ਤਿੰਨ ਮੱਛੀਆਂ
ਇੱਕ ਨਦੀ ਦੇ ਕੰਢੇ ਉਸੇ ਨਦੀ ਨਾਲ ਜੁੜਿਆ ਇੱਕ ਵੱਡਾ ਤਲਾਬ ਸੀ। ਤਲਾਬ ਵਿੱਚ ਪਾਣੀ ਡੂੰਘਾ ਹੁੰਦਾ ਹੈ, ਇਸ ਲਈ ਉਸ ਵਿੱਚ ਕਾਈ ਅਤੇ ਮੱਛੀਆਂ ਦਾ ਪਸੰਦੀਦਾ ਭੋਜਨ ਪਾਣੀ ਵਾਲੇ ਸੂਖਮ ਬੂਟੇ ਉੱਗਦੇ ਹਨ। ਅਜਿਹੇ ਸਥਾਨ ਮੱਛੀਆਂ ਨੂੰ ਬੜੇ ਰਾਸ ਆਉਂਦੇ ਹਨ। ਉਸ ਤਲਾਬ ਵਿੱਚ ਵੀ ਨਦੀ ’ਚੋਂ ਬਹੁਤ ਸਾਰੀਆਂ ਮੱਛੀਆਂ ਆ ਕੇ ਰਹਿੰਦੀਆਂ ਸਨ। ਆਂਡੇ ਦੇਣ ਲਈ ਤਾਂ ਸਾਰੀਆਂ ਮੱਛੀਆਂ ਉਸ ਤਲਾਬ ਵਿੱਚ ਆਉਂਦੀਆਂ ਸਨ। ਉਹ ਤਲਾਬ ਲੰਮੇ ਘਾਹ ਅਤੇ ਝਾੜੀਆਂ ਨਾਲ ਘਿਰਿਆ ਹੋਣ ਕਾਰਨ ਸੌਖਿਆਂ ਨਜ਼ਰ ਨਹੀਂ ਆਉਂਦਾ ਸੀ।
ਉਸੇ ਵਿੱਚ ਤਿੰਨ ਮੱਛੀਆਂ ਦਾ ਝੁੰਡ ਰਹਿੰਦਾ ਸੀ। ਉਨ੍ਹਾਂ ਦੇ ਸੁਭਾਅ ਵੱਖ-ਵੱਖ ਸਨ। ਅੰਨਾ ਸੰਕਟ ਆਉਣ ਦੇ ਲੱਛਣ ਮਿਲਦਿਆਂ ਹੀ ਸੰਕਟ ਟਾਲਣ ਦਾ ਉਪਾਅ ਕਰਨ ਵਿੱਚ ਵਿਸ਼ਵਾਸ ਰੱਖਦੀ ਸੀ। ਪ੍ਰਤਿਊ ਕਹਿੰਦੀ ਸੀ ਕਿ ਸੰਕਟ ਆਉਣ ’ਤੇ ਹੀ ਉਸ ਤੋਂ ਬਚਣ ਦਾ ਜਤਨ ਕਰੋ। ਯੱਦੀ ਦਾ ਸੋਚਣਾ ਸੀ ਕਿ ਸੰਕਟ ਨੂੰ ਟਾਲਣ ਜਾਂ ਉਸ ਤੋਂ ਬਚਣ ਦੀ ਗੱਲ ਬੇਕਾਰ ਹੈ ਕਰਨ-ਕਰਾਉਣ ਨਾਲ ਕੁੱਝ ਨਹੀਂ ਹੁੰਦਾ ਜੋ ਕਿਸਮਤ ਵਿੱਚ ਲਿਖਿਆ ਹੈ , ਉਹ ਹੋ ਕੇ ਰਹੇਗਾ। ਇੱਕ ਦਿਨ ਸ਼ਾਮ ਨੂੰ ਮਛੇਰੇ ਨਦੀ ’ਚੋਂ ਮੱਛੀਆਂ ਫੜ ਕੇ ਘਰ ਜਾ ਰਹੇ ਸਨ। ਬਹੁਤ ਘੱਟ ਮੱਛੀਆਂ ਉਨ੍ਹਾਂ ਦੇ ਜਾਲਾਂ ਵਿੱਚ ਫਸੀਆਂ ਸਨ। ਇਸ ਲਈ ਉਨ੍ਹਾਂ ਦੇ ਚਿਹਰੇ ਉਦਾਸ ਸਨ।
