੁਪਿੰਦਰ ਕੁਮਾਰ ਉਰਫ਼ ਡਿੰਪਲ ਨੂੰ ਵੀ ਨਾਭਾ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ।
ਮਾਮਲਾ ਦਰਜ਼, ਜਾਂਚ ਜਾਰੀ
ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਆਈ.ਪੀ.ਸੀ. ਦੀ ਧਾਰਾ 419, 420, 384, 120-ਬੀ ਅਤੇ ਭਿ੍ਰਸਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਤਹਿਤ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਐਸ.ਏ.ਐਸ.ਨਗਰ, ਪੰਜਾਬ ਵਿਖੇ ਐਫ.ਆਈ.ਆਰ. ਨੰ. 2 ਮਿਤੀ 8-01-2023 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।