ਪੰਜਾਬ ਦੇ ਡੈਮਾਂ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ ਵੱਧ

Dams Of Punjab

ਡੈਮਾਂ ਅੰਦਰ ਪਾਣੀ ਵਧਣ ਕਰਕੇ ਹਾਈਡ੍ਰਲ ਪ੍ਰੋਜੈਕਟਾਂ ਤੋਂ ਬਿਜਲੀ ਉਤਪਾਦਨ ਹੋਵੇਗਾ ਵੱਧ | Dams Of Punjab

  • ਝੋਨੇ ਅਤੇ ਗਰਮੀ ਦੇ ਸੀਜ਼ਨ ਦੌਰਾਨ ਪਾਵਰਕੌਮ ਨੂੰ ਮਿਲੇਗਾ ਲਾਭ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ (Dams Of Punjab) ਡੈਮਾਂ ਅੰਦਰ ਪਿਛਲੇ ਸਾਲ ਨਾਲੋਂ ਪਾਣੀ ਦਾ ਪੱਧਰ ਵੱਧ ਹੈ, ਜੋ ਕਿ ਪਾਵਰਕੌਮ ਲਈ ਗਰਮੀਆਂ ਅਤੇ ਝੋਨੇ ਦੇ ਸੀਜ਼ਨ ਵਿੱਚ ਰਾਹਤ ਵਾਲੀ ਖ਼ਬਰ ਹੈ। ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੋਂ ਬਾਅਦ ਬਿਜਲੀ ਦੀ ਮੰਗ ਇੱਕਦਮ ਵਧ ਗਈ ਹੈ। ਪੰਜਾਬ ਦੇ ਭਾਖੜਾ ਡੈਮ, ਪੋਗ ਡੈਮ, ਡੈਹਰ ਅਤੇ ਰਣਜੀਤ ਸਾਗਰ ਡੈਮ ਅੰਦਰ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਕਾਫ਼ੀ ਜਿਆਦਾ ਹੈ, ਜਿਸ ਨਾਲ ਕਿ ਹਾਈਡ੍ਰਲ ਪ੍ਰੋਜੈਕਟਾਂ ਰਾਹੀਂ ਬਿਜਲੀ ਦਾ ਉਤਪਦਾਨ ਜਿਆਦਾ ਹੋਵੇਗਾ।

ਜਾਣਕਾਰੀ ਅਨੁਸਾਰ ਇਸ ਵਾਰ ਮੈਦਾਨੀ ਇਲਾਕਿਆਂ ਸਮੇਤ ਪਹਾੜਾਂ ’ਤੇ ਵੀ ਚੰਗਾ ਮੀਂਹ ਪੈ ਰਿਹਾ ਹੈ, ਜਿਸ ਕਾਰਨ ਡੈਮਾਂ ਅੰਦਰ ਪਾਣੀ ਦਾ ਪੱਧਰ ਜਿਆਦਾ ਵਹਿ ਰਿਹਾ ਹੈ। ਜੇਕਰ ਭਾਖੜਾ ਡੈਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ 1577.57 ਫੁੱਟ ਪਾਣੀ ਦਾ ਪੱਧਰ ਹੈ ਜਦਕਿ ਪਿਛਲੇ ਸਾਲ ਭਾਖੜਾ ਡੈਮ ਅੰਦਰ 1566.86 ਫੁੱਟ ਸੀ। ਇਸ ਤਰ੍ਹਾਂ ਪਿਛਲੇ ਸਾਲ ਨਾਲੋਂ ਇਸ ਡੈਮ ਅੰਦਰ 10 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਜਿਆਦਾ ਹੈ। ਪੋਗ ਡੈਮ ਅੰਦਰ ਪਿਛਲੇ ਸਾਲ ਨਾਲੋਂ 27 ਫੁੱਟ ਤੋਂ ਜਿਆਦਾ ਪਾਣੀ ਦਾ ਪੱਧਰ ਹੈ। ਇਸ ਡੈਮ ਅੰਦਰ ਮੌਜੂਦਾ ਸਮੇਂ 1331.16 ਫੁੱਟ ਪਾਣੀ ਦਾ ਪੱਧਰ ਹੈ।

