ਰੁਜ਼ਗਾਰ ਦੀ ਪ੍ਰਾਪਤੀ ਲਈ ਨੌਜਵਾਨਾਂ ਨੂੰ ਕੀਤਾ ਲਾਮਬੰਦ: ਢਾਬਾਂ,ਧਰਮੂਵਾਲਾ
ਜਲਾਲਾਬਾਦ ( ਰਜਨੀਸ਼ ਰਵੀ )। ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਜ਼ਿਲ੍ਹਾ ਕੌਂਸਲ ਫਾਜ਼ਿਲਕਾ ਵੱਲੋਂ ਸਭ ਲਈ ਰੁਜ਼ਗਾਰ ਦੀ ਪ੍ਰਾਪਤੀ ਲਈ “ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ” (ਬਣੇਗਾ) ਕਾਨੂੰਨ ਪਾਸ ਕਰਵਾਉਣ ਲਈ ਪਿੰਡਾਂ ਤੋਂ ਜਿਲਾ ਹੈੱਡਕੁਆਰਟਰ ਵੱਲ ਪੈਦਲ ਮਾਰਚ ਕਰਨ ਦਾ ਐਲਾਨ ਕੀਤਾ ਗਿਆ। ਅੱਜ ਸਥਾਨਕ ਸੁਤੰਤਰ ਭਵਨ ਵਿਖੇ ਸੱਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ, ਸੂਬਾ ਮੀਤ ਸਕੱਤਰ ਹਰਭਜਨ ਛੱਪੜੀਵਾਲਾ, ਨਰਿੰਦਰ ਢਾਬਾਂ,ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂ ਵਾਲਾ ਜ਼ਿਲਾ ਸਕੱਤਰ ਸਟਾਲਿਨ, ਜ਼ਿਲ੍ਹਾ ਕੌਂਸਲ ਮੈਂਬਰ ਸੰਜਨਾ ਢਾਬਾਂ ਅਤੇ ਅਮਨਦੀਪ ਕੌਰ ਤੋਤਿਆਂ ਵਾਲਾ ਨੇ ਰੁਜ਼ਗਾਰ ਲਈ ਕੀਤੇ ਜਾ ਰਹੇ ਪੈਦਲ ਮਾਰਚ ਦਾ ਐਲਾਨ ਕੀਤਾ ਹੈ।
ਪ੍ਰੈਸ ਕਾਨਫਰੰਸ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਦੇਸ਼ ਅੰਦਰ ਬੇਰੁਜ਼ਗਾਰੀ ਵੱਡੇ ਪੱਧਰ ’ਤੇ ਵੱਧ ਰਹੀ ਹੈ,ਪਰੰਤੂ ਸਰਕਾਰ ਨੇ ਇਸ ਦਾ ਅਸਲ ਹੱਲ ਭਾਵ ਰੁਜ਼ਗਾਰ ਦਾ ਪ੍ਰਬੰਧ ਕਰਨ ਦੀ ਬਜਾਏ,ਅੱਖਾ ਬੰਦ ਕੀਤੀਆਂ ਹਨ। ਦੁਨੀਆਂ ਵਿੱਚ ਭਾਰਤ ਦੇਸ਼ ਵਿਚ ਸਭ ਤੋਂ ਵੱਧ ਨੌਜਵਾਨ ਰਹਿੰਦੇ ਹਨ ਅਤੇ ਨੌਜਵਾਨਾਂ ਦੀ ਗਿਣਤੀ ਵੀ ਭਾਰਤ ਵਿਚ ਵੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਲੋਕਾਂ ਨੇ ਸੱਤਾ ਤਬਦੀਲੀ ਕੀਤੀ, ਪ੍ਰੰਤੂ ਉਨ੍ਹਾਂ ਦੀ ਅਸਲ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸੂਬੇ ਵਿੱਚ ਕਰੋੜਾਂ ਦੀ ਤਦਾਦ ਵਿੱਚ ਡਿਗਰੀਆਂ/ ਡਿਪਲੋਮੇ ਪ੍ਰਾਪਤ ਕਰਕੇ ਨੌਜਵਾਨ ਬੇਰੁਜ਼ਗਾਰ ਹਨ।
ਰੁਜ਼ਗਾਰ ਲਈ ਰੁਜ਼ਗਾਰ ਦੀ ਗਰੰਟੀ ਕਾਨੂੰਨ ਬਣੇ
