ਰੋਹ ‘ਚ ਆਏ ਕਿਸਾਨਾਂ ਮੁੱਖ ਮਾਰਗ ਜਾਮ ਕਰਕੇ ਕੀਤੀ ਨਾਅਰੇਬਾਜ਼ੀ
ਰਜਿੰਦਰ ਸ਼ਰਮਾ, ਸ਼ਹਿਣਾ/ਟੱਲੇਵਾਲ: ਲੰਘੇ ਦਿਨ ਜ਼ਿਲ੍ਹਾ ਬਰਨਾਲਾ ਤੇ ਆਸ–ਪਾਸ ਦੇ ਇਲਾਕੇ ‘ਚ ਪਏ ਭਾਰੀ ਮੀਂਹ ਕਾਰਨ ਕੁਰੜ ਡਰੇਨ ਦੇ ਓਵਰਫਲੋ ਹੋਣ ਕਾਰਨ ਇਲਾਕੇ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲਾ ਬਰਬਾਦ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਕੁਰੜ ਡਰੇਨ ਦੇ ਨਾਲ ਲਗਦੇ ਰਾਏਸਰ, ਚੀਮਾਂ, ਕੈਰੇ, ਜਗਜੀਤਪੁਰਾ, ਮੋੜ, ਢਿੱਲਵਾਂ, ਭਗਤਪੁਰਾ, ਦੁਲਮਸਰ, ਮੌੜ, ਨਾਈਵਾਲ ਆਦਿ ਪਿੰਡਾਂ ਦੇ ਪੀੜਤ ਕਿਸਾਨਾਂ ਬੂਟਾ ਸਿੰਘ, ਜਗਤਾਰ ਸਿੰਘ, ਗੁਰਜੰਟ ਸਿੰਘ, ਬਲਵੀਰ ਸਿੰਘ, ਜਰਨੈਲ ਸਿੰਘ, ਬਿੱਕਰ ਸਿੰਘ ਤੇ ਮਹਿੰਦਰ ਸਿੰਘ ਆਦਿ ਨੇ ਦੱਸਿਆ ਕਿ ਲੰਘੇ ਦਿਨੀਖ ਭਾਰੀ ਮਾਤਾਰਾਂ ‘ਚ ਮੀਂਹ ਸਦਕਾ ਕੁਰੜ ਡਰੇਨ ਪਾਣੀ ਨਾਲ ਓਵਰਫਲੋ ਹੋ ਗਈ। ਜਿਸ ਕਾਰਨ ਇਲਾਕੇ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ ਲੱਗਭਗ 3 ਹਜ਼ਾਰ ਏਕੜ ਦੇ ਕਰੀਬ ਫਸਲ ਤਬਾਹ ਹੋ ਗਈ।
ਉਨ੍ਹਾਂ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਬਰਸਾਤੀ ਮੌਸਮ ਦੇ ਮੱਦੇਨਜ਼ਰ ਡਰੇਨਾਂ ਦੀ ਸਾਫ-ਸਫਾਈ ਦੇ ਕੋਈ ਢੁਕਵੇਂ ਪ੍ਰਬੰਧ ਨਹੀ ਕੀਤੇ ਗਏ। ਡਰੇਨ ‘ਚ ਵੱਡੀ ਮਾਤਰਾ ਵਿੱਚ ਆਈ ਹਰੀ ਬੂਟੀ ਕਾਰਨ ਪਾਣੀ ਅੱਗੇ ਜਾਣ ਦੀ ਬਜਾਇ ਡਰੇਨ ਦੇ ਕਿਨਾਰਿਆਂ ਨੂੰ ਤੋੜ ਕੇ ਨਾਲ ਲਗਦੇ ਖੇਤਾਂ ਵਿਚ ਜਮਾਂ ਹੋ ਗਿਆ। ਜਿਸ ਕਾਰਨ ਉਨਾਂ ਸਮੇਤ ਇਲਾਕੇ ਦਰਜ਼ਨਾਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਪਾਣੀ ਨੇ ਬਰਬਾਦ ਕਰ ਦਿੱਤੀ। ਜਿਸ ਦੇ ਲਈ ਸਿਰਫ਼ ਪ੍ਰਸ਼ਾਸ਼ਨ ਹੀ ਜ਼ਿੰਮੇਵਾਰ ਹੈ। ਜੇਕਰ ਪ੍ਰਸਾਸਨ ਵੱਲੋਂ ਅਗਾਊ ਪ੍ਰਬੰਧਾਂ ਤਹਿਤ ਡਰੇਨਾਂ ਦੀ ਪੂਰੀ ਤਰਾਂ ਸਫਾਈ ਕਰਵਾਈ ਜਾਂਦੀ ਤਾਂ ਇਸ ਨੁਕਸਾਨ ਤੋਂ ਬਚਿਆ ਜਾ ਸਕਦਾ ਸੀ। ਜਿਸ ਤੋਂ ਰੋਹ ਵਿੱਚ ਆਏ ਸਬੰਧਿਤ ਕਿਸਾਨਾਂ ਨੇ ਪਿੰਡ ਚੀਮਾਂ ਵਿਖੇ ਬਰਨਾਲਾ-ਮੋਗਾ ਮੁੱਖ ਮਾਰਗ ‘ਤੇ ਟ੍ਰੈਫਿਕ ਜਾਮ ਕਰਕੇ ਧਰਨਾ ਲਗਾ ਦਿੱਤਾ ਅਤੇ ਸਬੰਧਿਤ ਵਿਭਾਗ ਅਤੇ ਪ੍ਰਸ਼ਾਸ਼ਨ ਖਿਲਾਫ਼ ਜੰਮਕੇ ਨਾਅਰ ੇਬਾਜ਼ੀ ਕੀਤੀ।
ਜਲਦ ਹੀ ਨਿਕਾਸੀ ਪ੍ਰਬੰਧ ਦਰੁਸਤ ਕਰ ਲਏ ਜਾਣਗੇ : ਐਸਡੀਓ
ਉਕਤ ਮਾਮਲੇ ਸਬੰਧੀ ਐਸਡੀਓ ਵਿਸ਼ਵਪਾਲ ਗੋਇਲ ਨਾਲ ਸੰਪਰਕ ਕਰਨ ‘ਤੇ ਉਨਾਂ ਕਿਹਾ ਕਿ ਹਰੀ ਬੂਟੀ ਦੇ ਪੁਲਾਂ ‘ਚ ਫਸਣ ਕਾਰਨ ਮੀਂਹ ਦਾ ਪਾਣੀ ਫਸਲਾਂ ‘ਚ ਵੜਿਆ ਹੈ। ਸਟਾਫ ਦੀ ਘਾਟ ਕਾਰਨ ਕੰਮ ਸਹੀ ਸਮੇਂ ‘ਤੇ ਨਹੀ ਹੋ ਰਿਹਾ। ਜਲਦ ਹੀ ਬਰਸਾਤੀ ਪਾਣੀ ਦੇ ਨਿਕਾਸ ਦੇ ਪ੍ਰਬੰਧ ਕਰ ਲਏ ਜਾਣਗੇ।