ਉਦੋਂ ਉਨ੍ਹਾਂ ਨੂੰ ਝਾੜੀਆਂ ਉੱਤੇ ਮੱਛੀਖੋਰ ਪੰਛੀਆਂ ਦਾ ਝੁੰਡ ਜਾਂਦਾ ਦਿਖਾਈ ਦਿੱਤਾ। ਸਭ ਦੀ ਝੁੰਜ ਵਿੱਚ ਮੱਛੀਆਂ ਸਨ। ਉਹ ਹੈਰਾਨ ਹੋਏ। ਇੱਕ ਨੇ ਅੰਦਾਜ਼ਾ ਲਾਇਆ, ‘‘ਦੋਸਤੋ! ਲੱਗਦਾ ਹੈ ਝਾੜੀਆਂ ਦੇ ਪਿੱਛੇ ਨਦੀ ਨਾਲ ਜੁੜਿਆ ਤਲਾਬ ਹੈ, ਜਿੱਥੇ ਇੰਨੀਆਂ ਸਾਰੀਆਂ ਮੱਛੀਆਂ ਪਲ ਰਹੀ ਹਨ।’’ ਮਛੇਰੇ ਖੁਸ਼ ਹੋ ਕੇ ਝਾੜੀਆਂ ’ਚੋਂ ਹੋ ਕੇ ਤਲਾਬ ਦੇ ਕੰਢੇ ’ਤੇ ਆ ਨਿੱਕਲੇ ਅਤੇ ਲਲਚਾਈਆਂ ਨਜ਼ਰਾਂ ਨਾਲ ਮੱਛੀਆਂ ਨੂੰ ਦੇਖਣ ਲੱਗੇ। ਇੱਕ ਮਛੇਰਾ ਬੋਲਿਆ, ‘‘ਆਹ! ਇਸ ਤਲਾਬ ਵਿੱਚ ਤਾਂ ਮੱਛੀਆਂ ਭਰੀਆਂ ਪਈਆਂ ਹਨ। ਅੱਜ ਤੱਕ ਸਾਨੂੰ ਇਸ ਦਾ ਪਤਾ ਹੀ ਨਹੀਂ ਲੱਗਾ। ਇੱਥੇ ਸਾਨੂੰ ਢੇਰ ਸਾਰੀਆਂ ਮੱਛੀਆਂ ਮਿਲਣਗੀਆਂ।’’ ਦੂਜਾ ਬੋਲਿਆ।
ਤੀਜੇ ਨੇ ਕਿਹਾ, ‘‘ਅੱਜ ਤਾਂ ਸ਼ਾਮ ਹੋਣ ਵਾਲੀ ਹੈ। ਕੱਲ੍ਹ ਸਵੇਰੇ ਹੀ ਆ ਕੇ ਇੱਥੇ ਜਾਲ ਸੁੱਟਾਂਗੇ।’’ ਇਸ ਤਰ੍ਹਾਂ ਮਛੇਰੇ ਦੂਜੇ ਦਿਨ ਦਾ ਪ੍ਰੋਗਰਾਮ ਤੈਅ ਕਰਕੇ ਚਲੇ ਗਏ। ਤਿੰਨਾਂ ਮੱਛੀਆਂ ਨੇ ਮਛੇਰੇ ਦੀ ਗੱਲ ਸੁਣ ਲਈ ਸੀ। ਅੰਨਾ ਮੱਛੀ ਨੇ ਕਿਹਾ, ‘‘ਸਾਥੀਓ! ਤੁਸੀਂ ਮਛੇਰੇ ਦੀ ਗੱਲ ਸੁਣ ਲਈ। ਹੁਣ ਸਾਡਾ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ। ਖਤਰੇ ਦੀ ਸੂਚਨਾ ਸਾਨੂੰ ਮਿਲ ਗਈ ਹੈ।
