ਸਾਡੇ ਨਾਲ ਸ਼ਾਮਲ

Follow us

24.1 C
Chandigarh
Thursday, February 19, 2026
More
    Home Uncategorized ਇਉਂ ਬਹਿ ਲੱਡੂ ...

    ਇਉਂ ਬਹਿ ਲੱਡੂ ਵੱਟਦੇ ਨਹੀਓਂ  ਮੰਜੇ ਜੋੜ ਸਪੀਕਰ ਲੱਗਦੇ ਨਹੀਓਂ

    ਕੋਠੇ ਦੇ ਉੱਪਰ ਮੰਜੇ ਜੋੜ ਕੇ ਸਪੀਕਰ (speaker) ਲਾ ਦੇਣਾ

    ਪੰਜਾਬ (punjab) ਵਿੱਚ ਇੱਕ ਸਮਾਂ ਇਹ ਵੀ ਰਿਹਾ ਹੈ ਜਦੋਂ ਕਿਸੇ ਵੀ ਵਿਆਹ-ਸ਼ਾਦੀ ਵੇਲੇ ਘਰ-ਘਰ ਤੋਂ ਮੰਜੇ-ਬਿਸਤਰੇ ਇਕੱਠੇ ਕਰਨੇ, ਘਰਾਂ ਵਿੱਚ ਵਿਆਹ ਕਰਨੇ ਸਾਰੇ ਪਿੰਡ ਵਾਲੇ ਘਰ ਵਿੱਚ ਹੀ ਦੁੱਧ ਦੇ ਜਾਇਆ ਕਰਦੇ ਸਨ ਤੇ ਘਰ ਦੁੱਧ ਦੇਣ ਜੋ ਵੀ ਪਿੰਡ ਦਾ ਸੱਜਣ ਆਉਂਦਾ ਉਸ ਨੂੰ ਚਾਹ ਪਿਆਉਣੀ ਤੇ ਨਾਲ ਕੁੱਝ ਖਾਣ ਲਈ ਵੀ ਦੇਣ ਦੋ-ਤਿੰਨ ਦਿਨ ਪਹਿਲਾਂ ਹੀ ਕੋਠੇ ਦੇ ਉੱਪਰ ਮੰਜੇ ਜੋੜ ਕੇ (laddu speaker) ਸਪੀਕਰ ਲਾ ਦੇਣਾ, ਸਪੀਕਰ ਵਿੱਚ ਹੀ ਦੁੱਧ ਦਾ, ਮੰਜੇ-ਬਿਸਤਰੇ ‘ਕੱਠੇ ਕਰਨ ਦਾ, ਰੋਪਣਾ ਭਾਵ ਮੰਗਣੇ ਦੀ ਅਨਾਊਂਸਮੈਂਟ ਵੀ ਕਰਨਾ ਸਮੇਂ ਚੰਗੇ ਸਨ।

    ਸਾਰੇ ਘਰਾਂ ਦੇ ਵਿੱਚ ਲਵੇਰਾ ਰੱਖਿਆ ਹੁੰਦਾ ਸੀ, ਤੇ ਪਿੰਡ ਵਿਚੋਂ ਹੀ ਮਣਾਂ ਮੂੰਹੀਂ ਦੁੱਧ ‘ਕੱਠਾ ਹੋ ਜਾਇਆ ਕਰਦਾ ਸੀ। ਕਦੇ ਵੀ ਦੁੱਧ ਮੁੱਲ ਲੈਣ ਦੀ ਨੌਬਤ ਨਹੀਂ ਸੀ ਆਉਂਦੀ ਘਰਾਂ ਦੇ ਮੁੰਡੇ ਹੀ ਰਲ-ਮਿਲ ਕੇ ਸੇਵਾ ਭਾਵਨਾ ਨਾਲ ਆਈ ਹੋਈ ਬਰਾਤ ਦੀ ਜਾਂ ਫਿਰ ਮੇਲ-ਗੇਲ ਦੀ ਸੇਵਾ ਵੀ ਕਰਦੇ ਸਨ ਕੋਈ ਹੀਣ ਭਾਵਨਾ ਕਦੇ ਵੀ ਨਹੀਂ ਰੱਖਦਾ ਸੀ ਮਠਿਆਈਆਂ ਮੁੱਲ ਲੈਣ ਦਾ ਬਿਲਕੁਲ ਵੀ ਰਿਵਾਜ ਹੀ ਨਹੀਂ ਸੀ ਸਗੋਂ ਲੜਕੀ ਵਾਲੇ ਪਾਸੇ ਤੇ ਮੁੰਡੇ ਵਾਲੇ ਪਾਸੇ ਵੀ ਘਰਾਂ ਵਿੱਚ ਹੀ ਹਲਵਾਈ ਬਿਠਾ ਕੇ ਮਨਮਰਜ਼ੀ ਨਾਲ (Laddu) ਲੱਡੂ ਜਲੇਬੀਆਂ ਸ਼ੱਕਰਪਾਰੇ ਮਿੱਠੀਆਂ ਪਕੌੜੀਆਂ ਪਕੌੜੇ ਆਦਿ ਬਣਾਏ ਜਾਂਦੇ ਰਹੇ ਹਨ।

