ਕੈਂਟਰ ਦੀ ਟੱਕਰ ਨਾਲ ਤਿੰਨ ਦੀ ਮੌਤ, ਅੱਧਾ ਦਰਜਨ ਜ਼ਖਮੀ

Three Dead, Half dozen, Injured, Canter, Collision

ਅਬੋਹਰ, ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼

ਪਿੰਡ ਗੁੰਜਾਲ ਦੇ ਕੋਲ ਲੰਘੀ ਰਾਤ ਇੱਕ ਕੈਂਟਰ ਦੀ ਚਪੇਟ ‘ਚ ਆਉਣ ਨਾਲ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਅੱਧਾ ਦਰਜਨ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋ ਗਏ। ਲਾਸ਼ਾਂ ਨੂੰ ਨਰ ਸੇਵਾ ਨਰਾਇਣ ਸੇਵਾ ਕਮੇਟੀ ਦੇ ਮੈਂਬਰਾਂ ਨੇ ਪੋਸਟਮਾਰਟਮ ਲਈ ਅਬੋਹਰ ਤੇ ਸ੍ਰੀ ਗੰਗਾਨਗਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।

ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ 10 ਵਜੇ ਪਿੰਡ ਜੰਡਵਾਲਾ ਹਨੁਵੰਤਾ ਨਿਵਾਸੀ 40 ਸਾਲ ਦਾ ਭੀਮ ਸੈਨ ਆਪਣੇ ਥਰੀ ਵਹੀਲਰ ‘ਚ ਸ੍ਰੀ ਗੰਗਾਨਗਰ ਦੇ 13 ਕਿਊ ਤੋਂ ਪਿੰਡ ਤੂਤਵਾਲਾ ਦੇ ਦਰਜਨ ਭਰ ਮਜ਼ਦੂਰਾਂ ਨੂੰ ਲੈ ਕੇ ਵਾਪਸ ਆ ਰਿਹਾ ਸੀ ਕਿ ਜਦੋਂ ਉਨ੍ਹਾਂ ਦਾ ਟੈਂਪੂ ਪਿੰਡ ਗੁੰਮਜਾਲ ਦੇ ਬੱਸ ਅੱਡੇ ਦੇ ਨਜ਼ਦੀਕ ਅੱਪੜਿਆ ਤਾਂ ਉਸਦਾ ਟਾਇਰ ਖੁੱਲ੍ਹ ਗਿਆ, ਜਿਸ ਕਾਰਨ ਟੈਂਪੂ ‘ਚ ਸਵਾਰ 60 ਸਾਲ ਦਾ ਮਜਦੂਰ ਕਰਨੈਲ ਸਿੰਘ ਪੁੱਤਰ ਲਕਸ਼ਮਣ ਸਿੰਘ, ਬਲਵਿੰਦਰ ਸਿੰਘ ਪੁੱਤਰ ਨਾਨਕ ਸਿੰਘ, ਮਹਿੰਦਰ ਪੁੱਤਰ ਭਗਵਾਨ ਸਿੰਘ, ਪਾਲਾ ਸਿੰਘ ਪੁੱਤਰ ਬਲਵਿੰਦਰ ਸਿੰਘ, ਕਸ਼ਮੀਰ ਸਿੰਘ  ਪੁੱਤਰ ਨਾਨਕ ਸਿੰਘ, ਫੁੰਮਨ ਸਿੰਘ ਜਖ਼ਮੀ ਹੋ ਗਏ ਇਸ ਤੋਂ ਬਾਅਦ ਸਾਰੇ ਜਣੇ ਸੜਕ ਕੰਢੇ ਖੜ੍ਹੇ ਹੋ ਗਏ।

