ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ‘ਤੇ ਮਜ਼ਦੂਰ ਹੋਏ ਲਾਲ

Red, Beaded, Laborer, Cutting, Dal, Cards

ਸੰਗਤ ਮੰਡੀ (ਮਨਜੀਤ ਨਰੂਆਣਾ)। ਕਣਕ ਦਾਲ ਵਾਲੇ ਨੀਲੇ ਕਾਰਡ ਕੱਟਣ ਦੇ ਵਿਰੋਧ ‘ਚ ਦਰਜ਼ਨਾਂ ਮਜ਼ਦੂਰ ਔਰਤਾਂ ਵੱਲੋਂ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ ਦੀ ਅਗਵਾਈ ਹੇਠ ਨਗਰ ਕੌਂਸਲ ਸੰਗਤ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਸੂਬਾ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਆਗੂ ਮਿੱਠੂ ਸਿੰਘ ਘੁੱਦਾ ਨੇ ਕਿਹਾ ਕਿ ਸਥਾਨਕ ਮੰਡੀ ‘ਚ ਰਹਿੰਦੇ ਸੂਬਾ ਸਰਕਾਰ ਵੱਲੋਂ ਕੁੱਝ ਸ਼ਰਤਾਂ ਲਗਾ ਕੇ ਜਾਣ ਬੁੱਝ ਕੇ ਦਰਜ਼ਨਾਂ ਮਜ਼ਦੂਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਹਨ, ਜਦਕਿ ਕਿ ਰੱਜੇ-ਪੁੱਜੇ ਘਰਾਂ ਦੇ ਲੋਕ ਇਸ ਸਕੀਮ ਦਾ ਲਾਭ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਗਰੀਬ ਪਰਿਵਾਰਾਂ ਦੇ ਇਹ ਕਾਰਡ ਕੱਟੇ ਗਏ ਹਨ ਉਹ ਨਗਰ ਕੌਂਸਲ ਦੇ ਲਾਲ ਲਕੀਰ ਅੰਦਰ ਰਹਿੰਦੇ ਹਨ ਅਤੇ ਲੰਮੇਂ ਸਮੇਂ ਤੋਂ ਆਟਾ ਦਾਲ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮਜ਼ਦੂਰਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ, ਮਹੀਨੇ ‘ਚ ਇਨ੍ਹਾਂ ਮਜ਼ਦੂਰਾਂ ਨੂੰ ਸਿਰਫ ਦਸ ਦਿਨ ਹੀ ਕੰਮ ਮਿਲਦਾ ਹੈ। ਉਨ੍ਹਾਂ ਚੇਤਾਵਨੀ ਭਰੇ ਲਹਿਜੇ ‘ਚ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦੀ ਹੀ ਇਨ੍ਹਾਂ ਮਜ਼ਦੂਰਾਂ ਦੇ ਨੀਲੇ ਕਾਰਡ ਬਹਾਲ ਕਰਕੇ ਉਨ੍ਹਾਂ ਨੂੰ ਸਸਤੀ ਕਣਕ ਦੀ ਵੰਡ ਨਾ ਕੀਤੀ ਗਈ ਤਾਂ ਯੂਨੀਅਨ ਵੱਲੋਂ ਮਜ਼ਦੂਰਾਂ ਨੂੰ ਨਾਲ ਲੈ ਕੇ ਵੱਡੇ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ।

ਇਸ ਮੌਕੇ ਕੌਂਸਲਰ ਰਣਜੀਤ ਨਿੱਕਾ, ਸੁਖਪਾਲ ਸਿੰਘ, ਲਖਵਿੰਦਰ ਸਿੰਘ, ਜੱਗਾ ਸਿੰਘ, ਗੁਰਦਾਸ ਸਿੰਘ, ਸੁਖਦੇਵ ਕੌਰ, ਮਨਜੀਤ ਕੌਰ, ਕੁਲਵੰਤ ਕੌਰ, ਅਮਰਜੀਤ ਕੌਰ, ਜਸਪਾਲ ਕੌਰ, ਰਾਣੀ ਕੌਰ, ਬਿੰਦਰ ਕੌਰ, ਜੰਗੀਰ ਸਿੰਘ, ਦਲੀਪ ਸਿੰਘ, ਕੁਲਵੰਤ ਕੌਰ, ਮੰਦਰ ਸਿੰਘ ਧਰਨੇ ‘ਚ ਸ਼ਾਮਲ ਸਨ

