ਬਾਗੀਆਂ ਦੀ ਟੋਲੀ ‘ਚ ਸ਼ਾਮਲ ਨਾ ਹੋ ਜਾਣ ਵਿਧਾਇਕ, ਭੇਜੇ ਗੋਆ ਦੀ ਸੈਰ

Legislators, Join, Rebel, Group, Goa, Walking

ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ ਭੇਜੇ ਗਏ ਹਨ ਗੋਆ, ਕੁਝ ਦਿਨ ਹੋਰ ਰਹਿਣਗੇ ਗੋਆ

ਖਹਿਰਾ ਦੀ ਪਾਰਟੀ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਰੋੜੀ ਤੋਂ ਬਾਅਦ ਡਰੇ ਹੋਏ ਨਜ਼ਰ ਆ ਰਹੇ ਹਨ ਕੇਜਰੀਵਾਲ

ਚੰਡੀਗੜ੍ਹ, ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼

ਸੁਖਪਾਲ ਖਹਿਰਾ ਤੇ ਕੰਵਰ ਸੰਧੂ ਦੀ ਬਾਗੀ ਟੋਲੀ ‘ਚ ਆਮ ਆਦਮੀ ਪਾਰਟੀ ਦੇ ਹੋਰ ਵਿਧਾਇਕ ਸ਼ਾਮਲ ਨਾ ਹੋ ਜਾਣ, ਇਸ ਲਈ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ ‘ਤੇ 4 ਤੋਂ ਜ਼ਿਆਦਾ ਵਿਧਾਇਕਾਂ ਨੂੰ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ ਕੁਝ ਦਿਨ ਬਿਤਾਉਣ ਦੇ ਨਾਲ ਹੀ ਪੰਜਾਬ ਦੀ ਰਾਜਨੀਤੀ ਤੋਂ ਦੂਰ ਰਹਿਣਗੇ। ਇੰਜ ਨਹੀਂ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਹੁਣ ਇਨ੍ਹਾਂ ਵਿਧਾਇਕਾਂ ‘ਤੇ ਵਿਸ਼ਵਾਸ ਨਹੀਂ ਰਿਹਾ ਹੈ ਪਰ ਪੰਜਾਬ ‘ਚ ਬਣ ਰਹੀ ਨਵੀਂ ਸਥਿਤੀ ਨੂੰ ਦੇਖਦੇ ਹੋਏ ਅਰਵਿੰਦ ਕੇਜਰੀਵਾਲ ਡਰੇ ਹੋਏ ਨਜ਼ਰ ਆ ਰਹੇ ਹਨ।

ਇਸ ਲਈ ਪੰਜਾਬ ਦੇ 4 ਤੋਂ ਜਿਆਦਾ ਵਿਧਾਇਕਾਂ ਨੂੰ ਗੋਆ ਵਿਖੇ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਉਹ 2 ਦਿਨ ਹੋਰ ਰਹਿੰਦੇ ਹੋਏ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਲਈ ਵਾਪਸੀ ਕਰਨਗੇ ਤੇ ਇਨ੍ਹਾਂ ਵਿਧਾਇਕਾਂ ‘ਤੇ ਆਉਣ ਵਾਲੇ ਹੋਟਲ ਤੇ ਹਵਾਈ ਜਹਾਜ਼ ਦਾ ਸਾਰਾ ਖ਼ਰਚ ਪਾਰਟੀ ਪੱਧਰ ‘ਤੇ ਹੀ ਕੀਤਾ ਜਾ ਰਿਹਾ ਹੈ।  ਖਹਿਰਾ ਦੇ ਬਾਗੀ ਗੁੱਟ ‘ਚ ਸ਼ਾਮਲ ਹੋਏ ਜੈ ਕ੍ਰਿਸ਼ਨ ਸਿੰਘ ਰੋੜੀ ਦੇ ਘਟਨਾਕ੍ਰਮ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਬਾਕੀ ਵਿਧਾਇਕਾਂ ‘ਚੋਂ ਕੁਝ ਵਿਧਾਇਕਾਂ ਦੀ ਚੋਣ ਕੀਤੀ ਸੀ, ਜਿਹੜੇ ਕਿ ਬਾਗੀ ਗੁੱਟ ਵੱਲ ਡਰਾਉਣ ਧਮਕਾਉਣ ਜਾਂ ਫਿਰ ਕਿਸੇ ਤਰ੍ਹਾਂ ਦਾ ਲਾਲਚ ਦੇਣ ਤੋਂ ਬਾਅਦ ਸ਼ਾਮਲ ਹੋ ਸਕਦੇ ਹਨ।

