ਨੌਜਵਾਨ ਕਿਸਾਨ ਨੇ ਜ਼ਹਿਰੀਲੀ ਦਵਾਈ ਖਾ ਕੀਤੀ ਜੀਵਨ ਲੀਲਾ ਸਮਾਪਤ

ਹਸਪਤਾਲ ਵਿਚ ਲਾਸ਼ ਦੀ ਸੰਭਾਲ ਨਾ ਹੋਣ ਕਾਰਨ ਕਿਸਾਨ ਯੂਨੀਅਨ ਨੇ ਲਗਾਇਆ ਧਰਨਾ

ਸੁਨਾਮ ਊਧਮ ਸਿੰਘ ਵਾਲਾ (ਖੁਸ਼ਪ੍ਰੀਤ ਜੋਸ਼ਨ/ਕਰਮ ਥਿੰਦ) ਨੇੜਲੇ ਪਿੰਡ ਮੈਦੇਵਾਸ ਦੇ ਇੱਕ ਕਿਸਾਨ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਨਾਮ ਵਿਖੇ ਲਿਆਂਦਾ ਗਿਆ ਹੈ  ਇਸ ਮੌਕੇ ਸਿਵਲ ਹਸਪਤਾਲ ਪ੍ਰਸ਼ਾਸਨ ਕੋਲ ਫਰਿੱਜ਼ ਦਾ ਪ੍ਰਬੰਧ ਨਾ ਹੋਣ ਕਾਰਨ ਕਿਸਾਨਾਂ ਵੱਲੋਂ ਹਸਪਤਾਲ ਅੱਗੇ ਧਰਨਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਜਸਪ੍ਰੀਤ ਸਿੰਘ ਨੇ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕੀਤੀ ਹੈ,

ਕਿਉਂਕਿ ਪਰਿਵਾਰ ਕਰਜ਼ੇ ਦੀ ਮਾਰ ਝੱਲ ਰਿਹਾ ਹੈ ਉਹਨਾਂ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਕੋਲ ਲਾਸ਼ ਦੀ ਸੰਭਾਲ ਲਈ ਫਰਿੱਜ਼ ਤੱਕ ਦੀ ਸਹੂਲਤ ਵੀ ਨਾ ਹੋਣ ਕਾਰਨ ਉਹ ਮਜ਼ਬੂਰ ਹੋ ਕੇ ਇਸ ਗ਼ਮ ਦੇ ਮਾਹੌਲ ਵਿੱਚ ਨਾਅਰੇਬਾਜ਼ੀ ਅਤੇ ਧਰਨਾ ਲਾਉਣ ਲਈ ਮਜ਼ਬੂਰ ਹੋਏ ਹਨ ਅਤੇ ਸਿਵਲ ਹਸਪਤਾਲ ਸੁਨਾਮ ਵਿਖੇ ਨਵਾਂ ਪੋਸਟਮਾਰਟਮ ਵਾਰਡ ਬਣਿਆ ਹੋਇਆ ਹੈ ਪਰ ਉਸ ਨੂੰ ਅਜੇ ਤੱਕ ਵਰਤੋਂ ਵਿੱਚ ਨਹੀਂ ਲਿਆਂਦਾ ਜਾ ਰਿਹਾ ਭਾਵੇਂ ਕਿ ਸਰਕਾਰਾਂ ਅਤੇ ਸਿਆਸੀ ਆਗੂ ਵੱਡੇ ਵੱਡੇ ਦਾਅਵੇ ਕਰਦੀਆਂ ਹਨ

ਪ੍ਰੰਤੂ ਸੱਚਾਈ ਸਿਵਲ ਹਸਪਤਾਲ ਸੁਨਾਮ ਵਿਖੇ ਪ੍ਰਬੰਧਾਂ ਨੂੰ ਵੇਖ ਕੇ ਸਾਫ ਦਿਖਾਈ ਦੇ ਰਹੀ ਹੈ ਅਤੇ ਲੋਕਾਂ ਨੂੰ ਸਹੂਲਤਾਂ ਤੋਂ ਵਾਂਝਿਆ ਰੱਖਿਆ ਹੋਇਆ ਹੈ ਇਸ ਸਬੰਧੀ ਮ੍ਰਿਤਕ ਦੇ ਪਿਤਾ ਪੱਪਾ ਸਿੰਘ ਨੇ ਕਿਹਾ ਕਿ ਉਸਦੇ ਲੜਕੇ ਜਸਪ੍ਰੀਤ ਸਿੰਘ, ਜਿਸਦੀ ਉਮਰ 30 ਸਾਲ ਸੀ ਅਤੇ ਪਰਿਵਾਰ ‘ਤੇ 4-5 ਲੱਖ ਰੁਪਏ ਦਾ ਕਰਜ਼ਾ ਸੀ ਅਤੇ ਉਸ ਦੀ ਅੱਧਾ ਕਿੱਲਾ ਜ਼ਮੀਨ ਸੀ ਅਤੇ ਪਰਿਵਾਰ ਕਰਜ਼ਾ ਮੋੜਨ ਤੋਂ ਅਸਮਰੱਥ ਸੀ ਜਸਪ੍ਰੀਤ ਦੇ ਦੋ ਬੱਚੇ ਹਨ ਤੇ ਉਹ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਖੇਤ ਜਾ ਕੇ ਜ਼ਹਿਰੀਲੀ ਦਵਾਈ ਨਿਗਲ ਲਈ

ਜਦੋਂ ਇਸ ਸਬੰਧੀ ਸਿਵਲ ਹਸਪਤਾਲ ਸੁਨਾਮ ਦੇ ਐੱਸਐੱਮਓ ਡਾ ਸੰਜੇ ਕਾਮਰਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਨਵੀਂ ਬਣੀ ਮੁਰਦਾ ਘਰ ਦੀ ਇਮਾਰਤ ਖੋਲ੍ਹਣ ਦੀ ਮਨਜ਼ੂਰੀ ਉਨ੍ਹਾਂ ਕੋਲ ਨਹੀਂ ਆਈ ਹੈ ਇਸ ਮੌਕੇ ਥਾਣਾ ਧਰਮਗੜ ਦੇ ਐਸ ਐਚ ਓ ਨਰਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦ ਜਾਵੇਗੀ ਇਸ ਮੌਕੇ ਕਿਸਾਨ ਆਗੂ ਰਾਮਪਾਲ ਸ਼ਰਮਾ , ਸੁਖਪਾਲ ਮਾਣਕ ,ਹੈਪੀ ਸਿੰਘ , ਭੋਲਾ ਸਿੰਘ ਨਮੋਲ , ਸਤਿਗੁਰ ਸਿੰਘ ਨਮੋਲ , ਕੁਲਬੀਰ ਸਿੰਘ ਆਦਿ ਮੌਜੂਦ ਸਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.