2500 ਤੋਂ ਵੱਧ ਕੇਸ ਆਏ ਸਾਹਮਣੇ, 24 ਫੀਸਦੀ ਤੋਂ ਵੱਧ ਸਿਰਫ਼ ਪਟਿਆਲਾ ‘ਚ
ਗਿਣਤੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕੁੱਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 595
ਗੁਰਪ੍ਰੀਤ ਸਿੰਘ, ਸੰਗਰੂਰ
ਇਸ ਵਾਰ ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦਾ ਅੰਕੜਾ ਬਹੁਤ ਜ਼ਿਆਦਾ ਵਧ ਗਿਆ ਹੈ। ਵਿਭਾਗੀ ਸੂਤਰਾਂ ਮੁਤਾਬਕ ਇਸ ਵਾਰ ਪੂਰੇ ਪੰਜਾਬ ਵਿੱਚ ਸਰਕਾਰੀ ਤੌਰ ‘ਤੇ ਡੇਂਗੂ ਦੇ 2500 ਮਰੀਜ਼ ਸਾਹਮਣੇ ਆਏ ਹਨ ਜਦੋਂ ਕਿ ਗੈਰ ਸਰਕਾਰੀ ਅੰਕੜਿਆਂ ਵਿੱਚ ਇਹ ਗਿਣਤੀ ਹੋਰ ਵੀ ਜ਼ਿਆਦਾ ਹੈ। ਸਭ ਤੋਂ ਵੱਡੀ ਹੈਰਾਨੀਜਨਕ ਗੱਲ ਇਹ ਉੱਭਰ ਕੇ ਸਾਹਮਣੇ ਆਈ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਦੇ ਆਪਣੇ ਜ਼ਿਲ੍ਹਾ ਪਟਿਆਲਾ ਵਿੱਚ ਡੇਂਗੂ ਦੇ ਮਰੀਜ਼ਾਂ ਨੇ ਪੰਜਾਬ ਦੇ ਹੋਰਨਾਂ ਦੂਜੇ ਜ਼ਿਲ੍ਹਿਆਂ ਨੂੰ ਪਛਾੜ ਕੇ ਰੱਖ ਦਿੱਤਾ ਹੈ। ਇਕੱਲੇ ਜ਼ਿਲ੍ਹਾ ਪਟਿਆਲਾ ਵਿੱਚ ਪੂਰੇ ਪੰਜਾਬ ਦੇ ਮੁਕਾਬਲੇ 24 ਫੀਸਦੀ ਮਰੀਜ਼ ਹਨ।
ਗਿਣਤੀ ਅਨੁਸਾਰ ਪਟਿਆਲਾ ਜ਼ਿਲ੍ਹੇ ਵਿੱਚ ਕੁੱਲ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 595 ਹੈ। ਪਟਿਆਲਾ ਤੋਂ ਬਾਅਦ ਜ਼ਿਲ੍ਹਾ ਸੰਗਰੂਰ ਦਾ ਨੰਬਰ ਆਉਂਦਾ ਹੈ। ਇਸ ਵਾਰ ਵੀ ਜ਼ਿਲ੍ਹਾ ਸੰਗਰੂਰ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ ਹੈ ਅਤੇ ਮਰੀਜ਼ਾਂ ਦੇ ਹਸਪਤਾਲਾਂ ਵਿੱਚ ਆਉਣ ਦਾ ਰੁਝਾਨ ਬਣਿਆ ਹੋਇਆ ਹੈ। ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ 303 ਮਰੀਜ਼ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ ਤੀਜੇ ਨੰਬਰ ‘ਤੇ ਮੋਹਾਲੀ ਜ਼ਿਲ੍ਹੇ ਦਾ ਨੰਬਰ ਹੈ ਜਿਸ ਵਿੱਚ ਡੇਂਗੂ ਦੇ ਮਰੀਜ਼ਾਂ ਨੇ 261 ਦਾ ਅੰਕੜਾ ਪਾਰ ਕਰ ਲਿਆ ਹੈ।
