ਚੋਰਾਂ ਨੂੰ ਪੁਲਿਸ ਦਾ ਕੋਈ ਡਰ ਨਹੀਂ, ਚੋਰ ਬੇਖੌਫ ਕਰ ਰਹੇ ਨੇ ਚੋਰੀਆਂ : ਦੁਕਾਨਦਾਰ
- ਦੁਕਾਨਦਾਰਾਂ ਨੇ ਦਿੱਤਾ ਧਰਨਾ, ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ
- ਡੀਐੱਸਪੀ ਦੇ ਭਰੋਸੇ ਮਗਰੋਂ ਦੁਕਾਨਦਾਰਾਂ ਨੇ ਚੱਕਿਆ ਧਰਨਾ
- ਧਰਨੇ ‘ਚ ਬੀਜੇਪੀ ਆਗੂ ਮੈਡਮ ਦਾਮਨ ਥਿੰਦ ਬਾਜਵਾ ਪੁੱਜੇ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਸਥਾਨਕ ਬ੍ਰਹਮਸਿਰਾ ਮੰਦਰ ਦੇ ਨੇੜੇ ਰਾਤ ਫਿਰ ਦੋ ਦੁਕਾਨਾਂ ਦੇ ਵਿਚ ਚੋਰਾਂ ਵੱਲੋਂ ਚੋਰੀ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਜਿਸ ਵਿਚ ਦੁਕਾਨਾਂ ਦੇ ਗੱਲਿਆਂ ਦੇ ਵਿੱਚੋਂ ਪੈਸੇ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। (Incidents Of Theft) ਇਸ ਨੂੰ ਲੈ ਕੇ ਮਾਰਕੀਟ ਦੇ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਦੇ ਹਮਾਇਤ ਵਿੱਚ ਭਾਜਪਾ ਆਗੂ ਮੈਡਮ ਦਾਮਨ ਥਿੰਦ ਬਾਜਵਾ ਨੇ ਧਰਨੇ ‘ਚ ਸ਼ਮੂਲੀਅਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਅਤੇ ਵਪਾਰੀ ਆਗੂਆਂ ਨੇ ਦੱਸਿਆ ਕਿ ਰਾਤ ਇੱਕ ਆਟੇ ਵਾਲੀ ਚੱਕੀ ਅਤੇ ਇੱਕ ਭਾਂਡਿਆਂ ਵਾਲੀ ਦੁਕਾਨ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਉਂਦੇ ਹੋਏ ਦੋਨਾਂ ਦੁਕਾਨਾਂ ਵਿੱਚੋਂ ਗੱਲੇ ਤੋੜ ਕੇ ਚੋਰੀ ਕੀਤੀ ਗਈ ਹੈ। ਚੋਰ ਛੱਤ ਵਾਲੇ ਪਾਸੇ ਤੋਂ ਗੇਟ ਤੋੜ ਕੇ ਦੁਕਾਨਾਂ ਵਿਚ ਬੜੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਚੋਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਨਹੀਂ ਹੈ ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ।
ਇਕ ਹਫ਼ਤੇ ਤੋਂ ਇਸ ਮਾਰਕੀਟ ਦੇ ਅੰਦਰ ਤਿੰਨ ਵਾਰ ਹੋ ਚੁੱਕੀ ਹੈ ਚੋਰੀ (Incidents Of Theft)