    ਸ਼ਰੀਕੇ ਕਬੀਲੇ ‘ਚੋਂ ਹਰ ਘਰ ਦਾ ਇੱਕ-ਇੱਕ ਆਦਮੀ ਕੜਾਹੀ ‘ਤੇ ਬੁਲਾਉਣਾ

    ਦੋ-ਤਿੰਨ ਦਿਨ ਪਹਿਲਾਂ ਹੀ ਹਲਵਾਈ ਨੇ ਕੜਾਹੀ ਚੜ੍ਹਾ ਦੇਣੀ ਤੇ ਜਦੋਂ (Laddu) ਲੱਡੂ ਵੱਟਣੇ ਓਦੋਂ ਹੀ ਸ਼ਰੀਕੇ ਕਬੀਲੇ ‘ਚੋਂ ਹਰ ਘਰ ਦਾ ਇੱਕ-ਇੱਕ ਆਦਮੀ ਕੜਾਹੀ ‘ਤੇ ਬੁਲਾਉਣਾ ਤਾਂ ਕਿ ਹੱਥੋ-ਹੱਥੀਂ ਸਾਰੇ ਲੱਡੂ ਵੱਟ ਕੇ ਜਲਦੀ ਕੰਮ ਵੀ ਨਿਪਟਾ ਲੈਣ ਤੇ ਸਾਰਿਆਂ ਦਾ ਮਾਣ-ਸਤਿਕਾਰ ਵੀ ਕੀਤਾ ਜਾਂਦਾ ਰਿਹਾ ਹੈ ਬਹੁਤ ਪਿਆਰ ਮੁਹੱਬਤ ਅਪਣੱਤ ਦੇ ਸਮੇਂ ਸਨ।

    ਗੱਲਾਂ ਇਤਬਾਰ ਦੀਆਂ ਸਨ

    ਪੰਜਾਬ (punjab) ਵਿੱਚ ਇੱਕ-ਦੋ ਦਿਨ ਪਹਿਲਾਂ ਮੰਗਣਾ (ਰੋਪਣਾ) ਪਾਉਣੀ ਤੇ ਅਗਲੇ ਹੀ ਦਿਨ ਬਰਾਤ ਲੈ ਕੇ ਜਾਣੀ ਤੇ ਘਰ-ਘਰ ਦੇ ਇੱਕ ਇੱਕ ਬੰਦੇ ਨੂੰ ਬਰਾਤ ਲੈ ਕੇ ਜਾਣਾ। ਰਿਸ਼ਤੇਦਾਰਾਂ ਤੋਂ ਬਿਨਾਂ ਹੋਰ ਵੀ ਕਾਫ਼ੀ ਬਰਾਤ ਹੋ ਜਾਇਆ ਕਰਦੀ ਸੀ ਵਿਆਹ ਸਾਰਾ ਹੀ ਸ਼ਰੀਕਾ-ਕਬੀਲਾ ਰਲ-ਮਿਲ ਕੇ ਸੰਭਾਲਦੇ ਰਹੇ ਹਨ। ਗੱਲਾਂ ਇਤਬਾਰ ਦੀਆਂ ਸਨ ਅਜੋਕੇ ਸਮੇਂ ਮੁਤਾਬਿਕ ਕੋਈ ਹੇਰਾਫੇਰੀ ਜਾਂ ਮਨਮੁਟਾਵ ਦੇ ਤਾਂ ਬਿਲਕੁਲ ਸਮੇਂ ਹੀ ਨਹੀਂ ਸਨ ਸਗੋਂ ਆਂਢ-ਗੁਆਂਢ ਖੁਸ਼ ਹੋ ਕੇ ਸਾਰਾ ਕੰਮ ਹੱਥੀਂ ਕਰਦਾ ਰਿਹਾ ਹੈ ਮੰਗਣੇ (ਰੋਪਣਾ) ‘ਤੇ ਆਏ ਪਿੰਡ ਦੀ ਪੰਚਾਇਤ ਤੇ ਸ਼ਰੀਕੇ-ਕਬੀਲੇ ਨੂੰ ਚਾਹ-ਪਾਣੀ ਪਿਆਇਆ ਜਾਂਦਾ ਤੇ ਰੰਗ-ਬਿਰੰਗੇ ਕਾਗਜ਼ ਦੇ ਲਿਫਾਫਿਆਂ ਵਿੱਚ ਪਤਾਸੇ ਪਾ ਕੇ ਨਿਸ਼ਾਨੀ ਦੇ ਤੌਰ ‘ਤੇ ਦੇਣੇ ਬੇਸ਼ੱਕ ਹੌਲੀ-ਹੌਲੀ ਇਹ ਨਿਸ਼ਾਨੀ ਪਤਾਸਿਆਂ ਤੋਂ ਬਦਲ ਕੇ ਫਿਰ ਚਾਰ ਲੱਡੂ ਪਾ ਕੇ ਦੇਣ ਦੀ ਵੀ ਰਹੀ ਹੈ।

    ਮੰਜੇ-ਬਿਸਤਰੇ ਜਦ ਇਕੱਠੇ ਕਰਨੇ

    ਇਸੇ ਤਰ੍ਹਾਂ ਮੰਜੇ-ਬਿਸਤਰੇ ਜਦ ਇਕੱਠੇ ਕਰਨੇ ਤਾਂ ਕਲਮ ਦਵਾਤ ਨਾਲ ਲੈ ਕੇ ਜਾਣੀ ਬਿਸਤਰੇ ਅਤੇ ਮੰਜਿਆਂ ‘ਤੇ ਨੰਬਰ ਲਾਉਣੇ ਤੇ ਘਰਦਿਆਂ ਨੂੰ ਦੱਸ ਦੇਣਾ ਤੇ ਕਾਰਜ ਸੰਪੰਨ ਹੋਣ ਤੋਂ ਬਾਅਦ ਮੰਜੇ ਬਿਸਤਰੇ ਸਭ ਨੇ ਆਪੋ-ਆਪਣੇ ਪਛਾਣ ਕੇ ਜਾਂ ਫਿਰ ਨੰਬਰ ਮਿਲਾ ਕੇ ਲੈ ਜਾਣੇ ਜੇਕਰ ਕੋਈ ਚਾਦਰ ਸਰ੍ਹਾਣਾ ਅੱਗੇ-ਪਿੱਛੇ ਵੀ ਹੋ ਜਾਣਾ ਤਾਂ ਮਜਾਲ ਆ ਕੋਈ ਕਿਸੇ ਕਿਸਮ ਦਾ ਹਰਜਾਨਾ ਨਹੀਂ ਸੀ ਭਰਾਇਆ ਜਾਂਦਾ। ਕੋਠੇ ‘ਤੇ ਮੰਜੇ ਜੋੜ ਕੇ ਸਪੀਕਰ ਦੋ ਦਿਨ ਪਹਿਲਾਂ ਹੀ ਲਾ ਲੈਣਾ ਤੇ ਦੋ ਦਿਨ ਬਾਅਦ ਵਿੱਚ ਵੀ ਚੱਲਦਾ ਰਹਿੰਦਾ ਸੀ ਵਿਆਹ ਕੇ ਲਿਆਉਣ ਤੋਂ ਬਾਅਦ ਦੂਸਰੇ ਦਿਨ ਮੁਕਲਾਵਾ ਲੈਣ ਜਾਇਆ ਕਰਦੇ ਸਨ ਤੇ ਓਦੋਂ ਤੱਕ ਵੀ ਸਪੀਕਰ ਲੱਗਾ ਰਹਿੰਦਾ ਸੀ।

    ਗੀਤਾਂ ਵਿਚ ਲੱਚਰਤਾ ਨਾਂਅ ਦੀ ਕੋਈ ਵੀ ਚੀਜ਼ ਨਹੀਂ ਸੀ

    ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਕੇ ਦੀਪ ਜਗਮੋਹਨ ਕੌਰ, ਚਾਂਦੀ ਰਾਮ ਵਲੀਪੁਰੀਆ, ਆਸਾ ਸਿੰਘ ਮਸਤਾਨਾ, ਆਲਮ ਲੁਹਾਰ ਤੇ ਵਾਰਾਂ ਦਾ ਰਿਵਾਜ਼ ਪੁਰਾਤਨ ਪੰਜਾਬ ਵਿੱਚ ਸਿਖਰਾਂ ‘ਤੇ ਰਿਹਾ ਹੈ, ਜਿਸ ਨੂੰ ਕਿ ਸਾਡੇ ਪੁਰਖਿਆਂ ਦੀ ਫਰਮਾਇਸ਼ ‘ਤੇ ਲਾਇਆ ਜਾਂਦਾ ਰਿਹਾ ਹੈ ਕੋਈ ਬਹੁਤੇ ਧੂਮ-ਧੜੱਕੇ ਵਾਲੇ ਸਾਜ਼ਾਂ ਵਾਲੇ ਗੀਤ ਨਹੀਂ ਸੀ ਹੁੰਦੇ ਸਗੋਂ ਮਿੱਠਾ-ਮਿੱਠਾ ਤੇ ਮਿੰਨਾ-ਮਿੰਨਾ ਸਾਜ ਕੰਨਾਂ ਵਿੱਚ ਰਸ ਘੋਲਦਾ ਰਿਹਾ ਹੈ ਗਾਇਕਾਂ ਦੇ ਗੀਤਾਂ ਵਿਚ ਲੱਚਰਤਾ ਨਾਂਅ ਦੀ ਕੋਈ ਵੀ ਚੀਜ਼ ਨਹੀਂ ਸੀ ਬਹੁਤ ਹੀ ਪਿਆਰ ਮੁਹੱਬਤ ਇਤਫ਼ਾਕ ਨਾਲ ਸਾਰੇ ਕਾਰਜ ਸੰਪੰਨ ਹੋਇਆ ਕਰਦੇ ਸਨ।

