ਚੰਡੀਗੜ੍ਹ ’ਚ ਵੱਧ ਰਹੀਆ ਚੋਰੀਆਂ, ਗੱਡੀ ਦੇ ਚਾਰੋਂ ਟਾਇਰ ਉਤਾਰ ਕੇ ਲੈ ਗਏ ਚੋਰ
ਚੰਡੀਗੜ੍ਹ/ਮੋਹਾਲੀ (ਐੱਮ ਕੇ ਸ਼ਾਇਨਾ)। ਟਰਾਈਸਿਟੀ ਵਿੱਚ ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਰਾਤ ਸਮੇਂ ਚੌਕਸ ਰਹਿਣ ਵਾਲੇ ਚੋਰ ਚੰਡੀਗੜ੍ਹ ਪੁਲਿਸ ਲਈ ਬਹੁਤ ਵੱਡੀ ਚੁਣੌਤੀ ਬਣੇ ਹੋਏ ਹਨ ਪਰ ਚੰਡੀਗੜ੍ਹ ਦੀ ਹਾਈਟੈੱਕ ਪੁਲਿਸ ਉਨ੍ਹਾਂ ਦੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਾਲ ਨਸ਼ਟ ਕਰਨ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਇਸ ਵਾਰ ਚੋਰਾਂ ਦੇ ਇੱਕ ਅਣਪਛਾਤੇ ਗਰੋਹ ਨੇ ਸੈਕਟਰ-23/ਡੀ ਵਿੱਚ ਵਾਰਦਾਤ ਨੂੰ ਅੰਜਾਮ ਦਿੱਤਾ। ਇੱਥੋਂ ਚੋਰ ਮਕਾਨ ਨੰਬਰ-3460 ਦੇ ਬਾਹਰ ਖੜ੍ਹੀ ਹੌਂਡਾ ਵੈਨਿਊ ਕਾਰ (ਪੀਬੀ65ਏਵਾਈ-6005) ਦੇ ਚਾਰੇ ਟਾਇਰ (ਰਿਮ ਸਮੇਤ) ਚੋਰੀ ਕਰਕੇ ਲੈ ਗਏ ਪਰ ਚੰਡੀਗੜ੍ਹ ਪੁਲਿਸ ਦੀ ਪੈਟਰੋਲਿੰਗ ਪਾਰਟੀ ਗਸ਼ਤ ਕਰਦੀ ਰਹੀ। ਘਟਨਾ ਦਾ ਪਤਾ ਅੱਜ 23 ਦਸੰਬਰ ਸਵੇਰੇ ਉਸ ਸਮੇਂ ਲੱਗਾ ਜਦੋਂ ਕਾਰ ਕਲੀਨਰ ਕਾਰ ਧੋਣ ਲਈ ਪਹੁੰਚਿਆ।
ਉਸਨੇ ਕਾਰ ਨੂੰ ਟਾਇਰਾਂ ’ਤੇ ਨਹੀਂ, ਸਗੋਂ ਲੱਕੜ ਦੇ ਮੋਟੇ ਗੱਟਿਆਂ ’ਤੇ ਖੜ੍ਹੀ ਦੇਖਿਆ ਫਿਰ ਤੁਰੰਤ ਕਾਰ ਦੇ ਮਾਲਕ ਆਰੀਅਨ ਕਪੂਰ ਨੂੰ ਸੂਚਨਾ ਦਿੱਤੀ। ਆਰਿਅਨ ਕਾਰ ਦੇ ਨੇੜੇ ਪਹੁੰਚਿਆ ਅਤੇ ਆਸਪਾਸ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਉਸ ਦਾ ਚੰਡੀਗੜ੍ਹ ਦੇ ਸੈਕਟਰ-41 ਵਿੱਚ ਆਈਸ ਕਰੀਮ ਦਾ ਕਾਰੋਬਾਰ ਹੈ। ਉਸ ਨੇ ਦੱਸਿਆ ਕਿ 22 ਦਸੰਬਰ ਦੀ ਰਾਤ ਨੂੰ ਉਹ ਕਾਰ ਪਾਰਕ ਕਰਕੇ ਘਰ ਚਲਾ ਗਿਆ ਪਰ ਸਵੇਰੇ ਕਾਰ ਧੋਣ ਆਏ ਨੇਪਾਲੀ ਨੌਜਵਾਨ ਨੇ ਉਨ੍ਹਾਂ ਨੂੰ ਟਾਇਰ ਚੋਰੀ ਹੋਣ ਦੀ ਸੂਚਨਾ ਦਿੱਤੀ।
ਪਹਿਲਾਂ ਵੀ ਹੋਈ ਹੈ ਵਾਰਦਾਤ
ਆਰੀਅਨ ਕਪੂਰ ਨੇ ਦੱਸਿਆ ਕਿ 1-2 ਦਿਨ ਪਹਿਲਾਂ ਉਸ ਦੇ ਗੁਆਂਢੀਆਂ ਦੀ ਕਾਰ ਵਿੱਚੋਂ ਬੈਟਰੀ ਚੋਰੀ ਹੋ ਗਈ ਸੀ। ਆਰੀਅਨ ਨੇ ਦੱਸਿਆ ਕਿ ਕਰੀਬ ਦੋ ਦਿਨ ਪਹਿਲਾਂ ਉਸ ਦੇ ਘਰ ਦੇ ਪਿੱਛੇ ਅਣਪਛਾਤੇ ਚੋਰ ਇੱਕ ਔਰਤ ਤੋਂ ਸੋਨੇ ਦੀ ਚੇਨ ਖੋਹ ਕੇ ਫਰਾਰ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਸਾਨੂੰ ਚੰਡੀਗੜ੍ਹ ਵਰਗੇ ਸ਼ਹਿਰ ਵਿੱਚ ਵੀ ਕੁਝ ਵੀ ਸੁਰੱਖਿਅਤ ਮਹਿਸੂਸ ਨਹੀਂ ਹੋ ਰਿਹਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