ਕੈਬਨਿਟ ਮੀਟਿੰਗ ਵਿੱਚੋਂ ਗਾਇਬ ਰਹੇ ਤਿੰਨ ਮੰਤਰੀ, ਸੁਖਜਿੰਦਰ ਰੰਧਾਵਾ, ਤ੍ਰਿਪਤ ਰਾਜਿੰਦਰ ਅਤੇ ਸੁਖਸਰਕਾਰੀ ਨਹੀਂ ਆਏ ਨਜ਼ਰ

ਬਿਨਾਂ ਕਿਸੇ ਜਾਣਕਾਰੀ ਦਿੱਤੇ ਰਹੇ ਗੈਰ ਹਾਜ਼ਰ, ਕੈਬਨਿਟ ਮੀਟਿੰਗ ਦਾ ਕੀਤਾ ਬਾਈਕਾਟ

ਦਿੱਲੀ ਵਿਖੇ ਡੇਰਾ ਲਾਏ ਹੋਣ ਦੀ ਚਰਚਾ ਪਰ ਨਹੀਂ ਮਿਲੀ ਕਿਸੇ ਨੂੰ ਕੋਈ ਜਾਣਕਾਰੀ

ਪੰਜਾਬ ਭਵਨ ਦਿੱਲੀ ਵਿਖੇ 27 ਅਗਸਤ ਤੱਕ ਲਈ ਕਮਰੇ ਬੁੱਕ ਕਰਵਾਏ ਹੋਏ ਹਨ ਮੰਤਰੀਆਂ ਨੇ

ਚੰਡੀਗੜ,(ਅਸ਼ਵਨੀ ਚਾਵਲਾ)। ਅਮਰਿੰਦਰ ਸਿੰਘ ਤੋਂ ਬਾਗੀ ਹੋਏ ਕੈਬਨਿਟ ਮੰਤਰੀਆਂ ਵਿੱਚੋਂ ਤਿੰਨ ਮੰਤਰੀਆਂ ਨੇ ਕੈਬਨਿਟ ਮੀਟਿੰਗ ਦਾ ਹੀ ਬਾਈਕਾਟ ਕਰਦੇ ਹੋਏ ਉਸ ਵਿੱਚ ਸ਼ਮੂਲੀਅਤ ਹੀ ਨਹੀਂ ਕੀਤੀ। ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਰਾਜਿੰਦਰ ਬਾਜਵਾ ਸਣੇ ਸੁਖਬਿੰਦਰ ਸੁਖਸਰਕਾਰੀਆ ਨੇ ਮੀਟਿੰਗ ਵਿੱਚੋਂ ਗੈਰ ਹਾਜ਼ਰ ਰਹਿਣ ਬਾਰੇ ਕੋਈ ਸੂਚਨਾ ਵੀ ਨਹੀਂ ਭੇਜੀ, ਜਿਸ ਕਾਰਨ ਕਿਸੇ ਨੂੰ ਪਤਾ ਹੀ ਨਹੀਂ ਹੈ ਕਿ ਆਖ਼ਰਕਾਰ ਇਹ ਤਿੰਨੇ ਮੰਤਰੀ ਕਿਥੇ ਹਨ। ਇਨਾਂ ਮੰਤਰੀਆਂ ਦਾ ਸਾਥ ਦੇਣ ਵਾਲੇ ਚਰਨਜੀਤ ਚੰਨੀ ਕੈਬਨਿਟ ਮੀਟਿੰਗ ਵਿੱਚ ਜਰੂਰ ਸ਼ਾਮਲ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਉਨਾਂ ਨੇ ਮੀਟਿੰਗ ਦੌਰਾਨ ਇੱਕ ਏਜੰਡੇ ’ਤੇ ਚਰਚਾ ਕਰਨੀ ਸੀ, ਜਿਸ ਕਾਰਨ ਹੀ ਉਹ ਮੀਟਿੰਗ ਵਿੱਚ ਸ਼ਾਮਲ ਹੋਏ ਹਨ। ਕੈਬਨਿਟ ਮੀਟਿੰਗ ਵਿੱਚੋਂ ਗਾਇਬ ਰਹਿਣ ਵਾਲੇ ਇਨਾਂ ਤਿੰਨ ਕੈਬਨਿਟ ਮੰਤਰੀਆਂ ਵਿੱਚੋਂ ਦੋ ਕੈਬਨਿਟ ਮੰਤਰੀ ਦਿੱਲੀ ਹੋਣ ਬਾਰੇ ਸੂਚਨਾ ਮਿਲ ਰਹੀ ਹੈ।

