Nabha News: ਨਾਭਾ (ਤਰੁਣ ਕੁਮਾਰ ਸ਼ਰਮਾ)। ਖੇਤਰਫਲ ਪੱਖੋਂ ਏਸੀਆ ਦੀ ਦੂਜੀ ਮੰਡੀ ਵਜੋਂ ਜਾਣੀ ਜਾਂਦੀ ਨਾਭਾ ਦੀ ਨਵੀਂ ਅਨਾਜ ਮੰਡੀ ਵਿਖੇ ਬਾਸਮਤੀ ਝੋਨੇ ਦੀ ਆਮਦ ਨੇ ਰਫਤਾਰ ਫੜ ਲਈ ਹੈ। ਦੱਸਣਯੋਗ ਹੈ ਕਿ ਨਾਭਾ ਮੰਡੀ ਵਿਖੇ ਨਾਭਾ ਹਲਕੇ ਦੇ ਨਾਲ ਲਾਗਲੇ ਜ਼ਿਲ੍ਹੇ ਸੰਗਰੂਰ, ਫਤਿਹਗੜ੍ਹ ਤੇ ਮਲੇਰਕੋਟਲਾ ਦੇ ਕਿਸਾਨ ਬਾਸਮਤੀ ਝੋਨਾ ਲੈ ਕੇ ਆਉਂਦੇ ਹਨ ਪਰੰਤੂ ਇਸ ਵਾਰ ਬਾਸਮਤੀ ਝੋਨੇ ਦੇ ਝਾੜ ਤੇ ਭਾਅ ਦੋਵਾਂ ਦੇ ਘਟਣ ਨਾਲ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ 16 ਸਤੰਬਰ ਤੋਂ ਸ਼ੁਰੂ ਕੀਤੀ ਪਰਮਲ ਕਿਸਮ ਦੇ ਝੋਨੇ ਦੀ ਸਰਕਾਰੀ ਖਰੀਦ ਫਿਲਹਾਲ ਸ਼ੁਰੂ ਨਹੀਂ ਹੋ ਸਕੀ ਜਦਕਿ ਨਿੱਜੀ ਵਪਾਰੀਆਂ ਵਿਚਕਾਰ ਬਾਸਮਤੀ ਝੋਨੇ ਦੀ ਖਰੀਦ ਲਈ ਦੌੜ ਲੱਗੀ ਨਜ਼ਰ ਆ ਰਹੀ ਹੈ।
ਨਿੱਜੀ ਵਪਾਰੀਆਂ ਵੱਲੋਂ ਬਾਸਮਤੀ ਝੋਨੇ ਦੀ ਖਰੀਦ 2700 ਤੋਂ 3300 ਰੁਪਏ ਪ੍ਰਤੀ ਕੁਇੰਟਲ ਕੀਤੀ ਜਾ ਰਹੀ ਹੈ ਜੋ ਕਿ ਪਿਛਲੇ ਸਾਲਾਂ ਨਾਲੋਂ ਕਾਫੀ ਘੱਟ ਦੱਸੀ ਜਾ ਰਹੀ ਹੈ। ਨਾਭਾ ਮੰਡੀ ਵਿੱਚ ਬਾਸਮਤੀ ਝੋਨਾ ਲੈ ਕੇ ਪੁੱਜੇ ਕਿਸਾਨਾਂ ਜ਼ਿਲ੍ਹਾ ਸੰਗਰੂਰ ਤੋਂ ਉਪਿੰਦਰ ਸਿੰਘ ਅਤੇ ਬੀਕੇਯੂ ਡਕੌਂਦਾ ਦੇ ਭਗਵਾਨ ਸਿੰਘ ਨਾਮੀ ਕਿਸਾਨਾਂ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਇਸ ਵਾਰ ਝੋਨੇ ਦਾ ਜਿੱਥੇ ਰਿਕਾਰਡ ਤੋੜ ਮੀਂਹ ਕਾਰਨ ਝਾੜ ਵੀ ਘੱਟ ਹੈ ਉੱਥੇ ਭਾਅ ਵੀ ਨਿੱਜੀ ਵਪਾਰੀਆਂ ਦੀ ਮਰਜੀ ’ਤੇ ਹੀ ਨਿਰਭਰ ਹੋ ਕੇ ਰਹਿ ਗਿਆ ਹੈ। Nabha News