ਇਹ ਵੀ ਪੜ੍ਹੋ : ਪਰਾਲ਼ੀ ਦੀਆਂ ਗੱਠਾ ਨਾਲ ਭਰੇ ਟਰਾਲੇ ਨੂੰ ਲੱਗੀ ਅੱਗ, ਟਰਾਲਾ ਤੇ ਪਰਾਲ਼ੀ ਸੜ ਕੇ ਸੁਆਹ

ਜਦਕਿ ਪਿਛਲੇ ਸਾਲ ਇਸ ਡੈਮ ਅੰਦਰ 1303.27 ਫੁੱਟ ’ਤੇ ਪਾਣੀ ਦਾ ਪੱਧਰ ਸੀ। ਇਸੇ ਤਰ੍ਹਾਂ ਹੀ ਡੈਹਰ ਡੈਮ ਅੰਦਰ ਵੀ 13 ਫੁੱਟ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ ਜਿਆਦਾ ਚੱਲ ਰਿਹਾ ਹੈ। ਪਿਛਲੇ ਸਾਲ ਇਸ ਡੈਮ ਅੰਦਰ 2922.70 ਫੁੱਟ ਤੱਕ ਪਾਣੀ ਦਾ ਪੱਧਰ ਸੀ ਜਦਕਿ ਇਸ ਸਾਲ 2936.02 ਫੁੱਟ ਪਾਣੀ ਦਾ ਪੱਧਰ ਹੈ। ਜੇਕਰ ਰਣਜੀਤ ਸਾਗਰ ਡੈਮ ਦੀ ਗੱਲ ਕੀਤੀ ਜਾਵੇ ਤਾਂ ਇਸ ਡੈਮ ਅੰਦਰ 6 ਮੀਟਰ ਤੋਂ ਜਿਆਦਾ ਪਿਛਲੇ ਸਾਲ ਨਾਲੋਂ ਪਾਣੀ ਜਿਆਦਾ ਹੈ। ਇਸ ਵਾਰ ਇਸ ਡੈਮ ਅੰਦਰ 511.96 ਮੀਟਰ ਪਾਣੀ ਦਾ ਪੱਧਰ ਹੈ ਜਦਕਿ ਪਿਛਲੇ ਸਾਲ 505.15 ਮੀਟਰ ਪਾਣੀ ਦਾ ਪੱਧਰ ਸੀ।

ਪਾਣੀ ਦੇ ਪੱਧਰ ਵਧਣ ਦਾ ਸਿੱਧਾ ਅਸਰ ਪਾਵਰਕੌਮ ਨੂੰ ਹਾਈਡ੍ਰਲ ਪ੍ਰੋਜੈਕਟਾਂ ਤੋਂ ਜਿਆਦਾ ਬਿਜਲੀ ਉਤਪਦਾਨ ਦਾ ਹੋਵੇਗਾ। ਪਾਵਰਕੌਮ ਲਈ ਦੋ-ਤਿੰਨ ਮਹੀਨੇ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਆਪਣਾ 100 ਫੀਸਦੀ ਦੇਣਾ ਪਵੇਗਾ। ਝੋਨੇ ਦਾ ਚੌਥਾ ਗੇੜ 21 ਜੂਨ ਤੋਂ ਸ਼ੁਰੂ ਹੋ ਰਿਹਾ ਹੈ, ਜਿਸ ਕਾਰਨ ਬਿਜਲੀ ਦੀ ਮੰਗ ਵਿੱਚ ਵੱਡਾ ਇਜਾਫ਼ਾ ਦੇਖਣ ਨੂੰ ਮਿਲੇਗਾ। ਅੱਜ ਵੀ ਬਿਜਲੀ ਦੀ ਮੰਗ 14700 ਮੈਗਾਵਾਟ ’ਤੇ ਪੁੱਜ ਗਈ ਸੀ। ਹਾਈਡ੍ਰਲ ਪਾਵਰ ਤੋਂ ਪਾਵਰਕੌਮ ਨੂੰ ਬਿਜਲੀ ਸਸਤੀ ਮਿਲਦੀ ਹੈ ਅਤੇ ਸਾਰੇ ਡੈਮਾਂ ਵਿੱਚ ਪਾਣੀ ਦਾ ਪੱਧਰ ਵੱਧ ਹੋਣ ਦਾ ਚੋਖਾ ਲਾਭ ਹਾਸਲ ਹੋਵੇਗਾ।

