ਪਿੰਡ ਚੱਕ ਮੁਬਾਇਨ ਹਰਦੋਢੰਡੀ ਦੀ ਪੰਚਾਇਤ ਵਲੋਂ ਨਸ਼ੇ ਵਿਰੁੱਧ ਸਰਵਸੰਮਤੀ ਨਾਲ ਮਤਾ ਕੀਤਾ ਪਾਸ | Drugs
ਗੁਰੂਹਰਸਹਾਏ (ਸੱਤਪਾਲ ਥਿੰਦ)। ਪੰਜਾਬ ਵਿਚ ਦਿਨ-ਬ-ਦਿਨ ਵੱਧ ਰਹੇ ਚਿੱਟੇ ਦੇ ਨਸ਼ੇ (Drugs) ਨੂੰ ਬੰਦ ਕਰਨ ਲਈ ਹੁਣ ਪੰਚਾਇਤਾਂ ਵੀ ਅੱਗੇ ਆ ਰਹੀਆਂ ਹਨ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਨਾਲ ਮਿਲ ਕੇ ਨਸ਼ੇ ਵਰਗੀ ਨਾ ਮੁਰਾਦ ਬਿਮਾਰੀ ਨੂੰ ਖਤਮ ਕਰਨ ਲਈ ਪਿੰਡਾਂ ਵਿੱਚ ਸਰਵਸੰਤੀ ਨਾਲ ਮਤੇ ਪਾਸ ਕਰਕੇ ਪ੍ਰਸ਼ਾਸਨ ਦਾ ਸਹਿਯੋਗ ਕਰ ਰਹੀਆਂ ਹਨ । ਇਸੇ ਲੜੀ ਤਹਿਤ ਪਿੰਡ ਚੱਕ ਮੁਬਾਇਨ ਹਰਦੋਢੰਡੀ ਵੱਲੋਂ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਇਕ ਮੀਟਿੰਗ ਬੁਲਾਈ ਗਈ ਜਿਸ ਵਿੱਚ ਸਾਰੇ ਪਿੰਡ ਨਿਵਾਸੀਆਂ ਵੱਲੋਂ ਨਸ਼ਿਆਂ ਅਤੇ ਚੋਰੀਆਂ ਨੂੰ ਠੱਲ ਪਾਉਣ ਲਈ ਅਤੇ ਨਸ਼ਾ ਰੋਕੂ ਕਮੇਟੀ ਦਾ ਗਠਨ ਕੀਤਾ ਗਿਆ ।
ਜਿਸ ਵਿੱਚ ਸਰਬਸੰਮਤੀ ਨਾਲ ਇਹ ਮਤਾ ਪਾਸ ਕੀਤਾ ਗਿਆ ਹੈ ਜੇਕਰ ਪਿੰਡ ਦਾ ਕੋਈ ਵਿਅਕਤੀ ਨਸ਼ਾ ਕਰਦਾ ਫੜਿਆ ਜਾਂਦਾ ਹੈ ਜਾਂ ਚੋਰੀ ਕਰਦਾ ਹੋਇਆ ਫੜਿਆ ਗਿਆ ਤਾਂ ਕਮੇਟੀ ਵਲੋਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਇਹ ਵੀ ਮਤਾ ਪਾਸ ਕੀਤਾ ਗਿਆ ਕਿ ਕਿਸੇ ਵੀ ਚੋਰ ਜਾਂ ਨਸ਼ੇੜੀ ਆਦਮੀ ਨੂੰ ਪਿੰਡ ਨਿਵਾਸੀਆਂ ਵੱਲੋਂ ਜ਼ਮਾਨਤ ਨਹੀਂ ਕਰਵਾਈ ਜਾਵੇਗੀ । ਅਗਰ ਪਿੰਡ ਦਾ ਕੋਈ ਵਿਅਕਤੀ ਕਿਸੇ ਨਸ਼ੇੜੀ ਆਦਮੀ ਜਾਂ ਚੋਰ ਦੀ ਸਪੋਟ ਕਰਦਾ ਹੈ ਤਾਂ ਉਸ ਆਦਮੀ ਦਾ ਸਾਰੇ ਪਿੰਡ ਵੱਲੋਂ ਬਾਈਕਾਟ ਕੀਤਾ ਜਾਵੇਗਾ ‘ਤੇ ਉਸਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ।
ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੂਰਜੀ ਊਰਜਾ ਸਬੰਧੀ ਵੱਡਾ ਬਿਆਨ, ਪੜ੍ਹੋ ਕੀ ਕਿਹਾ…
ਇਸ ਤੋਂ ਇਲਾਵਾ ਪਿੰਡ ਦਾ ਕੋਈ ਵੀ ਆਦਮੀ ਪਿੰਡ ਤੋਂ ਬਾਹਰ ਚੋਰੀ ਕਰਦਾ ਜਾਂ ਨਸ਼ਾ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦੇ ਪਿੱਛੇ ਪਿੰਡ ਦਾ ਕੋਈ ਵੀ ਵਿਅਕਤੀ ਨਹੀਂ ਜਾਵੇਗਾ । ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਇਸ ਨਾਮੁਰਾਦ ਬਿਮਾਰੀ ਦੀ ਦਲਦਲ ਵਿਚੋਂ ਕੱਢਣ ਲਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਆਪਣੇ ਲੈਵਲ ਤੇ ਕਮੇਟੀਆਂ ਗਠਿਤ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਇਸ ਨਸ਼ੇ ਵਰਗੀ ਨਾਮੁਰਾਦ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾ ਸਕੇ । ਇਸ ਮੌਕੇ ਸ਼ਿੰਗਾਰ ਸਿੰਘ ਉਰਫ ਬਿਟੂ, ਸੁਰਿੰਦਰ ਸਿੰਘ ਸੋਢੀ, ਕਰਮਜੀਤ ਸਿੰਘ, ਬੂਟਾ ਸਿੰਘ, ਰਵਿੰਦਰ ਸਿੰਘ, ਗੁਰਮੀਤ ਸਿੰਘ, ਪਰਵਿੰਦਰ ਸਿੰਘ, ਜਸਬੀਰ ਸਿੰਘ, ਸੁਖਵਿੰਦਰ ਸਿੰਘ, ਭੁਪਿੰਦਰ ਸਿੰਘ, ਜੂਝਾਰ ਸਿੰਘ ਆਦਿ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਹਨ ।