ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਫਰੀਦਕੋਟ ਦੀ ਕੇਂਦਰੀ ਮਾਡਰਨ ਜ਼ੇਲ੍ਹ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਹੁਣ ਫੇਰ ਕੇਂਦਰੀ ਮਾਡਰਨ ਜ਼ੇਲ੍ਹ ’ਚ ਤਲਾਸ਼ੀ ਦੌਰਾਨ ਇੱਕ ਬੈਰਕ ’ਚੋਂ 13 ਮੋਬਾਈਲ ਫ਼ੋਨ ਤੇ 3 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ ਤੇ ਇਸ ਸਬੰਧੀ ਜ਼ੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਕੁੱਲ 14 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਸਿਟੀ ਪੁਲਿਸ ਨੂੰ ਭੇਜੀ ਸ਼ਿਕਾਇਤ ’ਚ ਜ਼ੇਲ੍ਹ ਦੇ ਸਹਾਇਕ ਸੁਪਰਡੈਂਟ ਕਰਮਜੀਤ ਸਿੰਘ ਭੁੱਲਰ ਨੇ ਦੱਸਿਆ। (Faridkot News)
ਕਿ ਜਦੋਂ ਰਾਤ ਸਮੇਂ ਜ਼ੇਲ੍ਹ ਸਟਾਫ਼ ਵੱਲੋਂ ਬਲਾਕ ਡੀ ਦੀ ਬੈਰਕ ਨੰਬਰ 8 ਦੀ ਅਚਾਨਕ ਤਲਾਸ਼ੀ ਲਈ ਗਈ ਤਾਂ 13 ਹਵਾਲਾਤੀਆਂ ਤੋਂ 7 ਟੱਚ ਸਕਰੀਨ ਮੋਬਾਈਲ ਤੇ 6 ਕੀਪੈਡ ਮੋਬਾਈਲ ਬਰਾਮਦ ਹੋਏ ਜਦਕਿ ਇੱਕ ਹਵਾਲਾਤੀ ਕੋਲੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀਐਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਥਾਣਾ ਸਿਟੀ ’ਚ 14 ਹਵਾਲਾਤੀਆਂ ਖਿਲਾਫ਼ ਕੇਸ ਦਰਜ ਕਰ ਲਿਆ ਹੈ ਤੇ ਹੁਣ ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। (Faridkot News)