ਪਾਣੀ ਦਾ ਕਿਊਸਿਕ ਪੱਧਰ ਵੀ ਜਿਆਦਾ | Dams Of Punjab

ਭਾਖੜਾ ਡੈਮ ਅੰਦਰ ਅੱਜ 25459 ਕਿਊਸਿਕ ਪਾਣੀ ਆ ਰਿਹਾ ਸੀ ਜਦਕਿ ਇਸੇ ਦਿਨ ਪਿਛਲੇ ਸਾਲ 17275 ਕਿਊਸਿਕ ਪਾਣੀ ਚੱਲ ਰਿਹਾ ਸੀ। ਡੈਹਰ ਡੈਮ ਅੰਦਰ 11533 ਕਿਊਸਿਕ ਪਾਣੀ ਆ ਰਿਹਾ ਹੈ ਜਦਕਿ ਅੱਜ ਦੇ ਦਿਨ ਪਿਛਲੇ ਸਾਲ 6026 ਕਿਊਸਿਕ ਪਾਣੀ ਚੱਲ ਰਿਹਾ ਸੀ। ਪੋਗ ਡੈਮ ਅੰਦਰ 4387 ਕਿਊਸਿਕ ਪਾਣੀ ਚੱਲ ਰਿਹਾ ਹੈ ਜਦਕਿ ਪਿਛਲੇ ਸਾਲ ਇਸੇ ਦਿਨ 1305 ਕਿਊਸਿਕ ਪਾਣੀ ਆ ਰਿਹਾ ਸੀ। ਰਣਜੀਤ ਸਾਗਰ ਡੈਮ ਅੰਦਰ 8007 ਕਿਊਸਿਕ ਪਾਣੀ ਆ ਰਿਹਾ ਹੈ ਜਦਕਿ ਪਿਛਲੇ ਸਾਲ ਅੱਜ ਦੇ ਦਿਨ 5851 ਕਿਊਸਿਕ ਪਾਣੀ ਆ ਰਿਹਾ ਸੀ।

9 ਜ਼ਿਲ੍ਹਿਆਂ ਅੰਦਰ ਅੱਜ ਤੋਂ ਮਿਲੇਗੀ 8 ਘੰਟੇ ਬਿਜਲੀ | Dams Of Punjab

ਪੰਜਾਬ ਦੇ 9 ਜ਼ਿਲ੍ਹਿਆਂ ਅੰਦਰ ਚੌਥੇ ਗੇੜ ਤਹਿਤ 21 ਜੂਨ ਤੋਂ ਝੋਨੇ ਦੀ ਸ਼ੁਰੂਆਤ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਟਿਆਲਾ, ਸੰਗਰੂਰ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਮਲੇਰਕੋਟਲਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹੇ ਸ਼ਾਮਲ ਹਨ। ਜਦਕਿ ਤਿੰਨ ਗੇੜਾਂ ਅੰਦਰ ਪਹਿਲਾਂ ਹੀ ਝੋਨੇ ਦੀ ਲਵਾਈ ਦੀ ਸ਼ੁਰੂਆਤ ਹੋ ਚੁੱਕੀ ਹੈ। ਚੌਥੇ ਗੇੜ ਤੋਂ ਬਾਅਦ ਪਾਵਰਕੌਮ ਦਾ ਦਮਖ਼ਮ ਪਤਾ ਲੱਗੇਗਾ।