ਮੋਗਾ (ਲਖਵੀਰ ਸਿੰਘ)। ਥਾਣਾ ਬੱਧਨੀ ਕਲਾਂ ਅਧੀਨ ਆਉਦੇ ਪਿੰਡ ਬੁੱਟਰ ਕਲਾਂ ਨੇੜੇ ਬੀਤੀ ਰਾਤ ਇੱਕ ਤੇਜ ਰਫਤਾਰ ਬੇਕਾਬੂ ਕਾਰ ਛੱਪੜ ‘ਚ ਡਿੱਗਣ ਕਾਰਨ ਕਾਰ ਸਵਾਰ ਤਿੰਨ ਦੋਸਤਾਂ ਦੀ ਮੌਤ ਹੋ ਗਈ। ਮਰਨ ਵਾਲੇ ਤਿੰਨੋ ਦੋਸਤ ਬੱਧਨੀ ਕਲਾਂ ਨਿਵਾਸੀ ਆਪਣੇ ਆਪਣੇ ਘਰਾਂ ਦੇ ਇਕਲੌਤੇ ਲੜਕੇ ਸਨ। ਪਿੰਡ ਦੇ ਲੋਕਾਂ ਨੂੰ ਜਦੋ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਇਸ ਦੀ ਸੂਚਨਾਂ ਥਾਣਾ ਬੱਧਨੀ ਕਲਾਂ ਪੁਲਿਸ ਨੂੰ ਦਿੱਤਾ ਤੇ ਪੁਲਿਸ ਨੇ ਮ੍ਰਿਤਕਾ ਦੀਆਂ ਲਾਸ਼ਾ ਨੂੰ ਬਾਹਰ ਕੱਢ ਕੇ ਪੋਸਟ ਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ।
ਇਸ ਮਾਮਲੇ ਦੀ ਕਾਰਵਾਈ ਕਰ ਰਹੇ ਥਾਣਾ ਬੱਧਨੀ ਕਲਾਂ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਤੇ ਬਲਧੀਰ ਸਿੰਘ ਨੇ ਦੱਸਿਆ ਕਿ ਨੌਜਵਾਨ ਮੰਗਲਜੀਤ ਸਿੰਘ ਪੁੱਤਰ ਪਾਲ ਸਿੰਘ, ਮਨਪ੍ਰੀਤ ਸਿੰਘ ਉਰਫ ਸੋਨੀ ਪੁੱਤਰ ਭਗਵਾਨ ਸਿੰਘ ਅਤੇ ਧਰਮਿੰਦਰ ਪਲਤਾ ਪੁੱਤਰ ਸੋਹਣ ਲਾਲ ਨਿਵਾਸੀ ਬੱਧਨੀ ਕਲਾਂ ਜਿਨਾਂ ਦੀ ਉਮਰ 26 ਤੋ 30 ਸਾਲ ਦੇ ਵਿੱਚ ਦੱਸੀ ਜਾ ਰਹੀ ਹੈ। ਜੋ ਤਿੰਨੋ ਐਤਵਾਰ ਨੂੰ ਜਗਰਾਓ ਤੋ ਇੱਕ ਪਾਰਟੀ ਵਿੱਚ ਸ਼ਾਮਲ ਹੋਣ ਤੋ ਬਾਅਦ ਦੇਰ ਰਾਤ ਵਾਪਸ ਆ ਰਹੇ ਸੀ ਜਦੋ ਉਹਨਾਂ ਦੀ ਕਾਰ ਪਿੰਡ ਬੁੱਟਰ ਕਲਾਂ ਦੇ ਨਜਦੀਕ ਪੁੱਜੀ ਤਾਂ ਨਵੀ ਬਣ ਰਹੀ ਹਾਈਵੇ ਸੜਕ ਤੇ ਬਣੇ ਹੰਪ ਦੇ ਉਪਰ ਤੋ ਚੜਦੀ ਹੋਈ ਕਾਰ ਬੇਕਾਬੂ ਹੋਕੇ ਨੇੜੇ ਇੱਕ ਛੱਪੜ ਵਿੱਚ ਜਾ ਡਿੱਗੀ
ਇਸ ਹਾਦਸੇ ਨਾਲ ਕਾਰ ਸਵਾਰ ਤਿੰਨੋ ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪੁੱਜ ਕੇ ਮ੍ਰਿਤਕਾ ਦੀਆਂ ਲਾਸ਼ਾ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਮ੍ਰਿਤਕ ਨੌਜਵਾਨਾਂ ਦੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਵਿੱਚ ਦੱਸਿਆ ਕਿ ਮਰਨ ਵਾਲੇ ਤਿੰਨੋ ਲੜਕੇ ਆਪਣੇ ਆਪਣੇ ਘਰਾਂ ਦੇ ਇਕਲੌਤੇ ਲੜਕੇ ਸਨ। ਜਿਨਾਂ ‘ਚੋ ਦੋ ਦੀ ਸ਼ਾਦੀ ਹੋ ਚੁੱਕੀ ਹੈ ਇਸ ਘਟਨਾ ਦਾ ਪਤਾ ਚੱਲਦਿਆਂ ਹੀ ਕਸਬਾ ਬੱਧਨੀ ਕਲਾਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਬਜਾਰ ਬੰਦ ਰਹੇ।