ਮਜ਼ਦੂਰਾਂ ਨਾਲ ਧੱਕਾ ਹੋਇਆ: ਜਵਾਲਾ ਸਿੰਘ

ਨਗਰ ਕੌਂਸਲ ਸੰਗਤ ਦੇ ਪ੍ਰਧਾਨ ਜਵਾਲਾ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਦੇ ਨੀਲੇ ਕਾਰਡ ਕੱਟ ਕੇ ਉਨ੍ਹਾਂ ਨਾਲ ਧੱਕਾ ਕੀਤਾ ਗਿਆ ਹੈ। ਉਨ੍ਹਾਂ ਸਰਕਾਰ ਉਪਰ ਅਰੋਪ ਲਗਾਉਂਦਿਆਂ ਕਿਹਾ ਕਿ ਕਈ ਅਜਿਹੇ ਲੋਕ ਵੀ ਹਨ ਜਿਹੜੇ ਗਰੀਬਾਂ ਰੇਖਾਂ ਤੋਂ ਉਪਰ ਹਨ ਪ੍ਰੰਤੂ ਇਸ ਸਕੀਮ ਦਾ ਲਾਭ ਲੈ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਨੀਲੇ ਕਾਰਡ ਕੱਟਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਦਿਆਂ ਮਜ਼ਦੂਰਾਂ ਦੇ ਤੁਰੰਤ ਨੀਲੇ ਕਾਰਡ ਬਹਾਲ ਕੀਤੇ ਜਾਣ।

ਲੋਕ ਆਪਣੇ ਥਾਂ ‘ਤੇ ਸਹੀ ਨਹੀਂ

ਜਦ ਇਸ ਸਬੰਧੀ ਫੂਡ ਸਪਲਾਈ ਇੰਸਪੈਕਟਰ ਕਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਮੇਟੀ ਦੀ ਤਿੰਨ ਮੈਂਬਰੀ ਟੀਮ ਵੱਲੋਂ ਪ੍ਰਸਾਸ਼ਨ ਦੇ ਹੁਕਮਾਂ ਅਨੁਸਾਰ ਸਰਵੇ ਕੀਤਾ ਗਿਆ ਸੀ ਜਿਸ ‘ਚ ਨੀਲੇ ਕਾਰਡ ਧਾਰਕ ਕੋਲ ਮੰਡੀ ‘ਚ ਰਹਿੰਦੇ ਵਿਅਕਤੀ ਕੋਲ ਸੌ ਗਜ਼ ਤੋਂ ਘਰ ਦਾ ਸਾਇਜ਼ ਜਿਆਦਾ ਨਹੀਂ ਹੋਣਾ ਚਾਹੀਦਾ, ਦੋ ਕਿੱਲੋ ਤੋਂ ਜਿਆਦਾ ਨਹਿਰੀ ਜ਼ਮੀਨ ਨਹੀਂ ਹੋਣੀ ਚਾਹੀਦੀ ਤੇ 60 ਹਜ਼ਾਰ ਤੋਂ ਸਲਾਨਾ ਉਕਤ ਵਿਅਕਤੀ ਦੀ ਆਮਦਨ ਨਹੀਂ ਹੋਣੀ ਚਾਹੀਦੀ, ਜਿਸ ਕਾਰਨ ਮੰਡੀ ‘ਚ ਘਰਾਂ ਦਾ ਸਾਇਜ ਜਿਆਦਾ ਹੋਣ ਕਾਰਨ 200 ਤੋਂ ਜਿਆਦਾ ਨੀਲੇ ਕਾਰਡ ਧਾਰਕਾਂ ਦੇ ਕਾਰਡ ਕੱਟੇ ਗਏ। ਉਨ੍ਹਾਂ ਕਿਹਾ ਕਿ ਲੋਕ ਆਪਣੇ ਥਾਂ ‘ਤੇ ਸਹੀ ਹਨ।