ਉਨ੍ਹਾਂ ਕਿਹਾ ਕਿ ਲਗਾਤਾਰ ਚੋਰੀਆਂ ਹੋਣ ਕਾਰਨ ਦੁਕਾਨਦਾਰਾਂ ਦੇ ਮਨਾ ਵਿਚ ਖ਼ੌਫ਼ ਦਾ ਮਾਹੌਲ ਪੈਦਾ ਹੋ ਰਿਹਾ ਹੈ। ਦੁਕਾਨਦਾਰਾਂ ਨੇ ਧਰਨਾ ਲਗਾ ਕੇ ਪੁਲਿਸ ਅੱਗੇ ਮੰਗ ਰੱਖੀ ਕਿ ਜਦੋਂ ਤੱਕ ਪੁਲਿਸ ਚੋਰਾਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੀ ਉਹ ਧਰਨਾ ਜਾਰੀ ਰੱਖਣਗੇ। ਇਸ ਮੌਕੇ ਡੀਐੱਸਪੀ ਭਰਪੂਰ ਸਿੰਘ ਮੌਕੇ ’ਤੇ ਪਹੁੰਚੇ, ਉਨ੍ਹਾਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ, ਦੁਕਾਨਦਾਰਾਂ ਨੇ ਡੀਐੱਸਪੀ ਨੂੰ ਦੱਸਿਆ ਕਿ ਪਿਛਲੇ ਇਕ ਹਫ਼ਤੇ ਤੋਂ ਇਸ ਮਾਰਕੀਟ ਦੇ ਅੰਦਰ ਤਿੰਨ ਵਾਰ ਚੋਰੀ ਹੋ ਚੁੱਕੀ ਹੈ ਪਰ ਹਾਲੇ ਤੱਕ ਚੋਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੁਲਿਸ ਨਾਕਾਮ ਰਹੀ ਹੈ ਤੇ ਚੋਰ ਲਗਾਤਾਰ ਚੋਰੀਆਂ ਨੂੰ ਅੰਜ਼ਾਮ ਦੇ ਰਹੇ ਹਨ। ਜਿਸ ਨੂੰ ਲੈ ਕੇ ਉਨ੍ਹਾਂ ਵਿੱਚ ਭਾਰੀ ਰੋਸ ਹੈ।
ਇਸ ਚੱਲ ਰਹੇ ਧਰਨੇ ਵਿੱਚ ਸਮੂਲੀਅਤ ਕਰ ਰਹੇ ਬੀਜੇਪੀ ਆਗੂ ਮੈਡਮ ਦਾਮਨ ਥਿੰਦ ਬਾਜਵਾ ਅਤੇ ਹਰਮਨਦੇਵ ਬਾਜਵਾ ਨੇ ਕਿਹਾ ਕਿ ਉਹ ਉਕਤ ਦੁਕਾਨਦਾਰਾਂ ਦੇ ਸਾਥ ਲਈ ਹਮੇਸ਼ਾ ਖੜ੍ਹੇ ਹਨ ਅਤੇ ਉਹਨਾਂ ਮੌਕੇ ਤੇ ਪਹੁੰਚੇ ਡੀਐੱਸਪੀ ਭਰਪੂਰ ਸਿੰਘ ਨੂੰ ਅਪੀਲ ਕੀਤੀ ਕਿ ਉਕਤ ਦੁਕਾਨਾਂ ਚੋਂ ਚੋਰੀਆਂ ਕਰਨ ਵਾਲੇ ਚੋਰਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਤੇ ਇਸ ਤਰ੍ਹਾਂ ਦੇ ਗਲਤ ਅਨਸਰਾਂ ’ਤੇ ਜਲਦ ਨੱਥ ਪਾਈ ਜਾਵੇ।
ਇਹ ਵੀ ਪੜ੍ਹੋ : ਸਕਿਊਰਟੀ ਗਾਰਡ ਨੂੰ ਇੱਕ ਕਿੱਲੋ ਅਫ਼ੀਮ ਸਮੇਤ ਕੀਤਾ ਕਾਬੂ
ਇਸ ਮੌਕੇ ਡੀਐੱਸਪੀ ਭਰਪੂਰ ਸਿੰਘ ਨੇ ਦੁਕਾਨਦਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਬਹੁਤ ਜਲਦ ਚੋਰਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲੈਣਗੇ। ਉਹ ਨੇੜੇ-ਤੇੜੇ ਦੇ ਲੱਗੇ ਸੀਸੀਟੀਵੀ ਕੈਮਰੇ ਬਰੀਕੀ ਨਾਲ ਖੰਘਾਲੇ ਜਾ ਰਹੇ ਹਨ। ਡੀਐੱਸਪੀ ਨੇ ਕਿਹਾ ਕਿ ਰਾਤ ਸਮੇਂ ਪੁਲਿਸ ਦੀ ਗਸਤ ਲਗਾਤਾਰ ਜਾਰੀ ਹੈ। ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਹੈ। ਉਹਨਾਂ ਦੀ ਪਾਰਟੀ ਇਸ ਤੇ ਲਗਾਤਾਰ ਕੰਮ ਕਰ ਰਹੀ ਹੈ। ਇਸ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ। ਡੀਐੱਸਪੀ ਦੇ ਭਰੋਸੇ ਮਗਰੋਂ ਦੁਕਾਨਦਾਰਾਂ ਨੇ ਧਰਨਾ ਸਮਾਪਤ ਕੀਤਾ। ਇਸ ਮੌਕੇ ਥਾਣਾ ਮੁਖੀ ਅਜੈ ਕੁਮਾਰ ਵੀ ਮੌਕੇ ’ਤੇ ਮੌਜ਼ੂਦ ਸਨ।