ਬੇਰੁਜ਼ਗਾਰ ਪੈਟਰੋਲ ਦੀਆਂ ਬੋਤਲਾਂ ਲੈ ਕੇ ਟੈਂਕੀ ‘ਤੇ ਚੜ੍ਹੇ
ਕੁਲਵੰਤ ਕੋਟਲੀ | ਮੋਹਾਲੀ, ਬਾਅਦ ਦੁਪਿਹਰ ਪ੍ਰਸ਼ਾਸ਼ਨ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦ ਬੇਰੁਜ਼ਗਾਰ ਬੀ.ਐਡ. ਟੈੱਟ ਪਾਸ ਅਤੇ ਸਬਜੈਕਟ ਟੈਸਟ ਪਾਸ ਅਧਿਆਪਕ ਐਕਸ਼ਨ ਕਮੇਟੀ ਪੰਜਾਬ ਦੇ ਮਂੈਬਰ ਆਪਣੀਆਂ ਮੰਗਾਂ ਨੂੰ ਲੈ ਕੇ ਸੋਹਾਣਾ ਦੇ ਨੇੜੇ ਸੈਕਟਰ 77 ਦੀ ਮੁੱਖ ਸੜਕ ਨੇੜੇ ਬਣੀ ਪਾਣੀ ਵਾਲੀ ਟੈਂਕੀ ‘ਤੇ ਪੈਟਰੋਲ ਦੀਆਂ ਬੋਤਲਾਂ ਲੈ ਕੇ ਚੜ੍ਹ ਗਏ ਇਹਨਾਂ 4 ਅਧਿਆਪਕਾਂ ‘ਚ ਸੇਵਕ ਸਿੰਘ ਕੋਟਕਪੂਰਾ, ਸਤਨਾਮ ਸਿੰਘ ਦਸੂਹਾ, ਗੁਰਮੀਤ ਕੌਰ, ਮੈਡਮ ਪਰਮ ਨਾਭਾ ਸ਼ਾਮਲ ਹਨ, ਜਦਕਿ ਬਾਕੀ ਬੇਰੁਜ਼ਗਾਰ ਅਧਿਆਪਕਾਂ ਨੇ ਟੈਂਕੀ ਅੱਗੇ ਧਰਨਾ ਲਗਾ ਕੇ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਨੇ ਮੰਗ ਕੀਤੀ ਕਿ ਜਾਂ ਤਾਂ ਪੰਜਾਬ ਸਰਕਾਰ ਉਨ੍ਹਾਂ ਨੂੰ ਤੁਰੰਤ ਨੌਕਰੀਆਂ ਦੇਵੇ ਨਹੀਂ ਤਾਂ ਉਹ ਕੋਈ ਸਖਤ ਕਾਰਵਾਈ ਲਈ ਮਜ਼ਬੂਰ ਹੋਣਗੇ। ਬੇਰੁਜ਼ਗਾਰ ਅਧਿਆਪਕਾਂ ਦੇ ਟੈਂਕੀ ਉਪਰ ਚੜ੍ਹਨ ਦੀ ਘਟਨਾਂ ਤੋਂ ਬਾਅਦ ਪ੍ਰਸ਼ਾਸਨ ਨੇ ਟੈਂਕੀ ਦੇ ਨੇੜੇ ਵੱਡੀ ਗਿਣਤੀ ‘ਚ ਪੁਲਿਸ ਫੋਰਸ ਸਮੇਤ ਮਹਿਲਾ ਪੁਲਿਸ ਤਾਇਨਾਤ ਕਰ ਦਿੱਤੀ ਹੈ।
ਖਬਰ ਲਿਖੇ ਜਾਣ ਤੱਕ ਚਾਰੇ ਬੇਰੁਜ਼ਗਾਰ ਅਧਿਆਪਕ ਪਾਣੀ ਵਾਲੀ ਟੈਂਕੀ ਉਪਰ ਹੀ ਮੌਜੂਦ ਸਨ ਜਦਕਿ ਬਾਕੀ ਟੈਂਕੀ ਅੱਗੇ ਧਰਨਾ ਲਗਾਈ ਬੈਠੇ ਸਨ। ਇਸ ਮੌਕੇ ਲਗਾਏ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਪੂਨਮ ਰਾਣੀ ਤੇ ਰਾਜਪਾਲ ਸਿੰਘ ਖਨੌਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 2011 ਤੋਂ ਬੀ.ਐੱਡ ਟੈੱਟ ਪਾਸ ਅਧਿਆਪਕਾਂ ਨਾਲ ਸਰਾਸਰ ਨਾ ਇਨਸਾਫੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਯੂਨੀਅਨ ਆਗੂਆਂ ਦੀ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਨਾਲ ਮੰਗਾਂ ਨੂੰ ਲੈ ਕੇ ਦੋ ਵਾਰ ਪੈਨਲ ਮੀਟਿੰਗ ਹੋ ਚੁੱਕੀ ਹੈ ਅਤੇ ਮੁੱਖ ਮੰਤਰੀ ਪੰਜਾਬ ਦੋਵੇਂ ਮੀਟਿੰਗਾਂ ਵਿੱਚ ਮੰਗਾਂ ਨੂੰ ਲਾਗੂ ਕਰਨ ਦੇ ਹੁਕਮ ਵੀ ਦੇ ਚੁੱਕੇ ਹਨ, ਪਰ ਵਿਭਾਗ ਦੇ ਅਧਿਕਾਰੀਆਂ ਨੇ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ।
ਉਨ੍ਹਾਂ ਕਿਹਾ ਕਿ ਸਾਡੇ ਵਿੱਚ ਬਹੁਤੇ ਉਮੀਦਵਾਰ ਉਹ ਹਨ ਜੋ ਨੌਕਰੀ ਦੀ ਉਮਰ ਹੱਦ ਨੂੰ ਪਾਰ ਕਰਨ ਦੇ ਕਿਨਾਰੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹੁਣ ਵੀ ਸਾਨੂੰ ਘੱਟ ਗਿਣਤੀ ਪੋਸਟਾਂ ਦੇ ਕੇ ਸਾਡਾ ਰੁਜ਼ਗਾਰ ਮਾਰਨਾ ਚਾਹੁੰਦੀ ਹੈ । ਇਸ ਮੌਕੇ ਤੇਜਿੰਦਰ ਸਿੰਘ ਅੱਪਰਾ, ਜਤਿੰਦਰ ਸਿੰਘ ਲੁਧਿਆਣਾ, ਸ਼ਾਮ ਸਿੰਘ ਪਾਤੜਾਂ, ਗਗਨਦੀਪ ਕੌਰ, ਯਾਦਵਿੰਦਰ ਸਿੰਘ ਭਵਾਨੀਗੜ, ਗੁਰਪ੍ਰੀਤ ਕੌਰ ਮੌੜ, ਜੈ ਰਘੁਨੰਦਨ, ਟੋਨੀ ਮੁਹਾਲੀ, ਅਵਤਾਰ ਸਿੰਘ, ਕੇਸਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