Defense Corridor: ਪ੍ਰਧਾਨ ਮੰਤਰੀ ਨੇ ਲਖਨਊ ’ਚ ਰਾਸ਼ਟਰੀ ਪ੍ਰੇਰਨਾ ਅਸਥਾਨ ਦਾ ਕੀਤਾ ਉਦਘਾਟਨ
Defense Corridor: ਲਖਨਊ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਜਧਾਨੀ ਲਖਨਊ ਦੀ ਬਸੰਤ ਕੁੰਜ ਯੋਜਨਾ ਸਥਿਤ ਰਾਸ਼ਟਰ ਪ੍ਰੇਰਨਾ ਅਸਥਾਨ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਧਾਨ ਮੰਤਰੀ ਨੇ ਗਰਾਊਂਡ ’ਚ ਸਥਾਪਤ ਮਹਾਂਪੁਰਸ਼ਾਂ ਦੀਆਂ ਮੂਰਤੀਆਂ ਦਾ ਜਾਇਜ਼ਾ ਲਿਆ ਤੇ ਉਨ੍ਹਾਂ ਨੂੰ ਨਮਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਪ੍ਰੇਰਨਾ ਅਸਥਾਨ ਦੇ ਉਦਘਾਟਨ ਸਮਾਰੋਹ ’ਚ ਕਿਹਾ ਕਿ ਉਹ ਦਿਨ ਦੂਰ ਨਹੀਂ, ਜਦੋਂ ਯੂਪੀ ਦਾ ਡਿਫੈਂਸ ਕਾਰੀਡੋਰ ਦੁਨੀਆ ਭਰ ’ਚ ਜਾਣਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਇਸ ਨੂੰ ਉੱਤਰ ਪ੍ਰਦੇਸ਼ ਲਈ ਇਤਿਹਾਸਕ ਉਪਲੱਬਧੀ ਦੱਸਦੇ ਹੋਏ ਕਿਹਾ ਕਿ ਸੂਬੇ ਦਾ ਡਿਫੈਂਸ ਕਾਰੀਡੋਰ ਆਉਣ ਵਾਲੇ ਸਮੇਂ ’ਚ ਵਿਸ਼ਵ-ਪਛਾਣ ਬਣੇਗਾ।
ਪੀਐੱਮ ਮੋਦੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ’ਚ ਇੱਕ ਵਿਸ਼ਾਲ ਡਿਫੈਂਸ ਕਾਰੀਡੋਰ ਦਾ ਨਿਰਮਾਣ ਹੋ ਰਿਹਾ ਹੈ ਤੇ ‘ਆਪ੍ਰੇਸ਼ਨ ਸੰਧੂਰ’ ’ਚ ਜਿਸ ਬ੍ਰਹਮੋਸ ਮਿਜ਼ਾਈਲ ਦੀ ਤਾਕਤ ਪੂਰੀ ਦੁਨੀਆ ਨੇ ਵੇਖੀ, ਉਸ ਦਾ ਨਿਰਮਾਣ ਹੁਣ ਲਖਨਊ ’ਚ ਹੋ ਰਿਹਾ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਉਹ ਦਿਨ ਦੂਰ ਨਹੀਂ ਜਦੋਂ ਯੂਪੀ ਦਾ ਡਿਫੈਂਸ ਕਾਰੀਡੋਰ ਵਿਸ਼ਵ ਨਕਸ਼ੇ ’ਤੇ ਆਪਣੀ ਮਜ਼ਬੂਤ ਪਛਾਣ ਬਣਾਵੇਗਾ। ਸਮਾਰੋਹ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਜਪਾਲ ਆਨੰਦੀਬੇਨ ਪਟੇਲ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਸਮੇਤ ਕਈ ਸੀਨੀਅਰ ਆਗੂ ਮੌਜ਼ੂਦ ਰਹੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਚ ’ਤੇ ਪਹੁੰਚਦੇ ਹੀ ਵੱਡੀ ਗਿਣਤੀ ’ਚ ਮੌਜ਼ੂਦ ਲੋਕਾਂ ਦਾ ਧੰਨਵਾਦ ਕੀਤਾ।
Defense Corridor
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰੋਗਰਾਮ ਥਾਂ ’ਤੇ ਪਹੁੰਚਣ ਤੋਂ ਬਾਅਦ ਭਾਰਤ ਮਾਤਾ ਦੀ ਮੂਰਤੀ ’ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ ਇਸ ਤੋਂ ਬਾਅਦ ਉਨ੍ਹਾਂ ਨੇ ਭਾਜਪਾ ਤੇ ਜਨਸੰਘ ਦੇ ਗਲਿਆਰੇ ਦਾ ਵਿਸ਼ਲੇਸ਼ਣ ਕੀਤਾ। ਇਸ ਗਲਿਆਰੇ ’ਚ ਜਨਸੰਘ ਤੇ ਭਾਜਪਾ ਦੀ ਪੂਰੀ ਯਾਤਰਾ ਨੂੰ ਤਸਵੀਰਾਂ ਜ਼ਰੀਏ ਦਰਸਾਇਆ ਗਿਆ ਹੈ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਗੈਲਰੀ ਦਾ ਦੌਰਾ ਕੀਤਾ। ਇਸ ਗੈਲਰੀ ’ਚ ਡਾ. ਮੁਖਰਜੀ ਦੇ ਜੀਵਨ ਨਾਲ ਜੁੜੇ ਹੋਏ ਵੱਖ-ਵੱਖ ਚਿੱਤਰ ਤੇ ਪ੍ਰਤੀਕ ਚਿੰਨ੍ਹ ਰੱਖੇ ਗਏ ਹਨ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਬਣ ਕੇ ਤਿਆਰ ਹੋ ਚੁੱਕੇ ਸ਼ਾਨਦਾਰ ‘ਰਾਸ਼ਟਰ ਪ੍ਰੇਰਨਾ ਅਸਥਾਨ’ ’ਤੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ, ਪੰਡਤ ਦੀਨ ਦਿਆਲ ਉਪਾਧਿਆਏ ਤੇ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੇ ਵਿਚਾਰਾਂ ਤੇ ਅਮੁੱਲ ਯੋਗਦਾਨ ਨੂੰ ਜਨ-ਜਨ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ।
ਅੱਜ ਪੂਰੀ ਦੁਨੀਆ ਕੰਨ ਖੋਲ੍ਹ ਕੇ ਸੁਣਦੀ ਹੈ ਕਿ ਭਾਰਤ ਕੀ ਬੋਲ ਰਿਹੈ: ਰਾਜਨਾਥ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਸ਼ਟਰ ਪ੍ਰੇਰਨਾ ਅਸਥਾਨ ਦੇ ਉਦਘਾਟਨ ਸਮਾਰੋਹ ’ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੂੰ ਰਾਸ਼ਟਰ ਪ੍ਰੇਰਨਾ ਅਸਥਾਨ ਦੇ ਨਿਰਮਾਣ ਲਈ ਵਧਾਈ ਦਿੰਦੇ ਹੋਏ ਕਿਹਾ ਕਿ ਡਾ. ਸ਼ਿਆਮਾ ਪ੍ਰਸਾਦ ਮੁਖਰਜ਼ੀ ਨੇ ਭਾਰਤ ਦੀ ਏਕਤਾ ਤੇ ਅਖੰਡਤਾ ਲਈ ਲੰਬਾ ਸੰਘਰਸ਼ ਕੀਤਾ ਤੇ ਧਾਰਾ 370 ਦੇ ਵਿਰੋਧ ’ਚ ਆਪਣੇ ਪ੍ਰਾਣਾਂ ਦਾ ਬਲਿਦਾਨ ਦਿੱਤਾ। ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜ਼ੀ ਦੇ ਇਸ ਸੁਫ਼ਨੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਕੀਤਾ।
Read Also : ਜ਼ਿਲ੍ਹਾ ਮਲੇਰਕੋਟਲਾ ’ਚ ਇੱਕ ਔਰਤ ਵੱਲੋਂ ਮਾਂ ਤੇ ਪੁੱਤਰ ਸਮੇਤ ਕੀਤੀ ਖੁਦਕੁਸ਼ੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਅੱਜ ਭਾਰਤ ਦੀ ਆਰਥਿਕ ਤੇ ਵਿਸ਼ਵ ਪੱਧਰੀ ਹੈਸੀਅਤ ਅਨੋਖੇ ਪੱਧਰ ’ਤੇ ਪਹੁੰਚ ਚੁੱਕੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ’ਚ ਮਹਿੰਗਾਈ ਦਰ ਇੱਕ ਪ੍ਰਤੀਸ਼ਤ ਤੋਂ ਹੇਠਾਂ ਹੈ ਤੇ ਵਿਕਾਸ ਦਰ ਅੱਠ ਪ੍ਰਤੀਸ਼ਤ ਨਾਲ ਅੱਗੇ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਕੰਨ ਖੋਲ੍ਹ ਕੇ ਸੁਣਦੀ ਹੈ ਕਿ ਭਾਰਤ ਕੀ ਬੋਲ ਰਿਹਾ ਹੈ ਤੇ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਦੇਸ਼ ਦੀ ਵਧਦੀ ਤਾਕਤ ਦਾ ਪ੍ਰਮਾਣ ਹੈ।