ਇਸ ਲਈ ਲਗਭਗ 4-5 ਵਿਧਾਇਕਾਂ ਦੀ ਚੋਣ ਕਰਦੇ ਹੋਏ ਉਨ੍ਹਾਂ ਨੂੰ ਗੋਆ ਭੇਜਿਆ ਗਿਆ ਹੈ, ਬਾਕੀ ਵਿਧਾਇਕਾਂ ਨੂੰ ਪੰਜਾਬ ‘ਚ ਹੀ ਰੱਖਿਆ ਗਿਆ ਹੈ, ਕਿਉਂਕਿ ਉਹ ਖੁੱਲ੍ਹੇਆਮ ਹੀ ਖਹਿਰਾ ਗੁੱਟ ਖ਼ਿਲਾਫ਼ ਹੋ ਕੇ ਪ੍ਰਚਾਰ ਕਰਨ ਤੱਕ ਲਗੇ ਹੋਏ ਹਨ। ਸਰਬਜੀਤ ਕੌਰ ਮਾਣੂਕੇ ਤੇ ਰੁਪਿੰਦਰ ਕੌਰ ਰੂਬੀ ਸਣੇ ਡਾ. ਬਲਜਿੰਦਰ ਕੌਰ ਤਿੰਨੇ ਮਹਿਲਾ ਵਿਧਾਇਕ ਕਿਸੇ ਵੀ ਹਾਲਤ ਵਿੱਚ ਖਹਿਰਾ ਗੁੱਟ ਵੱਲ ਨਹੀਂ ਜਾਣਗੀਆਂ, ਕਿਉਂਕਿ ਮਾਣੂਕੇ ਤੇ ਰੂਬੀ ਖ਼ਿਲਾਫ਼ ਖਹਿਰਾ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ‘ਤੇ ਪ੍ਰਚਾਰ ਕੀਤਾ ਗਿਆ ਸੀ, ਜਦੋਂ ਕਿ ਡਾ. ਬਲਜਿੰਦਰ ਕੌਰ ਸ਼ੁਰੂ ਤੋਂ ਹੀ ਖਹਿਰਾ ਵਿਰੋਧੀ ਤੇ ਕੇਜਰੀਵਾਲ ਪੱਖੀ ਹਨ।

ਇਸ ਦੇ ਨਾਲ ਹੀ ਵਿਧਾਇਕ ਮੀਤ ਹੇਅਰ, ਹਰਵਿੰਦਰ ਸਿੰਘ ਫੂਲਕਾ ਤੇ ਅਮਨ ਅਰੋੜਾ ਵੀ ਅਰਵਿੰਦ ਕੇਜਰੀਵਾਲ ਤੋਂ ਬਾਹਰ ਨਹੀਂ ਹਨ ਪਰ ਪਾਰਟੀ ਨੂੰ ਕੁਲਵੰਤ ਸਿੰਘ ਪੰਡੋਰੀ, ਕੁਲਤਾਰ ਸਿੰਘ ਸੰਧਵਾਂ ਤੇ ਮਨਜੀਤ ਸਿੰਘ ਬਿਲਾਸਪੁਰ ਤੇ ਅਮਰਜੀਤ ਸਿੰਘ ਸੰਦੋਆ ਸਬੰਧੀ ਮਨ ‘ਚ ਕੁਝ ਡਰ ਸੀ, ਜਿਸ ਕਾਰਨ ਇਨ੍ਹਾਂ ਨੂੰ ਬੀਤੀ 7 ਅਗਸਤ ਨੂੰ ਹਵਾਈ ਜਹਾਜ਼ ਰਾਹੀਂ ਗੋਆ ਭੇਜ ਦਿੱਤਾ ਗਿਆ ਹੈ, ਜਿੱਥੇ ਕਿ ਇਨ੍ਹਾਂ ਲਈ ਫਾਈਵ ਸਟਾਰ ਹੋਟਲ ਤੱਕ ਬੁੱਕ ਕਰਵਾਇਆ ਗਿਆ ਹੈ, ਜਿਸ ‘ਤੇ ਸਾਰਾ ਖ਼ਰਚ ਆਮ ਆਦਮੀ ਪਾਰਟੀ ਹੀ ਕਰ ਰਹੀ ਹੈ। ਇਹ ਵਿਧਾਇਕ ਹੁਣ 11 ਜਾਂ ਫਿਰ 12 ਅਗਸਤ ਨੂੰ ਪੰਜਾਬ ਦੀ ਵਾਪਸੀ ਕਰਨਗੇ ਤੇ ਭਗਵੰਤ ਮਾਨ ਸਣੇ ਹੋਰ ਵਿਧਾਇਕ ਇਨ੍ਹਾਂ ਦੇ ਸੰਪਰਕ ‘ਚ ਰਹਿੰਦੇ ਹੋਏ ਪਾਰਟੀ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।