ਕਿਸਾਨਾਂ ਦੀਆਂ ਫਸਲਾਂ ਦੀ ਬਰਬਾਦੀ ਦਾ ਜ਼ਿੰਮੇਵਾਰੇ ਹੋਵੇਗਾ ਪ੍ਰਸ਼ਾਸਨ : ਕਿਸਾਨ ਆਗੂ
ਫਿਰੋਜਪੁਰ,(ਸਤਪਾਲ ਥਿੰਦ)। ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਦੇ ਪਾਣੀ ਕਾਰਨ ਡਰੇਨ ਟੁੱਟਣ ਨਾਲ ਫ਼ਿਰੋਜ਼ਪੁਰ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੀ ਹੱਦ ਨਾਲ ਲੱਗਦੇ ਦਰਜ਼ਨਾਂ ਪਿੰਡਾਂ ਵਿੱਚ ਕਿਸਾਨਾਂ ਦੀ ਤਕਰੀਬਨ ਵੀਹ ਹਜ਼ਾਰ ਦੇ ਕਰੀਬ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ । ਕਿਸਾਨਾਂ ਨੇ ਇਸ ਆਫਤ ਵਿੱਚੋਂ ਕੱਢਣ ਲਈ ਕਥਿਤ ਤੌਰ ‘ਤੇ ਵੱਖ-ਵੱਖ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਪਰ ਕਿਸੇ ਵੱਲੋਂ ਕੋਈ ਵੀ ਗੱਲਬਾਤ ਨਾ ਸੁਣਨ ‘ਤੇ ਅੱਕੇ ਹੋਏ ਕਿਸਾਨਾਂ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਫਿਰੋਜ਼ਪੁਰ ਨੇੜਲੇ ਪਿੰਡ ਗੁਲਾਮ ਪੱਤਰਾ ਵਿਖੇ ਫਿਰੋਜ਼ਪੁਰ-ਮੁਕਤਸਰ ਰੋਡ ਉੱਤੇ ਜਾਮ ਲਾ ਦਿੱਤਾ ।
ਇਸ ਮੌਕੇ ਜਾਣਕਾਰੀ ਦਿੰਦੇ ਹੋਇਆ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਅਵਤਾਰ ਸਿੰਘ ਮਹਿਮਾ ਨੇ ਦੱਸਿਆ ਕਿ ਪਿਛਲੇ ਦਿਨੀਂ ਹੋਈ ਭਾਰੀ ਬਾਰਿਸ਼ ਕਾਰਨ ਅਤੇ ਫਰੀਦਕੋਟ ਵੱਲੋਂ ਆ ਰਹੀ ਡਰੇਨ ਟੁੱਟਣ ਕਾਰਨ ਫਿਰੋਜਪੁਰ ਤੇ ਫਰੀਦਕੋਟ ਜ਼ਿਲੇ ਦੇ ਮੋਹਰੇ ਵਾਲਾ, ਧੀਰਾ ਪੱਤਰਾ, ਗੁਲਾਮ ਪੱਤਰਾ, ਚੂੜ ਖਿਲਚੀਆਂ, ਨਸੀਰਾਂ ਖਲਚੀਆਂ, ਰੋੜਾਂ ਵਾਲਾ, ਮਹਿਮਾ, ਮੁਮਾਰਾ, ਡੋਡ, ਸੰਗਰਾਹੂਰ, ਬੁੱਟਰ, ਕਿਲੀ ਆਦਿ ਸਮੇਤ ਦਰਜਨਾਂ ਪਿੰਡਾਂ ਦੀ ਕਰੀਬ ਵੀਹ ਹਜ਼ਾਰ ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ । ਉਨ੍ਹਾਂ ਕਿਹਾ ਕਿ ਯੂਨੀਅਨ ਆਗੂਆਂ ਅਤੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਵੱਲੋਂ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪਰ ਕਿਸੇ ਨੇ ਵੀ ਇਸ ਗੱਲ ਉੱਪਰ ਕੰਨ ਨਹੀਂ ਧਰਿਆ ਅਤੇ ਅੱਖਾਂ ਬੰਦ ਕਰ ਲਈਆਂ ਹਨ ।
ਉਨ੍ਹਾਂ ਕਿਹਾ ਕਿ ਪਿੰਡ ਰੋੜਾਂਵਾਲਾ ਅਤੇ ਮਹਿਮਾ ਵਿਖੇ ਲਗਾਈਆਂ ਗਈਆਂ ਪਾਣੀ ਚੁੱਕਣ ਵਾਲੀਆਂ ਦੋ ਮੋਟਰਾਂ ਨਾ ਕਾਫੀ ਹਨ ਤੇ ਕਿਸਾਨਾਂ ਵੱਲੋਂ ਜ਼ਿਆਦਾ ਗਿਣਤੀ ਵਿੱਚ ਵੱਡੀਆਂ ਮੋਟਰਾਂ ਅਤੇ ਪੱਖਿਆਂ ਦੀ ਮੰਗ ਕੀਤੀ ਜਾ ਰਹੀ ਹੈ । ਕਿਸਾਨਾਂ ਦੀ ਫਸਲ ਪੱਕਣ ਲਈ ਬਿਲਕੁਲ ਤਿਆਰ ਹੈ ਅਤੇ ਅਜਿਹੇ ਵਿਚ ਜੇਕਰ ਜ਼ਿਆਦਾ ਦਿਨ ਪਾਣੀ ਨਹੀਂ ਕੱਢਿਆ ਜਾਂਦਾ ਤਾਂ ਫਸਲ ਪੂਰੀ ਤਰਾਂ ਬਰਬਾਦ ਹੋ ਜਾਵੇਗੀ, ਜਿਸ ਨਾਲ ਪਹਿਲਾਂ ਤੋਂ ਹੀ ਆਰਥਿਕ ਬੋਝ ਝੱਲ ਰਹੇ ਕਿਸਾਨਾਂ ਨੂੰ ਵੱਡੀ ਮਾਰ ਪਵੇਗੀ।
ਵੱਖ-ਵੱਖ ਪਿੰਡਾਂ ਤੋਂ ਇਕੱਤਰ ਹੋਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲਾ ਪ੍ਰਧਾਨ ਹਰਨੇਕ ਸਿੰਘ ਮਹਿਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਅਧਿਕਾਰੀਆਂ ਇਸ ਆਫਤ ਦਾ ਹੱਲ ਕੀਤਾ ਜਾਵੇ । ਉਨਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਫਸਲ ਬਰਬਾਦ ਹੁੰਦੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਪੂਰੀ ਤਰਾਂ ਨਾਲ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ। ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਨਾ ਹੋਣ ਤੇ ਸੰਘਰਸ਼ ਤਿੱਖਾ ਕੀਤਾ ਜਾਵੇਗਾ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.