ਹਰੀਕੇ ਹੈੱਡ ਵਰਕਸ, ਰੋਪੜ ਹੈੱਡ ਵਰਕਸ ਤੇ ਪੌਂਗ ਡੈਮ ਤੋਂ ਘੱਟ ਛੱਡਿਆ ਜਾ ਰਿਹਾ ਪਾਣੀ
ਫਿਰੋਜ਼ਪੁਰ/ਮੋਗਾ (ਸਤਪਾਲ ਥਿੰਦ/ਵਿੱਕੀ) ਐਤਵਾਰ ਨੂੰ ਰੋਪੜ ਹੈੱਡਵਰਕਸ ਤੋਂ 2.40 ਲੱਖ ਕਿਊਸਿਕ ਤੋਂ ਵੱਧ ਪਾਣੀ ਛੱਡਣ ਮਗਰੋਂ ਸਤਲੁਜ ਦਰਿਆ ‘ਚ ਆਏ ਉਫਾਨ ਨਾਲ ਪਾਣੀ ਦੀ ਲਪੇਟ ‘ਚ ਆਏ ਪਿੰਡਾਂ ਦੀ ਦੁਰ-ਦਸ਼ਾ ਬਦਲ ਗਈ । ਭਾਰੀ ਮਾਤਰਾ ‘ਚ ਛੱਡਿਆ ਗਿਆ ਪਾਣੀ ਜਿੱਥੋਂ-ਜਿੱਥੋਂ ਲੰਘਦਾ ਗਿਆ ਉੱਥੇ ਹੀ ਤਬਾਹੀ ਦਾ ਮੰਜਰ ਦੇਖਣ ਨੂੰ ਮਿਲਿਆ। ਪਾਣੀ ਦੀ ਲਪੇਟ ‘ਚ ਅਨੇਕਾਂ ਪਿੰਡਾਂ ਦਾ ਭਾਰੀ ਨੁਕਸਾਨ ਹੋਇਆ, ਹਜ਼ਾਰਾਂ ਏਕੜ ਦੇ ਹਿਸਾਬ ਨਾਲ ਫਸਲਾਂ ਪਾਣੀ ਦੀ ਮਾਰ ਹੇਠ ਹਨ, ਕਈ ਲੋਕਾਂ ਦੇ ਘਰ ਢਹਿ ਗਏ ਅਤੇ ਅਨੇਕਾਂ ਪਸ਼ੂ ਸਤਲੁਜ ਦਰਿਆ ਦਾ ਤੇਜ਼ ਪਾਣੀ ਆਪਣੇ ਨਾਲ ਵਹਾਅ ਕੇ ਲੈ ਗਿਆ। ਰੋਪੜ ਤੋਂ ਛੱਡਿਆ ਗਿਆ ਭਾਰੀ ਮਾਤਰਾ ‘ਚ ਪਾਣੀ ਪਹੁੰਚਦਾ-ਪਹੁੰਚਦਾ ਬੀਤੀ ਦੇਰ ਸ਼ਾਮ ਤੱਕ ਫਿਰੋਜ਼ਪੁਰ, ਮੋਗਾ, ਜਲੰਧਰ, ਲੁਧਿਆਣਾ ਦੇ ਇਲਾਕਿਆਂ ‘ਚ ਘੁਸਪੈਠ ਕਰਦਾ ਆਪਣਾ ਪ੍ਰਭਾਵ ਦਿਖਾਉਣ ਲੱਗਾ ਅਤੇ ਮੰਗਲਵਾਰ ਦੀ ਸਵੇਰ ਤੱਕ ਕਈ ਪਿੰਡ ਪਾਣੀ ਦੇ ਪ੍ਰਭਾਵ ਹੇਠ ਆ ਗਏ। (Sutlej River)
ਇਹ ਵੀ ਪੜ੍ਹੋ : ਆੜ੍ਹਤੀਏ ਕਰਨਗੇ 25 ਸਤੰਬਰ ਨੂੰ ਹੜਤਾਲ, ਮੋਗਾ ’ਚ ਹੋਵੇਗਾ ਵੱਡਾ ਇਕੱਠ
ਜਿਹਨਾਂ ‘ਚ ਫਸੇ ਕਈ ਲੋਕਾਂ ‘ਚ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ। ਫਿਰੋਜ਼ਪੁਰ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ ਦੇ ਪਿੰਡ ਨਿਹਾਲਾ ਲਵੇਰਾ, ਟੇਂਡੀ ਵਾਲਾ, ਕਾਲੂ ਵਾਲਾ, ਗੱਟਾ ਦਲੇਲ ਸਿੰਘ, ਮੰਨੂਮਾਸ਼ੀ, ਜਮਾਲਾ ਵਾਲਾ ਸਮੇਤ ਕਈ ਪਿੰਡ ਪਾਣੀ ਦੇ ਪ੍ਰਭਾਵ ਹੇਠ ਆ ਗਏ ਹਨ ਅਤੇ 20 ਤੋਂ ਵੱਧ ਪਿੰਡਾਂ ਦੀਆਂ ਧੁੱਸੀ ਬੰਨ੍ਹ ‘ਚ ਆਉਂਦੀਆਂ ਫਸਲਾਂ ਪਾਣੀ ਦੀ ਮਾਰ ਹੇਠ ਹਨ । ਫਸਲ ਤਬਾਹ ਹੋਣ ਬਾਰੇ ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਦੇ ਘਟਣ ਉਪਰੰਤ ਹੀ ਪਤਾ ਚੱਲ ਸਕੇਗਾ ਕਿਉਂਕਿ ਅਜੇ ਕਈ ਫਸਲਾਂ ਪਾਣੀ ਦੀ ਮਾਰ ਹੇਠ ਪੂਰੀ ਤਰ੍ਹਾਂ ਨਹੀਂ ਆਈਆਂ ਜੋ ਪਾਣੀ ਘਟਣ ਨਾਲ ਬੱਚ ਸਕਦੀਆਂ ਹਨ। Àੁੱਧਰ ਜ਼ਿਲਾਂ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਪਾਣੀ ਘਟਣ ਦਾ ਭਰੋਸਾ ਦਿੰਦੇ ਵਿਸ਼ਵਾਸ਼ ਦੁਵਾਇਆ ਕਿ ਪ੍ਰਸ਼ਾਸਨ ਉਹਨਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਹੈ। (Sutlej River)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਨਦੀ ਵਿੱਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸਨ ਵੱਲੋਂ ਐਨ.ਡੀ.ਆਰ.ਐਫ. ਦੀ ਇੱਕ ਕੰਪਨੀ ਅਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਹੜ ਪ੍ਰਭਾਵਿਤ ਪਿੰਡਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇੰਸਪੈਕਟਰ ਰਾਹੁਲ ਪ੍ਰਤਾਪ ਸਿੰਘ ਅਤੇ ਸਬ-ਇੰਸਪੈਕਟਰ ਅਮਰ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ 22 ਮੈਂਬਰੀ ਐਨ.ਡੀ.ਆਰ.ਐਫ ਦੀ ਟੀਮ ਨੇ ਪੰਜ ਹੜ੍ਹ ਪ੍ਰਭਾਵਿਤ ਪਿੰਡ ਸੰਘੇੜਾ, ਕੰਬੋ ਖੁਰਦ, ਭੈਣੀ, ਮਹਿਰੂਵਾਲ ਅਤੇ ਸ਼ੇਸ਼ਰੇਵਾਲਾ ਦੇ ਵਾਸੀਆਂ ਦੀ ਸਹਾਇਤਾ ਨਾਲ 450 ਤੋਂ ਵੱਧ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਧਰਮਕੋਟ ਸਬ-ਡਵੀਜਨ ਵਿੱਚ ਲਗਭਗ 28 ਹੜ ਪ੍ਰਭਾਵਿਤ ਪਿੰਡ ਪੈਂਦੇ ਹਨ।