ਉਹਨਾਂ ਦੱਸਿਆ ਕਿ ਪਿਛਲੇ ਸਾਲ ਬਾਸਮਤੀ ਝੋਨੇ ਦੀ 25 ਤੋਂ 30 ਕੁਇੰਟਲ ਦੀ ਪੈਦਾਵਾਰ ਇਸ ਵਾਰ ਘਟ ਕੇ 15 ਤੋਂ 20 ਕੁਇੰਟਲ ਪ੍ਰਤੀ ਏਕੜ ਰਹਿ ਗਈ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਦੋਂ ਇਸ ਵਾਰ ਬਾਸਮਤੀ ਝੋਨੇ ਦੀ ਨਾਭਾ ਮੰਡੀ ’ਚ ਖਰੀਦ ਸ਼ੁਰੂ ਹੋਈ ਤਾਂ ਭਾਅ 3200 ਤੋਂ 3500 ਰੁਪਏ ਪ੍ਰਤੀ ਕੁਇੰਟਲ ਲੱਗ ਰਿਹਾ ਸੀ ਜੋ ਕਿ ਰੋਜਾਨਾ ਪੱਧਰੀ ਹੇਠਾਂ ਨੂੰ ਹੀ ਜਾ ਰਿਹਾ ਹੈ ਤੇ ਮੌਜੂਦਾ ਸਮੇਂ ਨਿੱਜੀ ਵਪਾਰੀਆਂ ਨੇ ਬਾਸਮਤੀ ਝੋਨੇ ਦਾ ਭਾਅ 2600 ਤੋਂ 2800 ਰੁਪਏ ਪ੍ਰਤੀ ਕੁਇੰਟਲ ਹੀ ਲਗਾਉਣਾ ਸ਼ੁਰੂ ਕਰ ਦਿੱਤਾ।
Read Also : ਹੁਣ ਵੇਰਕਾ ਨੇ ਘਟਾਈਆਂ ਦੁੱਧ ਤੇ ਹੋਰ ਉਤਪਾਦਾਂ ਦੀਆਂ ਕੀਮਤਾਂ
ਕਿਸਾਨਾਂ ਅਨੁਸਾਰ ਬਾਸਮਤੀ ਝੋਨੇ ਦੇ ਨਾਲ ਪਰਮਲ ਕਿਸਮ ਦੇ ਝੋਨੇ ਦਾ ਝਾੜ ਵੀ ਪਿਛਲੇ ਸਾਲਾਂ ਨਾਲੋਂ ਕਾਫੀ ਹੇਠਲੇ ਪੱਧਰ ਦਾ ਪ੍ਰਾਪਤ ਹੋਣ ਦੇ ਅਸਾਰ ਬਣੇ ਹੋਏ ਹਨ, ਜਿਸ ਦੀ ਸਥਿਤੀ ਖੇਤਾਂ ’ਚੋਂ ਮੰਡੀ ਤੱਕ ਪੁੱਜੇ ਝੋਨੇ ਦੀ ਤੁਲਾਈ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਫਸਲੀ ਵਿਭਿੰਨਤਾ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਨਿੱਜੀ ਵਪਾਰੀਆਂ ਦੀ ਕਥਿਤ ਲੁੱਟ ਤੋਂ ਬਚਾਉਣ ਲਈ ਬਾਸਮਤੀ ਝੋਨੇ ਨੂੰ ਐਮਐਸਪੀ ਅਧੀਨ ਲਿਆਂਦਾ ਜਾਵੇ ਜਾਂ ਫਿਰ ਸਰਕਾਰ ਆਪਣੇ ਪੱਧਰ ’ਤੇ ਬਾਸਮਤੀ ਝੋਨੇ ਦੀ ਨਿੱਜੀ ਖਰੀਦ ਸਬੰਧੀ ਘੱਟੋ ਘੱਟ ਭਾਅ ਤੈਅ ਕਰੇ। Nabha News