ਸਮਾਂ ਰਹਿੰਦੇ ਆਪਣੀ ਜਾਨ ਬਚਾਉਣ ਦਾ ਉਪਾਅ ਕਰਨਾ ਚਾਹੀਦੈ। ਮੈਂ ਤਾਂ ਹੁਣੇ ਹੀ ਇਸ ਤਲਾਬ ਨੂੰ ਛੱਡ ਕੇ ਨਹਿਰ ਦੇ ਰਸਤੇ ਨਦੀ ’ਚ ਜਾ ਰਹੀ ਹਾਂ। ਉਸ ਤੋਂ ਬਾਅਦ ਮਛੇਰੇ ਸਵੇਰੇ ਆਉਣ, ਜਾਲ ਸੁੱਟਣ, ਮੈਨੂੰ ਕੀ। ਉਦੋਂ ਤੱਕ ਮੈਂ ਤਾਂ ਬਹੁਤ ਦੂਰ ਅਟਖੇਲੀਆਂ ਕਰ ਰਹੀ ਹੋਊਂਗੀ।’’ ਪ੍ਰਤਿਊ ਮੱਛੀ ਬੋਲੀ, ‘‘ਤੂੰ ਜਾਣਾ ਹੈ ਤਾਂ ਜਾ, ਮੈਂ ਤਾਂ ਨਹੀਂ ਆ ਰਹੀ। ਹਾਲੇ ਖ਼ਤਰਾ ਆਇਆ ਕਿੱਥੇ ਹੈ, ਜੋ ਇੰਨਾ ਘਬਰਾਉਣ ਦੀ ਲੋੜ ਹੈ, ਹੋ ਸਕਦੈ ਸੰਕਟ ਆਵੇ ਹੀ ਨਾ। ਉਨ੍ਹਾਂ ਮਛੇਰਿਆਂ ਦਾ ਇੱਥੇ ਆਉਣ ਦਾ ਪ੍ਰੋਗਰਾਮ ਰੱਦ ਹੋ ਸਕਦਾ ਹੈ , ਹੋ ਸਕਦਾ ਹੈ ਰਾਤ ਨੂੰ ਉਨ੍ਹਾਂ ਦੇ ਜਾਲ ਚੂਹੇ ਕੁਤਰ ਜਾਣ, ਹੋ ਸਕਦੈ ਉਨ੍ਹਾਂ ਦੀ ਬਸਤੀ ’ਚ ਅੱਗ ਲੱਗ ਜਾਵੇ।
ਭੂਚਾਲ ਆ ਕੇ ਉਨ੍ਹਾਂ ਦੇ ਪਿੰਡ ਨੂੰ ਨਸ਼ਟ ਕਰ ਸਕਦਾ ਹੈ ਜਾਂ ਰਾਤ ਨੂੰ ਮੋਹਲੇਧਾਰ ਬਰਸਾਤ ਆ ਸਕਦੀ ਹੈ ਤੇ ਹੜ੍ਹ ਵਿੱਚ ਉਨ੍ਹਾਂ ਦਾ ਪਿੰਡ ਰੁੜ੍ਹ ਸਕਦਾ ਹੈ। ਇਸ ਲਈ ਉਨ੍ਹਾਂ ਦਾ ਆਉਣਾ ਨਿਸ਼ਚਿਤ ਨਹੀਂ ਹੈ। ਜਦੋਂ ਉਹ ਆਉਣਗੇ, ਉਦੋਂ ਦੀ ਉਦੋਂ ਸੋਚਾਂਗੇ। ਹੋ ਸਕਦਾ ਹਾਂ ਮੈਂ ਉਨ੍ਹਾਂ ਦੇ ਜਾਲ ਵਿੱਚ ਹੀ ਨਾਂ ਫਸਾਂ!’’ ਯੱਦੀ ਨੇ ਆਪਣੀ ਕਿਸਮਤਵਾਦੀ ਗੱਲ ਕਹੀ, ‘‘ਭੱਜਣ ਨਾਲ ਕੁੱਝ ਨਹੀਂ ਹੋਣ ਵਾਲਾ। ਮਛੇਰਿਆਂ ਨੇ ਆਉਣਾ ਹੈ ਤਾਂ ਉਹ ਆਉਣਗੇ। ਅਸੀਂ ਜਾਲ ਵਿੱਚ ਫਸਣਾ ਹੈ ਤਾਂ ਅਸੀਂ ਫਸਾਂਗੇ। ਕਿਸਮਤ ਵਿੱਚ ਮਰਨਾ ਹੀ ਲਿਖਿਆ ਹੈ ਤਾਂ ਕੀ ਕੀਤਾ ਜਾ ਸਕਦਾ ਹੈ?’’