ਇਸ ਤੋਂ ਇਲਾਵਾ ਜਲੰਧਰ ਵਿੱਚ 194, ਮਾਨਸਾ ਵਿੱਚ 183 ਅਤੇ ਕਪੂਰਥਲਾ ਵਿੱਚ 157 ਡੇਂਗੂ ਦੇ ਮਰੀਜ਼ ਸਾਹਮਣੇ ਆਏ ਹਨ। ਸਿਹਤ ਮਾਹਿਰਾਂ ਅਨੁਸਾਰ ਇਹ ਸਾਲ ਪੰਜਾਬ ਦੇ ਲੋਕਾਂ ਲਈ ਬਹੁਤ ਮਾੜਾ ਰਿਹਾ ਹੈ। ਪੰਜਾਬ ਦੇਸ਼ ਦੇ ਉਨ੍ਹਾਂ ਪਹਿਲੇ ਪੰਜ ਰਾਜਾਂ ਵਿੱਚ ਸ਼ਾਮਿਲ ਹੋ ਗਿਆ ਹੈ ਜਿੱਥੇ ਹਰ ਸਾਲ ਡੇਂਗੂ ਆਪਣਾ ਕਹਿਰ ਵਰਤਾਉਂਦਾ ਹੈ। ਮਾਹਿਰਾਂ ਅਨੁਸਾਰ ਪਿਛਲੇ ਲਗਾਤਾਰ ਚਾਰ ਸਾਲਾਂ ਤੋਂ ਪੰਜਾਬ ਵਿੱਚ ਡੇਂਗੂ ਕਾਫ਼ੀ ਵੱਡੇ ਪੱਧਰ ‘ਤੇ ਫੈਲਿਆ ਹੈ ਜਿਸ ਦਾ ਕਾਰਨ ਸਾਹਮਣੇ ਆ ਰਿਹਾ ਹੈ ਕਿ ਵਿਭਾਗ ਵੱਲੋਂ ਇਸ ਦੀ ਰੋਕਥਾਮ ਲਈ ਛਿੜਕਾਅ ਅਤੇ ਹੋਰ ਮੁਢਲੇ ਉਪਰਾਲੇ ਨਹੀਂ ਕੀਤੇ ਗਏ।
ਜਾਣਕਾਰੀ ਮੁਤਾਬਕ ਔਸਤਨ 200 ਮਰੀਜ਼ ਹਰ ਰੋਜ਼ ਸਾਹਮਣੇ ਆ ਰਹੇ ਹਨ। ਵਿਭਾਗੀ ਸੂਤਰਾਂ ਮੁਤਾਬਕ ਅਗਲੇ ਇੱਕ ਮਹੀਨੇ ਤੱਕ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਆਪਣੀ ਸਿਖ਼ਰ ਤੱਕ ਪਹੁੰਚ ਸਕਦੀ ਹੈ। ਨਵੰਬਰ ਦੇ ਅੱਧ ਤੱਕ ਰਾਤ ਨੂੰ ਸਰਦੀ ਵਧਣ ਕਾਰਨ ਡੇਂਗੂ ਫੈਲਾਉਣ ਵਾਲੇ ਮੱਛਰਾਂ ਦੀ ਗਿਣਤੀ ਘੱਟ ਹੋ ਸਕਦੀ ਹੈ।
ਡੇਂਗੂ ਨੇ ਆਮ ਲੋਕ ਕੀ ਡਾਕਟਰ ਵੀ ਨਹੀਂ ਬਖਸ਼ੇ : ਸਿਵਲ ਸਰਜਨ
ਜਦੋਂ ਇਸ ਸਬੰਧੀ ਜ਼ਿਲ੍ਹਾ ਸੰਗਰੂਰ ਦੇ ਸਿਵਲ ਸਰਜਨ ਡਾ: ਅਰੁਣ ਗੁਪਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਡੇਂਗੂ ਨੇ ਡਾਕਟਰਾਂ ਨੂੰ ਵੀ ਆਪਣੀ ਜਕੜ ਵਿੱਚ ਲੈ ਲਿਆ ਹੈ ਉਨ੍ਹਾਂ ਆਖਿਆ ਕਿ ਉਹ ਖੁਦ ਅਤੇ ਉਨ੍ਹਾਂ ਦਾ ਪਰਿਵਾਰ ਡੇਂਗੂ ਤੋਂ ਪੀੜਤ ਹੋ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਸੰਗਰੂਰ ਦੇ ਵੱਡੀ ਗਿਣਤੀ ਡਾਕਟਰ ਦੂਜੇ ਡਾਕਟਰਾਂ ਕੋਲੋਂ ਆਪਣਾ ਇਲਾਜ ਕਰਵਾ ਰਹੇ ਹਨ
ਇਕੱਲੇ ਸਿਹਤ ਮਹਿਕਮੇ ਦਾ ਕੰਮ ਨਹੀਂ
ਇਸ ਸਬੰਧੀ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਡੇਂਗੂ ਦੀ ਰੋਕਥਾਮ ਲਈ ਇਕੱਲੇ ਸਿਹਤ ਮਹਿਕਮੇ ਦਾ ਕੰਮ ਨਹੀਂ ਹੈ। ਸਿਹਤ ਵਿਭਾਗ ਦਾ ਕੰਮ ਡੇਂਗੂ ਦੀ ਪਛਾਣ ਕਰਕੇ ਮਰੀਜ਼ਾਂ ਦਾ ਹਸਪਤਾਲਾਂ ਵਿੱਚ ਇਲਾਜ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਸਥਾਨਕ ਸਰਕਾਰਾਂ, ਸ਼ਹਿਰੀ ਵਿਭਾਗ ਮੰਤਰਾਲੇ ਆਦਿ ਵਿਭਾਗਾਂ ਦਾ ਵੀ ਮਹੱਤਵਪੂਰਨ ਕੰਮ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹਰ ਤਰ੍ਹਾਂ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।