ਅਮਨ ਅਰੋੜਾ, ਫੌਜਾਂ ਸਿੰਘ, ਚੇਤਨ ਸਿੰਘ, ਅਨਮੋਲ ਗਗਨ ਮਾਨ ਅਤੇ ਇੰਦਰਬੀਰ ਨਿੱਝਰ ਸ਼ਾਮਲ
- ਸਰਬਜੀਤ ਕੌਰ ਮਾਣੂਕੇ ਅਤੇ ਬੁੱਧ ਰਾਮ ਦਾ ਫਿਰ ਨਹੀਂ ਲੱਗਿਆ ਨੰਬਰ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ( Maan Cabinet) ਵਿੱਚ ਅੱਜ ਸੋਮਵਾਰ ਸ਼ਾਮ ਨੂੰ ਵਾਧਾ ਹੋਣ ਜਾ ਰਿਹਾ ਹੈ। ਜਿਸ ਵਿੱਚ ਕਰੀਬ 5 ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਵਾਈ ਜਾਏਗੀ ਅਤੇ ਇਨਾਂ 5 ਕੈਬਨਿਟ ਮੰਤਰੀਆਂ ਦੀ ਲਿਸਟ ਵੀ ਲਗਭਗ ਫਾਈਨਲ ਕਰ ਲਈ ਗਈ ਹੈ ਪਰ ਮੁੱਖ ਮੰਤਰੀ ਦਫ਼ਤਰ ਜਾਂ ਫਿਰ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਰਹੀ ਹੈ। ਨਵੇਂ ਬਣਨ ਜਾ ਰਹੇ ਕੈਬਨਿਟ ਮੰਤਰੀਆਂ ਵਿੱਚ ਸੁਨਾਮ ਤੋਂ ਅਮਨ ਅਰੋੜਾ, ਸਮਾਣਾ ਤੋਂ ਚੇਤਨ ਸਿੰਘ ਜੋੜਾਮਾਜਰਾ, ਖਰੜ ਤੋਂ ਅਨਮੋਲ ਗਗਨ ਮਾਨ, ਗੁਰ ਹਰ ਸਹਾਏ ਤੋਂ ਫੌਜਾ ਸਿੰਘ ਅਤੇ ਅੰਮ੍ਰਿਤਸਰ ਸਾਊਥ ਤੋਂ ਇੰਦਰਬੀਰ ਨਿੱਝਰ ਸ਼ਾਮਲ ਦੱਸੇ ਜਾ ਰਹੇ ਹਨ ਹਾਲਾਂਕਿ ਇਹ ਸਾਰੀਆਂ ਵਿੱਚੋਂ ਸਿਰਫ਼ ਇੱਕ ਨੂੰ ਛੱਡ ਕੇ ਬਾਕੀ ਵਿਧਾਇਕ, ਕੈਬਨਿਟ ਮੰਤਰੀ ਬਨਣ ਤੱਕ ਇੰਤਜ਼ਾਰ ਕਰਦੇ ਹੋਏ ਕਿਸੇ ਵੀ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕਰ ਰਹੇ ਹਨ ਪਰ ਆਮ ਆਦਮੀ ਪਾਰਟੀ ਅਤੇ ਸਰਕਾਰ ਦੇ ਸੂਤਰਾਂ ਅਨੁਸਾਰ ਇਸੇ ਲਿਸਟ ਨੂੰ ਫਾਈਨਲ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ 10 ਕੈਬਨਿਟ ਮੰਤਰੀਆਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਸ ਵਿੱਚੋਂ ਮਾਨਸਾ ਤੋਂ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਹਟਾ ਦਿੱਤਾ ਗਿਆ ਸੀ। ਜਿਸ ਕਾਰਨ ਹੁਣ ਭਗਵੰਤ ਮਾਨ ਦੀ ਕੈਬਨਿਟ ਵਿੱਚ ਸਿਰਫ਼ 9 ਕੈਬਨਿਟ ਮੰਤਰੀ ਸ਼ਾਮਲ ਹਨ, ਜਦੋਂਕਿ ਨਿਯਮਾਂ ਅਨੁਸਾਰ ਕੈਬਨਿਟ ਵਿੱਚ ਘੱਟ ਤੋਂ ਘੱਟ 12 ਕੈਬਨਿਟ ਮੰਤਰੀ ਰੱਖਣਾ ਜ਼ਰੂਰੀ ਹੈ ਅਤੇ 17 ਤੋਂ ਜ਼ਿਆਦਾ ਕੈਬਨਿਟ ਮੰਤਰੀ ਬਣਾਏ ਨਹੀਂ ਜਾ ਸਕਦੇ ਹਨ।
ਸੋਮਵਾਰ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਦੌਰਾਨ ਚੁੱਕਣਗੇ ਮੰਤਰੀ ਸਹੁੰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਹਫ਼ਤੇ ਹੀ ਇਹ ਤੈਅ ਕਰ ਲਿਆ ਸੀ ਕਿ ਬਜਟ ਸੈਸ਼ਨ ਤੋਂ ਤੁਰੰਤ ਬਾਅਦ ਹੀ ਨਵੇਂ ਕੈਬਨਿਟ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਕਰਦੇ ਹੋਏ ਆਪਣੀ ਕੈਬਨਿਟ ਨੂੰ 14 ਤੱਕ ਲੈ ਕੇ ਜਾਇਆ ਜਾਏਗਾ। ਜਿਸ ਕਾਰਨ ਹੀ ਬੀਤੇ ਦਿਨੀਂ ਭਗਵੰਤ ਮਾਨ ਦਿੱਲੀ ਵਿਖੇ ਜਾ ਕੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਦੇ ਹੋਏ ਇਨਾਂ ਨਵੇਂ ਕੈਬਨਿਟ ਮੰਤਰੀਆਂ ਦੀ ਲਿਸਟ ਫਾਈਨਲ ਕਰਕੇ ਆਏ ਸਨ। ਜਿਸ ਤੋਂ ਬਾਅਦ ਹੁਣ ਸੋਮਵਾਰ ਨੂੰ ਸ਼ਾਮ 5 ਵਜੇ ਸਹੁੰ ਚੁੱਕ ਸਮਾਗਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸਭ ਤੋਂ ਅੱਗੇ ਅਮਨ ਅਰੋੜਾ ਅਤੇ ਉਨਾਂ ਤੋਂ ਬਾਅਦ ਫੌਜਾ ਸਿੰਘ, ਚੇਤਨ ਸਿੰਘ, ਅਨਮੋਲ ਗਗਨ ਮਾਨ ਅਤੇ ਇੰਦਰਬੀਰ ਨਿੱਝਰ ਨਾਅ ਸ਼ਾਮਲ ਹੈ। ਇਨਾਂ ਨੂੰ ਸੋਮਵਾਰ ਨੂੰ ਕੈਬਨਿਟ ਮੰਤਰੀ ਵਜੋਂ ਸਹੁੰ ਚੁਕਵਾਈ ਜਾਏਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