ਸਰਕਾਰੀ ਖਰੀਦ ਕੀਤੇ ਜਾਣ ਵਾਲੇ ਝੋਨੇ ਦੀ ਸਰਕਾਰੀ ਖਰੀਦ ਲਈ ਨਾਭਾ ਮੰਡੀ ਦੇ ਹੇਠ ਆਉਂਦੇ ਪੇਂਡੂ ਖਰੀਦ ਕੇਂਦਰਾਂ ਵਿੱਚ ਫਿਲਹਾਲ ਬਿਲਕੁਲ ਆਮਦ ਨਹੀਂ ਹੋਈ ਹੈ। ਇਸ ਸਬੰਧੀ ਪੇਂਡੂ ਖਰੀਦ ਕੇਂਦਰਾਂ ਦੇ ਆੜਤੀਆਂ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦੇ ਪੱਕਣ ਲਈ ਅਜੇ ਸਮੇਂ ਦੀ ਦਰਕਾਰ ਹੈ ਜਦਕਿ ਸਰਕਾਰੀ ਖਰੀਦ ਲਈ ਪ੍ਰਬੰਧ ਅਮਲ ਵਿੱਚ ਲਿਆਂਦੇ ਨਜਰ ਆ ਰਹੇ ਹਨ ਅਤੇ ਪ੍ਰਸਾਸਨ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਹੈ।
17 ਪ੍ਰਤੀਸਤ ਤੋਂ ਘੱਟ ਮਿਕਦਾਰ ਦਾ ਝੋਨਾ ਹੀ ਮੰਡੀਆਂ ’ਚ ਲੈ ਕੇ ਆਉਣ ਕਿਸਾਨ : ਸਕੱਤਰ
ਨਾਭਾ ਮਾਰਕੀਟ ਕਮੇਟੀ ਦੇ ਸਕੱਤਰ ਅਮਿਤ ਕੁਮਾਰ ਨੇ ਦੱਸਿਆ ਕਿ ਖੇਤਾਂ ’ਚ ਖੜ੍ਹੀ ਫਸਲ ਦੇ ਪੱਕਣ ’ਚ ਕੁਦਰਤੀ ਦੇਰੀ ਕਾਰਨ ਪਰਮਲ ਕਿਸਮ ਦੀ ਫਸਲ ਫਿਲਹਾਲ ਮੰਡੀਆਂ ਵਿੱਚ ਨਹੀਂ ਪੁੱਜੀ ਹੈ। ਉਨ੍ਹਾਂ ਦੱਸਿਆ ਕਿ ਨਾਭਾ ਦੀ ਪ੍ਰਮੁੱਖ ਮੰਡੀ ’ਚ ਬਾਸਮਤੀ ਝੋਨੇ ਦੀ ਵੀਰਵਾਰ ਸ਼ਾਮ ਤੱਕ 71 ਹਜ਼ਾਰ ਕੁਇੰਟਲ ਆਮਦ ਹੋ ਚੁੱਕੀ ਹੈ ਜੋ ਕਿ ਰੋਜ਼ਾਨਾ ਪੱਧਰ ’ਤੇ ਹੀ ਨਿੱਜੀ ਵਪਾਰੀਆਂ ਵੱਲੋਂ ਖਰੀਦੀ ਜਾ ਰਹੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੰਡੀਆਂ ’ਚ ਪ੍ਰੇਸ਼ਾਨੀ ਤੋਂ ਬਚਣ ਲਈ ਕਿਸਾਨ 17 ਪ੍ਰਤੀਸ਼ਤ ਤੋਂ ਘੱਟ ਮਿਕਦਾਰ ਦਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ।