ਡੇਰਾਬੱਸੀ। ਪੰਜਾਬ ਵਿੱਚ ਪੰਚਾਇਤੀ ਚੋਣਾਂ (Panchayat Elections) ਦੀਆਂ ਤਰੀਕਾਂ ਦੇ ਐਲਾਨ ਦੀਆਂ ਤਿਆਰੀਆਂ ਹੋ ਰਹੀਆਂ ਹਨ। ਇਸ ਦੌਰਾਨ ਸਿਆਸੀ ਜੋੜ-ਤੋੜ ਆਮ ਹੀ ਲੱਗਣੇ ਸ਼ੁਰੂ ਹੋ ਜਾਂਦੇ ਹਨ। ਪਰ ਇਸ ਤੋਂ ਉਲਟ ਇੱਕ ਨੌਜਵਾਨ ਨੇ ਸ਼ਾਨਦਾਰ ਐਲਾਨ ਕਰ ਦਿੱਤਾ ਹੈ। ਦਰਅਸਲ, ਪੰਜਾਬ ਦੇ ਪਿੰਡ ਭਾਂਖਰਪੁਰ ਵਿਖੇ ਨੌਜਵਾਨ ਆਗੂ ਨੇ ਪਿੰਡ ਵਾਸੀਆਂ ਨੂੰ ਅਪੀਲ ਕਰਦਿਆਂ ਬੇਨਤੀ ਕੀਤੀ ਹੈ ਕਿ ਜੇ ਉਹ ਪੰਚਾਇਤੀ ਚੋਣਾਂ ਦੌਰਾਨ ਪਿੰਡ ਭਾਂਖਰਪੁਰ ਦੇ ਸਰਪੰਚ ਦੀ ਚੋਣ ਸਰਬਸੰਤਮੀ ਨਾਲ ਕਰਦੇ ਹਨ ਤਾਂ ਉਹ ਪੰਚਾਇਤ ਨੂੰ 10 ਲੱਖ ਰੁਪਏ ਦਾ ਇਨਾਮ ਦੇਵੇਗਾ।
ਇਸ ਇਨਾਮ ਪਿੱਛੇ ਉਸ ਨੇ ਇਹ ਇੱਛਾ ਪ੍ਰਗਟਾਈ ਹੈ ਕਿ ਉਹ ਚਾਹੰੁਦਾ ਹੈ ਕਿ ਪਿੰਡ ਦਾ ਸਰਵਪੱਖੀ ਵਿਕਾਸ ਹੋ ਸਕੇ। ਪਿੰਡ ਭਾਂਖਰਪੁਰ ਤੋਂ ਸਾਬਕਾ ਬਲਾਕ ਸੰਮਤੀ ਮੈਂਬਰ ਸੁਰਿੰਦਰ ਕੌਰ ਦੇ ਪੁੱਤਰ ਬਲਜੀਤ ਸਿੰਘ ਨੇ ਦੱਸਿਆ ਕਿ ਸੂਬੇ ’ਚ ਦਸੰਬਰ ਮਹੀਨੇ ਹੋਣ ਵਾਲੀਆਂ ਪੰਚਾਇਤੀ ਚੋਣਾਂ ਦੌਰਾਨ ਜੇ ਉਨ੍ਹਾਂ ਦੇ ਪਿੰਡ ’ਚ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕਰ ਲਈ ਤਾਂ ਉਹ ਪਿੰਡ ਦੀ ਪੰਚਾਇਤ ਨੂੰ ਦਸ ਲੱਖ ਰੁਪਏ ਇਨਾਮ ਵਜੋਂ ਦੇਣਗੇ ਤਾਂ ਜੋ ਪਿੰਡ ’ਚ ਵਿਕਾਸ ਦਾ ਕੰਮ ਬਿਨਾ ਕਿਸੇ ਭੇਦਭਾਵ ਅਤੇ ਪੱਖਪਾਤ ਤੋਂ ਹੋ ਸਕਣ। (Panchayat Elections)
ਉਨ੍ਹਾਂ ਕਿਹਾ ਕਿ ਜੇ ਸਰਬਸੰਮਤੀ ਨਾਲ ਪੰਚਾਇਤ ਚੁਣੀ ਜਾਂਦੀ ਹੈ ਤਾਂ ਪਾਰਟੀਬਾਜ਼ੀ ਨੂੰ ਵੀ ਠੱਲ੍ਹ ਪਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਦੇ ਪੜ੍ਹੇ-ਲਿਖੇ ਸੂਝਵਾਨ ਤੇ ਇਮਾਨਦਾਰ ਨੌਜਵਾਨ ਵਿਅਕਤੀ ਨੂੰ ਸਰਪੰਚ ਦੇ ਅਹੁਦੇ ਲਈ ਚੁਣਨ ਤਾਂ ਜੋ ਪਿੰਡ ਵਿੱਚ ਵਿਕਾਸ ਕਾਰਜ ਨੂੰ ਲੀਹਾਂ ’ਤੇ ਲਿਆਂਦਾ ਜਾ ਸਕੇ।