ਆਗੂਆਂ ਨੇ ਅੱਗੇ ਕਿਹਾ ਕਿ ਬੇਰੋਜ਼ਗਾਰੀ ਦਾ ਇਕੋ ਇਕ ਹੱਲ ਹੈ ਕਿ ਉਨ੍ਹਾਂ ਦੇ ਪੱਕੇ ਰੋਜ਼ਗਾਰ ਲਈ ਰੁਜ਼ਗਾਰ ਦੀ ਗਰੰਟੀ ਕਾਨੂੰਨ ਬਣੇ। ਕਾਨੂੰਨ ਸਬੰਧੀ ਪੁੱਛੇ ਜਾਣ ਤੇ ਪੱਤਰਕਾਰਾਂ ਦੇ ਸਵਾਲ ਦੇ ਜਵਾਬ ਚ ਆਗੂਆਂ ਨੇ ਦੱਸਿਆ ਕਿ ਦੇਸ਼ ਦੀ ਪਾਰਲੀਮੈਂਟ ਵਿੱਚ ਸਭ ਲਈ ਰੁਜ਼ਗਾਰ ਦੀ ਗਰੰਟੀ ਲਈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਨੇਗਾ ਬਣਨਾ ਚਾਹੀਦਾ ਹੈ,ਜਿਸ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਲਗਾਤਾਰ ਸਰਗਰਮੀ ਕੀਤੀ ਜਾ ਰਹੀ ਹੈ। ਬਨੇਗਾ ਕਾਨੂੰਨ ਬਾਰੇ ਵਿਸਤਾਰ ਨਾਲ ਬੋਲਦਿਆਂ ਆਗੂਆਂ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਹਰੇਕ ਅਣਪੜ੍ਹ ਅਤੇ ਅਣਸਿੱਖਿਅਤ ਲਈ ਘੱਟੋ-ਘੱਟ 25 ਹਜ਼ਾਰ ਰੁਪਏ, ਅਰਧ-ਸਿੱਖਿਅਤ ਲਈ 30 ਹਜ਼ਾਰ ਰੁਪਏ, ਸਿਖਿਅਤ ਲਈ 35 ਹਜ਼ਾਰ ਰੁਪਏ ਅਤੇ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਹੋਵੇ ਅਤੇ ਕੰਮ/ ਰੁਜ਼ਗਾਰ ਨਾ ਮਿਲਣ ਦੀ ਸੂਰਤ ਵਿੱਚ ਤਨਖਾਹ ਦਾ ਅੱਧ ਦਿੱਤਾ ਜਾਵੇ।
ਵੱਖ-ਵੱਖ ਪਿੰਡਾਂ ਤੋਂ ਸ਼ੁਰੂ ਹੋਏ ਤਿੰਨ ਕਾਫ਼ਲੇ 28 ਮਈ ਨੂੰ ਲਾਧੂਕਾ ਵਿਖੇ ਪਹੁੰਚੇਗਾ
ਰੁਜ਼ਗਾਰ ਦੀ ਪ੍ਰਾਪਤੀ ਲਈ ਵੱਖ-ਵੱਖ ਪਿੰਡਾਂ ਤੋਂ ਸ਼ੁਰੂ ਹੋਏ ਤਿੰਨ ਕਾਫ਼ਲੇ 28 ਮਈ ਨੂੰ ਲਾਧੂਕਾ ਵਿਖੇ ਪਹੁੰਚਣਗੇ ਅਤੇ ਅਗਲੇ ਦਿਨ 29 ਮਈ ਨੂੰ ਪੈਦਲ ਰਵਾਨਾ ਹੋ ਕੇ ਫਾਜ਼ਿਲਕਾ ਪਹੁੰਚਣ ਗੇ। ਇਥੇ ਇੱਕ ਵੱਡੀ ਸਭਾ ਕਰਕੇ ਵਲੰਟੀਅਰ ਸੰਮੇਲਨ ਕੀਤਾ ਜਾਵੇਗਾ ਅਤੇ ਇਸ ਸੰਮੇਲਨ ਨੂੰ ਦੋਨਾਂ ਜਥੇਬੰਦੀਆਂ ਦੇ ਕੌਮੀ ਜਨਰਲ ਸਕੱਤਰ ਕ੍ਰਮਵਾਰ ਵਿੱਕੀ ਮਹੇਸ਼ਰੀ ਅਤੇ ਆਰ.ਤਿਰਮਲਾਈ ਸੰਬੋਧਨ ਕਰਨਗੇ। ਇਸ ਮੌਕੇ ਹੋਰਾਂ ਤੋਂ ਇਲਾਵਾ ਸੰਦੀਪ ਜੋਧਾ, ਪਰਮਿੰਦਰ ਰਹਿਮੇਸ਼ਹ,ਗੁਰਦਿਆਲ ਢਾਬਾਂ,ਜਰਨੈਲ ਢਾਬਾਂ,ਸੋਨੂੰ ਧੁਨਕੀਆਂ, ਗੁਰਪ੍ਰੀਤ ਹੌਜ ਖਾਸ, ਪ੍ਰਕਾਸ਼ ਹੌਜ਼ ਖ਼ਾਸ, ਕੁਲਵਿੰਦਰ ਭੰਬਾ ਵੱਟੂ, ਰਿਸ਼ਬ ਮਾੜਿਆਂ ਵਾਲਾ, ਪਰਮਜੀਤ ਜੋਧਾਂ, ਰਮਨਦੀਪ ਕੌਰ ਮਹਾਲਮ, ਸੀਆਂ ਮਹਾਲਮ, ਰਕੇਸ਼ ਟਰਿਆਂ, ਅਰਸ਼ਦੀਪ ਸੁਖੇਰਾ, ਸੁਰਿੰਦਰ ਬਾਹਮਣੀ ਵਾਲਾ,ਮਨਪ੍ਰੀਤ ਫਤਿਹਗੜ੍ਹ ਅਤੇ ਅਕਾਸ਼ ਬਾਹਮਣੀ ਵਾਲਾ ਵੀ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।