ਵਿਨੋਦ ਘਈ ਨੂੰ ਲੈ ਕੇ ਨਹੀਂ ਕੋਈ ਵਿਵਾਦ, ਘਈ ਹੀ ਹੋਣਗੇ ਏ.ਜੀ., ਮਿਲੇਗੀ ਸਿਫ਼ਾਰਸ਼ ਮੁਕਤ ਟੀਮ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਸਪੱਸ਼ਟ, ਵਿਰੋਧੀ ਕੁਝ ਵੀ ਕਹਿਣ, ਵਿਨੋਦ ਘਈ ਕਾਬਿਲ ਸੀਨੀਅਰ ਵਕੀਲ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਸੀਨੀਅਰ ਵਕੀਲ ਵਿਨੋਦ ਘਈ ਨੂੰ ਲੈ ਕੇ ਸਰਕਾਰ ਵਿੱਚ ਕੁਝ ਵੀ ਵਿਵਾਦ ਨਹੀਂ ਹੈ ਅਤੇ ਵਿਨੋਦ ਘਈ ਹੀ ਪੰਜਾਬ ਦੇ ਅਗਲੇ ਐਡਵੋਕੇਟ ਜਰਨਲ ਹੋਣਗੇ। ਉਨਾਂ ਨੂੰ ਲੈ ਕੇ ਸਰਕਾਰ ਬਿਲਕੁਲ ਸਾਫ਼ ਅਤੇ ਸਪੱਸ਼ਟ ਹੈ। ਵਿਰੋਧੀ ਧਿਰਾਂ ਵੱਲੋਂ ਭਾਵੇਂ ਜਿੰਨਾ ਮਰਜ਼ੀ ਵਿਰੋਧ ਕੀਤਾ ਜਾਵੇ ਪਰ ਵਿਨੋਦ ਘਈ ਦੇ ਮਾਮਲੇ ਵਿੱਚ ਹੁਣ ਸਰਕਾਰ ਪਿੱਛੇ ਹਟਣ ਵਾਲੀ ਨਹੀਂ ਹੈ। ਇਹ ਸਥਿਤੀ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਫ਼ ਕਰ ਦਿੱਤੀ ਗਈ ਹੈ।
ਵੀਰਵਾਰ ਨੂੰ ਭਗਵੰਤ ਮਾਨ ਨੇ ਇਸ ਮਾਮਲੇ ਵਿੱਚ ਕਿਹਾ ਕਿ ਵਿਨੋਦ ਘਈ ਪੰਜਾਬ ਦੇ ਕਾਬਿਲ ਸੀਨੀਅਰ ਵਕੀਲ ਹਨ। ਉਹ ਹੁਣ ਪੰਜਾਬ ਸਰਕਾਰ ਵੱਲੋਂ ਅਦਾਲਤਾਂ ਵਿੱਚ ਧੜੱਲੇ ਨਾਲ ਪੱਖ ਰੱਖਣਗੇ ਅਤੇ ਪੰਜਾਬ ਸਰਕਾਰ ਨੂੰ ਜਿਤਾਉਣ ਵਿੱਚ ਲੱਗਣਗੇ। ਵਿਨੋਦ ਘਈ ਨੂੰ ਲੈ ਕੇ ਕੋਈ ਵੀ ਸ਼ੰਕਾ ਨਹੀਂ ਹੈ ਅਤੇ ਉਹ ਹੀ ਅਗਲੇ ਐਡਵੋਕੇਟ ਜਰਨਲ ਬਣਾਏ ਜਾ ਰਹੇ ਹਨ। ਭਗਵੰਤ ਮਾਨ ਨੇ ਇੱਥੇ ਇਹ ਵੀ ਕਿਹਾ ਕਿ ਵਿਨੋਦ ਘਈ ਨੂੰ ਸਿਫ਼ਾਰਸ਼ ਮੁਕਤ ਵਕੀਲਾਂ ਦੀ ਟੀਮ ਦਿੱਤੀ ਜਾਏਗੀ ਅਤੇ ਇਸ ਟੀਮ ਨੂੰ ਵੀ ਖ਼ੁਦ ਹੀ ਵਿਨੋਦ ਘਈ ਤਿਆਰ ਕਰਨਗੇ ਤਾਂ ਕਿ ਅਦਾਲਤਾਂ ਵਿੱਚ ਕੇਸ ਲੜਨ ਲਈ ਦਿੱਲੀ ਤੋਂ ਵਕੀਲ ਸੱਦਣ ਦੀ ਲੋੜ ਨਾ ਪਵੇ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਬਿਆਨ ਦਿੱਤੇ ਜਾਣ ਤੋਂ ਬਾਅਦ ਵਿਨੋਦ ਘਈ ਨੂੰ ਲੈ ਕੇ ਰਸਤਾ ਸਾਫ਼ ਹੋ ਗਿਆ ਹੈ ਅਤੇ ਆਉਣ ਵਾਲੇ ਇੱਕ ਦੋ ਦਿਨਾਂ ਵਿੱਚ ਵਿਨੋਦ ਘਈ ਪੰਜਾਬ ਦੇ ਐਡਵੋਕੇਟ ਜਰਨਲ ਦੇ ਅਹੁਦੇ ‘ਤੇ ਬਿਰਾਜਮਾਨ ਹੋ ਜਾਣਗੇ। ਇੱਥੇ ਜਿਕਰਯੋਗ ਹੈ ਕਿ ਸਰਕਾਰ ਵਿਰੋਧੀ ਪਾਰਟੀਆਂ ਵੱਲੋਂ ਵਿਨੋਦ ਘਈ ਨੂੰ ਲੈ ਕੇ ਗਲਤ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਉਹ ਅਦਾਲਤਾਂ ਵਿੱਚ ਸਰਕਾਰ ਦਾ ਪੱਖ ਨਹੀਂ ਰੱਖ ਪਾਉਣਗੇ, ਕਿਉਂਕਿ ਇਸ ਸਮੇਂ ਵਿਨੋਦ ਘਈ ਵੱਖ-ਵੱਖ ਅਦਾਲਤਾਂ ’ਚ ਕਈ ਵੱਡੇ ਕੇਸ ਲੜ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