Weather Update: ਕਿਤੇ ਤੱਤੀਆਂ ਲੋਆਂ ਤੇ ਕਿਤੇ ਤੂਫ਼ਾਨ ਦਾ ਕਹਿਰ

Weather Update

ਮੌਸਮ ਵਿਭਾਗ ਨੇ ਪੰਜਾਬ ਤੇ ਹਰਿਆਣਾ ’ਚ ਲੋਕਾਂ ਨੂੰ ਘਰੋਂ ਬਾਹਰ ਨਾ ਨਿਕਲਣ ਦੀ ਦਿੱਤੀ ਸਲਾਹ

  • ਦੇਸ਼ ਭਰ ’ਚ ਰਾਜਸਥਾਨ ਦਾ ਫਲੌਦੀ ਸਭ ਤੋਂ ਗਰਮ, ਪਾਰਾ 49.4 ਡਿਗਰੀ
  • 48.4 ਡਿਗਰੀ ਸੈਲਸੀਅਸ ’ਚ ਤਪਿਆ ਸਰਸਾ ਤੇ ਬਠਿੰਡਾ

Weather Update : ਚੰਡੀਗੜ੍ਹ/ਹਿਸਾਰ (ਅਸ਼ਵਨੀ ਚਾਵਲਾ/ਸੰਦੀਪ ਸਿੰਹਮਾਰ)। ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿੱਚ ਗਰਮੀ ਜਾਨ-ਲੇਵਾ ਸਾਬਤ ਹੋ ਰਹੀ ਹੈ। ਜੇਠ ਮਹੀਨੇ ਦੀ ਵਦੀ ਦੇ ਚੌਥੇ ਦਿਨ ਹੀ ਰਾਜਸਥਾਨ, ਹਰਿਆਣਾ ਅਤੇ ਪੰਜਾਬ ਸਮੇਤ ਸਮੁੱਚਾ ਉੱਤਰੀ ਭਾਰਤ ਗਰਮੀ ’ਚ ਤੰਦੂਰ ਵਾਂਗ ਬਲ ਰਿਹਾ। ਰਾਜਸਥਾਨ ਦੇ ਫਲੋਦੀ ਵਿੱਚ ਪਿਛਲੇ 48 ਘੰਟਿਆਂ ਦੌਰਾਨ ਤਾਪਮਾਨ 49.4 ਡਿਗਰੀ ਸੈਲਸੀਅਸ ਰਿਹਾ। ਹਰਿਆਣਾ ਦੇ ਸਰਸਾ ਵਿੱਚ ਇੱਕ ਵਾਰ ਫਿਰ ਤਾਪਮਾਨ 48.4 ਡਿਗਰੀ ਸੈਲਸੀਅਸ ਤੋਂ ਵੱਧ ਰਿਹਾ ਪੰਜਾਬ ’ਚ ਬਠਿੰਡਾ ਵਿੱਚ ਵੀ ਤਾਪਮਾਨ 48.4 ਡਿਗਰੀ ਦਰਜ ਕੀਤਾ ਗਿਆ। ਪੰਜਾਬ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ ਹੈ।

ਪਿਛਲੇ ਇੱਕ ਹਫ਼ਤੇ ਤੋਂ ਪੈ ਰਹੀ ਤੇਜ਼ ਗਰਮੀ ਦੀ ਮਾਰ ਤੋਂ ਰਾਹਤ ਮਿਲਣਾ ਤਾਂ ਦੂਰ ਦੀ ਗੱਲ, ਆਉਣ ਵਾਲੇ ਅਗਲੇ ਪੰਜ ਦਿਨਾਂ ਦੌਰਾਨ ਹੋਰ ਵੀ ਜ਼ਿਆਦਾ ਗਰਮੀ ਮਾਰ ਝੱਲਣੀ ਪਵੇਗੀ। ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਲਈ ਅਗਲੇ 5 ਦਿਨਾਂ ਤੱਕ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ, ਜਿਸ ਦੌਰਾਨ ਪਾਰਾ 48 ਨੂੰ ਵੀ ਪਾਰ ਕਰ ਸਕਦਾ ਹੈ। ਇਸ ਲਈ ਜੇਕਰ ਜ਼ਿਆਦਾ ਜ਼ਰੂਰੀ ਨਾ ਹੋਵੇ ਤਾਂ ਦੁਪਹਿਰ ਦੇ ਸਮੇਂ ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਮੌਸਮ ਵਿਭਾਗ ਵੱਲੋਂ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ : Haryana Weather: ਕਦੋਂ ਮਿਲੇਗੀ ਭਿਆਨਕ ਗਰਮੀ ਤੋਂ ਰਾਹਤ, ਮੌਸਮ ਵਿਭਾਗ ਨੇ ਦਿੱਤੀ ਨਵੀਂ ਜਾਣਕਾਰੀ, ਵੇਖੋ