    ਨਿਉਂਦੇ ਦੇ ਰੂਪ ‘ਚ ਪਰਿਵਾਰਾਂ ਦੀ ਮੱਦਦ

    ਕਦੇ ਵੀ ਕਿਸੇ ਨੇ ਲੈਣ-ਦੇਣ ਪਿੱਛੇ ਝਗੜਾ ਨਹੀਂ ਸੀ ਕੀਤਾ, ਸਗੋਂ ਨਿਉਂਦੇ ਦੇ ਰੂਪ ‘ਚ ਪਰਿਵਾਰਾਂ ਦੀ ਮੱਦਦ ਕੀਤੀ ਜਾਂਦੀ ਰਹੀ ਹੈ ਜਿਵੇਂ ਮੈਂ ਕਿਸੇ ਦੇ ਮੁੰਡੇ ਦੇ ਵਿਆਹ ‘ਤੇ ਸ਼ਗਨ ਪੰਜ ਸੌ ਪਾਇਆ ਹੈ ਤੇ ਉਹ ਜਦ ਮੈਂ ਕੋਈ ਵਿਹਾਰ ਆਪਣੇ ਘਰ ਕੀਤਾ ਤਾਂ ਪੰਜ ਸੌ ਮੇਰੇ ਵਾਲੇ ਨਾਲ ਓਹ ਮੈਨੂੰ ਵਿਵਹਾ ਮੁਤਾਬਿਕ ਵੱਧ ਪੈਸੇ ਦਿੰਦਾ ਜਿਸ ਨਾਲ ਮੇਰੀ ਆਰਥਿਕ ਮੱਦਦ ਵੀ ਹੋ ਜਾਣੀ ਤੇ ਸ਼ਗਨ ਵਾਪਸ ਆ ਵੀ ਜਾਣਾ ਤੇ ਹੋਰ ਭਾਜੀ ਵੀ ਚੜ੍ਹ ਜਾਣੀ।

    ਸਮਾਂ ਵਾਪਸ ਨਹੀਂ ਆਉਂਦਾ

    ਪਰ ਅਜੋਕੇ ਬਦਲੇ ਹਾਲਾਤਾਂ ਵਿੱਚ ਹੋਰ ਹੀ ਗੁੱਡੀਆਂ ਪਟੋਲੇ ਹੋ ਗਏ ਹਨ, ਓਹੋ ਜਿਹਾ ਨਾ ਤਾਂ ਪਿਆਰ ਸਤਿਕਾਰ ਅਪਣੱਤ ਰਿਹਾ ਹੈ ਤੇ ਨਾ ਹੀ ਬਰਦਾਸ਼ਤ ਦਾ ਮਾਦਾ ਹੁਣ ਓਹ ਸਮੇਂ ਕਿਧਰੇ ਗਵਾਚ ਗਏ ਨੇ ਪਰ ਓਹ ਸਾਡੀ ਵਿਰਾਸਤ ਸਾਨੂੰ ਅੱਜ ਵੀ ਰਹਿ ਰਹਿ ਕੇ ਯਾਦ ਆ ਰਹੀ ਹੈ ਕਾਸ਼! ਕਿਤੇ ਓਹ ਸਮੇਂ ਵਾਪਸ ਆ ਜਾਣ ਪਰ ਆਮ ਕਹਾਵਤ ਹੈ ਕਿ ਕਦੇ ਵੀ ਗਿਆ ਸਮਾਂ ਵਾਪਸ ਨਹੀਂ ਆਉਂਦਾ ਪਰ ਓਹਦੀ ਯਾਦ ਜ਼ਰੂਰ ਆ ਜਾਂਦੀ ਹੈ ਜੋ ਪਾਠਕਾਂ ਨਾਲ ਸਾਂਝੀ ਕਰ ਲਈਦੀ ਹੈ।

    ਜਸਵੀਰ ਸ਼ਰਮਾ ਦੱਦਾਹੂਰ, ਸ੍ਰੀ ਮੁਕਤਸਰ ਸਾਹਿਬ,  ਮੋ. 95691-49556

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here