ਇਸ ਦੌਰਾਨ ਬਠਿੰਡਾ ਤੋਂ ਸ੍ਰੀ ਗੰਗਾਨਗਰ ਜਾ ਰਹੀ ਇੱਕ ਕਾਰ ‘ਚ ਸਵਾਰ ਲਵਜੀਤ ਪੁੱਤਰ ਜਗਦੀਸ਼ ਕੰਬੋਜ ਨਿਵਾਸੀ ਸ੍ਰੀ ਗੰਗਾਨਗਰ ਤੇ ਕਰਮਜੀਤ ਤੇ ਲਖਵਿੰਦਰ ਨੇ ਉੱਥੇ ਰੁਕ ਕੇ ਟੈਂਪੂ ਸਵਾਰ ਜਖ਼ਮੀਆਂ ਦਾ ਹਾਲਚਾਲ ਪੁੱਛਿਆ ਤੇ ਉਨ੍ਹਾਂ ਦੀ ਮਦਦ ਕਰ ਰਹੇ ਸਨ ਤਾਂ ਇਸ ਦੌਰਾਨ ਸ੍ਰੀ ਗੰਗਾਨਗਰ ਤੋਂ ਆ ਰਹੇ ਪਾਰਸਲ ਨਾਲ ਭਰੇ ਕੈਂਟਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੈਂਪੂ ਚਾਲਕ ਭੀਮ ਸੈਨ,  ਟੈਂਪੂ ਸਵਾਰ ਕਰਨੈਲ ਸਿੰਘ ਤੇ ਕਾਰ ਚਾਲਕ ਲਵਜੀਤ ਸਿੰਘ ਦੀ ਮੌਤ ਹੋ ਗਈ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਜਦੋਂ ਕਿ ਮ੍ਰਿਤਕ ਲਵਜੀਤ ਨੂੰ ਸ੍ਰੀ ਗੰਗਾਨਗਰ ਲਿਜਾਇਆ ਗਿਆ ਤੇ ਹੋਰ ਦੋ ਮ੍ਰਿਤਕਾਂ ਭੀਮ ਸੈਨ ਅਤੇ ਕਰਨੈਲ ਸਿੰਘ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਗਿਆ।

ਘਟਨਾ ਤੋਂ ਬਾਅਦ ਕੈਂਟਰ ਡਰਾਈਵਰ ਕੈਂਟਰ ਛੱਡਕੇ ਫਰਾਰ ਹੋ ਗਿਆ। ਸੂਚਨਾ ਮਿਲਣ ‘ਤੇ ਥਾਣਾ ਖੁਈਆਂ ਸਰਵਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਦੋਵਾਂ ਵਾਹਨਾਂ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਥਾਣਾ ਇੰਚਾਰਜ ਸੁਨੀਲ ਕੁਮਾਰ ਤੇ ਏਐੱਸਆਈ ਬਲਵਿੰਦਰ ਸਿੰਘ ਕਰ ਰਹੇ ਹਨ। ਹਸਪਤਾਲ ਪੁੱਜੇ ਮ੍ਰਿਤਕਾਂ ਦੇ ਵਾਰਸਾਂ ਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਘਟਨਾ ਦੇ ਦੋਸ਼ੀ ਕੈਂਟਰ ਚਾਲਕ ਨੂੰ ਕਾਬੂ ਕਰਕੇ ਜਲਦ ਤੋਂ ਜਲਦ ਕਾਰਵਾਈ ਕਰਨ ਤੇ ਵਾਰਸਾਂ ਨੂੰ ਮੁਆਵਜ਼ਾ ਦੁਆਉਣ ਦੀ ਮੰਗ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਲਵਜੀਤ ਸਿੰਘ ਜੋ ਕਿ ਜ਼ਖਮੀਆਂ ਦੀ ਮਦਦ ਕਰਨ ਲਈ ਰੁਕਿਆ ਸੀ, ਦੇ ਵਿਆਹ ਲਈ ਪਰਿਵਾਰ ਰਿਸ਼ਤੇ ਦੀ ਤਲਾਸ਼ ‘ਚ ਸੀ ਤੇ ਇਸ ਸਾਲ ਉਸਦੇ ਵਿਆਹ ਦਾ ਪਲਾਨ ਸੀ ਜੋ ਧਰਿਆ ਧਰਾਇਆ ਰਹਿ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।