ਮੰਗਲਵਾਰ ਨੂੰ ਮੌਸਮ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ ਅਗਲੇ 4-5 ਦਿਨ ਵਿੱਚ ਕਿਸੇ ਵੀ ਤਰ੍ਹਾਂ ਗਰਮੀ ਤੋਂ ਰਾਹਤ ਮਿਲਣ ਦੇ ਕੋਈ ਵੀ ਆਸਾਰ ਨਜ਼ਰ ਨਹੀਂ ਆ ਰਹੇ ਅਤੇ ਪਹਿਲਾਂ ਨਾਲੋਂ ਜ਼ਿਆਦਾ ਤੇਜ਼ ਗਰਮੀ ਪੈਣ ਦੇ ਆਸਾਰ ਨੂੰ ਦੇਖਦੇ ਹੋਏ ਹੀ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਜੂਨ ਦੇ ਪਹਿਲੇ ਹਫ਼ਤੇ ਹੀ ਪਾਰਾ ਕੁਝ ਹੇਠਾਂ ਆ ਸਕਦਾ ਹੈ, ਉਹ ਵੀ ਕੁਝ ਦਿਨਾਂ ਲਈ ਹੀ ਰਾਹਤ ਮਿਲੇਗੀ। ਮੌਸਮ ਵਿਭਾਗ ਅਨੁਸਾਰ ਇਸ ਸਾਲ ਗਰਮੀ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ। ਜੇਕਰ ਅਗਲੇ 2 ਦਿਨ ਪਾਰਾ ਪੰਜਾਬ ਅਤੇ ਹਰਿਆਣਾ ਵਿੱਚ 48 ਤੋਂ ਪਾਰ ਰਿਹਾ। (Weather Update)

ਤਾਂ ਇਹ ਪਿਛਲੇ 10 ਸਾਲਾਂ ਦਾ ਰਿਕਾਰਡ ਟੁੱਟ ਸਕਦਾ ਹੈ, ਕਿਉਂਕਿ ਇੰਨੀ ਜ਼ਿਆਦਾ ਗਰਮੀ ਮਈ ਮਹੀਨੇ ਵਿੱਚ ਕਦੇ ਨਹੀਂ ਪਈ। ਦੂਜੇ ਪਾਸੇ ਭਾਰਤ ਦੇ ਮੌਸਮ ਵਿਭਾਗ ਨੇ ਦੱਖਣ-ਪੱਛਮੀ ਮਾਨਸੂਨ ਸੀਜ਼ਨ ਲਈ ਲੰਮੇ ਸਮੇਂ ਦੀ ਭਵਿੱਖਬਾਣੀ ਦਾ ਦ੍ਰਿਸ਼ਟੀਕੋਣ ਜਾਰੀ ਕੀਤਾ ਹੈ। ਇਸ ਪੂਰਵ ਅਨੁਮਾਨ ਅਨੁਸਾਰ ਪੂਰੇ ਭਾਰਤ ਵਿੱਚ ਦੱਖਣ-ਪੱਛਮੀ ਮਾਨਸੂਨ ਦੀ ਸੰਭਾਵਨਾ 106 ਫੀਸਦੀ ਹੈ। ਇਸ ਦੇ ਨਾਲ ਹੀ, ਗਰਮੀ ਦੀ ਲਹਿਰ ਤੋਂ ਪ੍ਰਭਾਵਿਤ ਉੱਤਰ-ਪੱਛਮੀ ਭਾਰਤ ਦੇ ਖੇਤਰਾਂ ਵਿੱਚ ਆਮ ਨਾਲੋਂ ਘੱਟ ਮੀਂਹ ਦੀ ਸੰਭਾਵਨਾ ਹੈ। ਤਾਜ਼ਾ ਮੌਸਮ ਬੁਲੇਟਿਨ ਅਨੁਸਾਰ ਉੱਤਰ-ਪੱਛਮੀ ਭਾਰਤ ਵਿੱਚ ਗਰਮੀ ਦੀ ਲਹਿਰ ਮਿਆਦ ਪਿਛਲੇ ਸਾਲਾਂ ਦੇ ਮੁਕਾਬਲੇ ਲੰਮੇ ਸਮੇਂ ਤੱਕ ਰਹੇਗੀ। (Weather Update)

ਪੱ. ਬੰਗਾਲ : ਰੇਮਲ ਦੀ ਰਫ਼ਤਾਰ ਨੇ ਪਟੜੀ ਤੋਂ ਉਤਾਰੀ ਜ਼ਿੰਦਗੀ | Weather Update

  • 135 ਕਿ.ਮੀ. ਘੰਟੇ ਦੀਆਂ ਹਵਾਵਾਂ ਦੇ ਨਾਲ ਭਾਰੀ ਮੀਂਹ
  • ਮਲਬੇ ਹੇਠਾਂ ਦੱਬਣ ਕਾਰਨ ਦੋ ਜਣਿਆਂ ਦੀ ਮੌਤ, ਕਈ ਜ਼ਖਮੀ
  • ਖਾੜੀ ’ਚ ਉੱਠੀਆਂ ਭਾਰੀ ਲਹਿਰਾਂ

ਕੋਲਕਾਤਾ (ਏਜੰਸੀ)। ਚੱਕਰਵਾਤੀ ਤੂਫਾਨ ਰੇਮਲ ਦੇ ਪ੍ਰਭਾਵ ਕਾਰਨ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਾਤਾਰ ਭਾਰੀ ਮੀਂਹ ਅਤੇ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀਆਂ ਹਵਾਵਾਂ ਕਾਰਨ ਸੋਮਵਾਰ ਨੂੰ ਆਮ ਜਨਜੀਵਨ ਪ੍ਰਭਾਵਿਤ ਹੋ ਗਿਆ। ਤੂਫਾਨ ਕਾਰਨ ਕੋਲਕਾਤਾ ਅਤੇ ਕਈ ਹੋਰ ਜ਼ਿਲ੍ਹਿਆਂ ’ਚ ਛੱਪਰ ਵਾਲੇ ਘਰ ਤਬਾਹ ਹੋ ਗਏ ਅਤੇ ਬਿਜਲੀ ਦੇ ਖੰਬੇ ਡਿੱਗ ਗਏ। ਜਦੋਂ ਰੇਮਲ ਪੱਛਮੀ ਬੰਗਾਲ ਅਤੇ ਨਾਲ ਲੱਗਦੇ ਬੰਗਲਾਦੇਸ਼ ਦੇ ਸਮੁੰਦਰੀ ਤੱਟਾਂ ਵਿਚਕਾਰ ਟਕਰਾਇਆ ਤਾਂ ਮਕਾਨ ਡਿੱਗਣ ਅਤੇ ਮਲਬੇ ਹੇਠਾਂ ਦੱਬਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ। ਖੇਤਰੀ ਮੌਸਮ ਵਿਗਿਆਨ ਕੇਂਦਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੱਕਰਵਾਤ ਦਾ ਲੈਂਡਫਾਲ ਐਤਵਾਰ ਰਾਤ ਕਰੀਬ 8.30 ਵਜੇ ਸ਼ੁਰੂ ਹੋਇਆ। (Weather Update)

Weather Update

ਸੋਮਵਾਰ ਤੜਕੇ ਸੂਬੇ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਸਾਗਰ ਟਾਪੂ ਅਤੇ ਮੋਂਗਲਾ ਨੇੜੇ ਬੰਗਾ ਦੇ ਖੇਪੁਪਾਰਾ ਵਿਚਕਾਰ ਖਤਮ ਹੋਇਆ। ਕੋਲਕਾਤਾ ਵਿੱਚ 146 ਮਿਲੀਮੀਟਰ ਮੀਂਹ ਪਿਆ ਅਤੇ 100 ਤੋਂ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ, ਜੋ 135 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਗਈ ਤੇਜ਼ ਹਵਾਵਾਂ ਕਾਰਨ ਦਰੱਖਤ ਉਖੜ ਗਏ ਅਤੇ ਬਿਜਲੀ ਦੀਆਂ ਤਾਰਾਂ ਟੁੱਟ ਗਈਆਂ। ਕੋਲਕਾਤਾ ’ਚ ਕੰਧ ਡਿੱਗਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ। ਦੱਖਣੀ ਕੋਲਕਾਤਾ ਦੇ ਢਾਕੁਰੀਆ, ਪਾਰਕ ਸਰਕਸ ਅਤੇ ਬਾਲੀਗੰਜ ਵਰਗੇ ਖੇਤਰ ਗੋਡੇ-ਗੋਡੇ ਪਾਣੀ ਨਾਲ ਡੁੱਬ ਗਏ। (Weather Update)

ਇਹ ਵੀ ਪੜ੍ਹੋ : Arvind Kejriwal: ਅਰਵਿੰਦ ਕੇਜ਼ਰੀਵਾਲ ਨੇ ਮੰਗੇ 7 ਦਿਨ ਹੋਰ !