ਇਨਾਂ ਦੋਵਾਂ ਮੰਤਰੀਆਂ ਦੇ ਨਾਲ ਹੀ ਸੰਗਠਨ ਸਕੱਤਰ ਪਰਗਟ ਸਿੰਘ ਵੀ ਦਿੱਲੀ ਹੀ ਹਨ। ਹਾਲਾਂਕਿ ਇਨਾਂ ਦੇ ਦਿੱਲੀ ਹੋਣ ਬਾਰੇ ਕੋਈ ਪੁਸ਼ਟੀ ਤਾਂ ਨਹੀਂ ਕਰ ਰਿਹਾ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਤਿੰਨੇ ਆਪਣੇ ਬਾਕੀ ਸਾਥੀਆਂ ਨਾਲ ਜਲਦ ਹੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ। ਇਸ ਲਈ ਇਹ ਦਿੱਲੀ ਵਿਖੇ ਬੈਠ ਕੇ ਸਮਾਂ ਮੰਗ ਰਹੇ ਹਨ। ਇਨਾਂ ਕੈਬਨਿਟ ਮੰਤਰੀਆਂ ਵੱਲੋਂ ਦਿੱਲੀ ਵਿਖੇ ਰਹਿਣ ਲਈ ਪੰਜਾਬ ਭਵਨ ਵਿਖੇ ਕਮਰਾ ਵੀ 27 ਅਗਸਤ ਤੱਕ ਲਈ ਬੁੱਕ ਕਰਵਾਇਆ ਗਿਆ ਹੈ।

ਬੀਤੇ ਦਿਨੀਂ ਦੇਹਰਾਦੂਨ ਵਿਖੇ ਇਨਾਂ ਕੈਬਨਿਟ ਮੰਤਰੀਆਂ ਨੇ ਹਰੀਸ਼ ਰਾਵਤ ਨਾਲ ਮੁਲਾਕਾਤ ਕਰਦੇ ਹੋਏ ਆਪਣਾ ਪੱਖ ਰੱਖਿਆ ਸੀ ਅਤੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਚੁੱਕੀ ਸੀ ਪਰ ਹਰੀਸ਼ ਰਾਵਤ ਨੇ ਮੌਕੇ ’ਤੇ ਇਨਾਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਅਮਰਿੰਦਰ ਸਿੰਘ ਠੀਕ ਕੰਮ ਕਰ ਰਹੇ ਹਨ ਅਤੇ ਉਨਾਂ ਨੂੰ ਹਟਾਉਣ ਦਾ ਸੁਆਲ ਹੀ ਨਹੀਂ ਉੱਠਦਾ ਹੈ, ਇਸ ਨਾਲ ਹੀ ਅਗਲੇ ਸਾਲ ਹੋਣ ਵਾਲੀ 2022 ਦੀਆਂ ਵਿਧਾਨ ਸਭਾ ਚੋਣਾਂ ਵੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੀ ਲੜੀ ਜਾਣਗੀਆਂ। ਜਿਸ ਤੋਂ ਬਾਅਦ ਇਹ ਤਿੰਨੇ ਕੈਬਨਿਟ ਮੰਤਰੀ ਦੇਹਰਾਦੂਨ ਤੋਂ ਵਾਪਸ ਤਾਂ ਆ ਗਏ ਪਰ ਹੁਣ ਇਨਾਂ ਦੇ ਦਿੱਲੀ ਰਵਾਨਗੀ ਪਾ ਲਈ ਹੈ, ਜਿਥੇ ਕਿ ਇਹ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