ਇਸ ਤਰ੍ਹਾਂ ਅੰਨਾ ਤਾਂ ਉਸੇ ਸਮੇਂ ਉੱਥੋਂ ਚਲੀ ਗਈ। ਪ੍ਰਤਿਊ ਅਤੇ ਯੱਦੀ ਤਲਾਬ ਵਿੱਚ ਹੀ ਰਹੀਆਂ। ਸਵੇਰ ਹੋਈ ਤਾਂ ਮਛੇਰੇ ਆਪਣੇ ਜਾਲ ਲੈ ਕੇ ਆਏ ਅਤੇ ਲੱਗੇ ਤਲਾਬ ’ਚ ਜਾਲ ਸੁੱਟਣ ਅਤੇ ਮੱਛੀਆਂ ਫੜਨ। ਪ੍ਰਤਿਊ ਨੇ ਸੰਕਟ ਨੂੰ ਆਏ ਵੇਖਿਆ ਤਾਂ ਲੱਗੀ ਜਾਨ ਬਚਾਉਣ ਦੇ ਉਪਾਅ ਸੋਚਣ। ਉਸਦਾ ਦਿਮਾਗ ਤੇਜੀ ਨਾਲ ਕੰਮ ਕਰਨ ਲੱਗਾ। ਆਲੇ-ਦੁਆਲੇ ਲੁਕਣ ਲਈ ਕੋਈ ਖੋਖਲੀ ਜਗ੍ਹਾ ਵੀ ਨਹੀਂ ਸੀ। ਉਦੋਂ ਉਸਨੂੰ ਯਾਦ ਆਇਆ ਕਿ ਉਸ ਤਲਾਬ ਵਿੱਚ ਕਾਫ਼ੀ ਦਿਨਾਂ ਤੋਂ ਇੱਕ ਮਰੇ ਹੋਏ ਬਿੱਲੇ ਦੀ ਲਾਸ਼ ਤੈਰ ਰਹੀ ਹੈ। ਉਹ ਉਸਦੇ ਬਚਾਅ ਦੇ ਕੰਮ ਆ ਸਕਦੀ ਹੈ।
ਜਲਦੀ ਹੀ ਉਸਨੂੰ ਉਹ ਲਾਸ਼ ਮਿਲ ਗਈ। ਲਾਸ਼ ਸੜਨੇ ਲੱਗੀ ਸੀ। ਪ੍ਰਤਿਊ ਲਾਸ਼ ਦੇ ਢਿੱਡ ’ਚ ਵੜ ਗਈ ਅਤੇ ਸੜਦੀ ਲਾਸ਼ ਦੀ ਸੜ੍ਹਾਂਧ ਆਪਣੇ ’ਤੇ ਲਪੇਟ ਕੇ ਬਾਹਰ ਨਿੱਕਲੀ।
ਕੁੱਝ ਹੀ ਦੇਰ ਵਿੱਚ ਮਛੇਰੇ ਦੇ ਜਾਲ ਵਿੱਚ ਪ੍ਰਤਿਊ ਫਸ ਗਈ। ਮਛੇਰੇ ਨੇ ਆਪਣਾ ਜਾਲ ਖਿੱਚਿਆ ਅਤੇ ਮੱਛੀਆਂ ਨੂੰ ਕੰਢੇ ’ਤੇ ਜਾਲ ’ਚੋਂ ਉਲਟ ਦਿੱਤਾ। ਬਾਕੀ ਮੱਛੀਆਂ ਤਾਂ ਤੜਫਣ ਲੱਗੀਆਂ, ਪਰ ਪ੍ਰਤਿਊ ਦਮ ਘੁੱਟ ਕੇ ਮਰੀ ਹੋਈ ਮੱਛੀ ਵਾਂਗ ਪਈ ਰਹੀ। ਮਛੇਰੇ ਨੂੰ ਸੜ੍ਹਾਂਧ ਮਹਿਸੂਸ ਹੋਈ ਤਾਂ ਮੱਛੀਆਂ ਨੂੰ ਦੇਖਣ ਲੱਗਾ। ਉਸ ਨੇ ਬੇਹਰਕਤ ਪਈ ਪ੍ਰਤਿਊ ਨੂੰ ਚੁੱਕਿਆ ਤੇ ਸੁੰਘਿਆ, ‘‘ਇਹ ਤਾਂ ਕਈ ਦਿਨਾਂ ਦੀ ਮਰੀ ਹੈ। ਸੜ ਚੁੱਕੀ ਹੈ।’’ ਤੇ ਉਸ ਨੇ ਪ੍ਰਤਿਊ ਨੂੰ ਤਲਾਬੇ ਵਿੱਚ ਸੁੱਟ ਦਿੱਤਾ।
ਪ੍ਰਤਿਊ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਸੰਕਟ ਤੋਂ ਬੱਚ ਨਿੱਕਲਣ ਵਿੱਚ ਸਫਲ ਹੋ ਗਈ ਸੀ। ਪਾਣੀ ’ਚ ਡਿੱਗਦੇ ਹੀ ਉਸਨੇ ਗੋਤਾ ਲਾਇਆ ਤੇ ਸੁਰੱਖਿਅਤ ਡੂੰਘਾਈ ਵਿੱਚ ਪਹੁੰਚ ਕੇ ਜਾਨ ਦੀ ਖੈਰ ਮਨਾਈ। ਯੱਦੀ ਵੀ ਦੂਜੇ ਮਛੇਰੇ ਦੇ ਜਾਲ ਵਿੱਚ ਫਸ ਗਈ ਸੀ ਤੇ ਇੱਕ ਟੋਕਰੇ ਵਿੱਚ ਪਾ ਦਿੱਤੀ ਗਈ ਸੀ। ਕਿਸਮਤ ਦੇ ਭਰੋਸੇ ਬੈਠੀ ਰਹਿਣ ਵਾਲੀ ਯੱਦੀ ਨੇ ਉਸੇ ਟੋਕਰੀ ਵਿੱਚ ਹੋਰ ਮੱਛੀਆਂ ਵਾਂਗ ਤੜਫ਼-ਤੜਫ਼ ਕੇ ਪ੍ਰਾਣ ਤਿਆਗ ਦਿੱਤੇ।
ਸਿੱਖਿਆ: ਕਿਸਮਤ ਵੀ ਉਨ੍ਹਾਂ ਦਾ ਸਾਥ ਦਿੰਦੀ ਹੈ ਜੋ ਕਰਮ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਕਰਮ ਨੂੰ ਪ੍ਰਧਾਨ ਮੰਨਦੇ ਹਨ। ਕਿਸਮਤ ਦੇ ਭਰੋਸੇ ਹੱਥ ’ਤੇ ਹੱਥ ਰੱਖ ਕੇ ਬੈਠੇ ਰਹਿਣ ਵਾਲੇ ਦੀ ਬਰਬਾਦੀ ਤੈਅ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