ਜਦੋਂ ਕਿ ਟਾਲੀਗੰਜ ਅਤੇ ਕਵੀ ਨਜ਼ਰੂਲ ਸਟੇਸ਼ਨਾਂ ’ਤੇ ਮੈਟਰੋ ਰੇਲਵੇ ਦੇ ਸ਼ੈੱਡ ਉੱਡ ਗਏ। ਕੋਲਕਾਤਾ ਵਿੱਚ ਪਾਰਕ ਸਟਰੀਟ ਅਤੇ ਐਸਪਲੇਨੇਡ ਸਟੇਸ਼ਨਾਂ ਦੇ ਵਿਚਕਾਰ ਟਰੈਕ ’ਤੇ ਪਾਣੀ ਭਰ ਜਾਣ ਕਾਰਨ ਉੱਤਰ-ਦੱਖਣੀ ਮੈਟਰੋ ਰੇਲਵੇ ਲਾਈਨ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ। ਤੂਫਾਨ ਕਾਰਨ ਨੇਤਾਜੀ ਸੁਭਾਸ਼ ਚੰਦਰ ਬੋਸ ਇੰਟਰਨੈਸ਼ਨਲ (ਐੱਨਐੱਸਸੀਬੀਆਈ) ਹਵਾਈ ਅੱਡੇ ’ਤੇ 340 ਘਰੇਲੂ ਅਤੇ 54 ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਉੱਤਰੀ 24 ਪਰਗਨਾ, ਦੱਖਣੀ 24 ਪਰਗਨਾ ਅਤੇ ਪੂਰਬੀ ਮਿਦਨਾਪੁਰ ਜ਼ਿਲ੍ਹਿਆਂ ’ਚ ਤੂਫਾਨ ਕਾਰਨ ਕਈ ਕੱਚੇ ਘਰ ਢਹਿ ਗਏ ਤੇ ਬਿਜਲੀ ਦੇ ਖੰਭੇ ਟੁੱਟ ਗਏ। ਬੰਗਾਲ ਖਾੜੀ ’ਚ ਭਾਰੀ ਲਹਿਰਾਂ ਦੇਖੀਆਂ ਗਈਆਂ। (Weather Update)

ਬੰਗਲਾਦੇਸ਼ ’ਚ 7 ਮੌਤਾਂ

ਬੰਗਲਾਦੇਸ਼ ਵਿੱਚ ਵੀ ਤੂਫ਼ਾਨ ਦਾ ਜ਼ਬਰਦਸਤ ਅਸਰ ਪਿਆ ਹੈ। ਢਾਕਾ ਦੇ ਸੋਮੋਏ ਟੀਵੀ ਮੁਤਾਬਕ ਬੰਗਲਾਦੇਸ਼ ਵਿੱਚ ਤੂਫ਼ਾਨ ਕਾਰਨ 7 ਵਿਅਕਤੀਆਂ ਦੀ ਮੌਤ ਹੋ ਗਈ। ਸਰਕਾਰ ਨੇ ਡੇਢ ਕਰੋੜ ਲੋਕਾਂ ਦੇ ਘਰਾਂ ਦੀ ਬਿਜਲੀ ਕੱਟ ਦਿੱਤੀ ਹੈ।

  • 146 ਮਿਲੀਮੀਟਰ ਮੀਂਹ ਕਾਰਨ ਕੋਲਕਾਤਾ ਹੋਇਆ ਪਾਣੀ-ਪਾਣੀ
  • 1.10 ਨੀਵੇਂ ਇਲਾਕਿਆਂ ਤੋਂ ਲੱਖ ਲੋਕਾਂ ਨੂੰ ਸੂਬਾ ਸਰਕਾਰ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
  • 340 ਘਰੇਲੂ ਅਤੇ 54 ਅੰਤਰਰਾਸ਼ਟਰੀ ਉਡਾਣਾਂ ਰੱਦ