ਅਸ਼ਵਿਨ ਨੇ ਦੂਜੀ ਪਾਰੀ ’ਚ ਲਈਆਂ 4 ਵਿਕਟਾਂ | IND vs ENG
- ਪਹਿਲੀ ਪਾਰੀ ’ਚ ਭਾਰਤ 477 ਦੌੜਾਂ ’ਤੇ ਆਲਆਊਟ
ਧਰਮਸ਼ਾਲਾ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਆਖਿਰੀ ਮੈਚ ਹਿਮਾਚਲ ਦੇ ਧਰਮਸ਼ਾਲਾ ’ਚ ਖੇਡਿਆ ਜਾ ਰਿਹਾ ਹੈ। ਜਿੱਥੇ ਅੱਜ ਤੀਜੇ ਦਿਨ ਭਾਰਤੀ ਟੀਮ ਦੀ ਪਹਿਲੀ ਪਾਰੀ 477 ਦੌੜਾਂ ’ਤੇ ਆਲਆਊਟ ਹੋਈ। ਜਿਸ ਵਿੱਚ ਓਪਨਰ ਯਸ਼ਸਵੀ ਜਾਇਸਵਾਲ ਨੇ (57), ਕਪਤਾਨ ਰੋਹਿਤ ਨੇ (103), ਸ਼ੁਭਮਨ ਗਿੱਲ ਨੇ (110), ਡੈਬਿਊ ਕਰ ਰਹੇ ਦੇਵਦੱਤ ਨੇ (60), ਜਦਕਿ ਸਰਫਰਾਜ਼ ਖਾਨ ਨੇ (56) ਦੌੜਾਂ ਦੀਆਂ ਪਾਰੀਆਂ ਖੇਡੀਆਂ। ਇਸ ਤੋਂ ਇਲਾਵਾ ਕੁਲਦੀਪ ਯਾਦਵ ਨੇ 30 ਤੇ ਜਸਪ੍ਰੀਤ ਬੁਮਰਾਹ ਨੇ 20 ਦੌੜਾਂ ਬਣਾਈਆਂ। ਇੰਗਲੈਂਡ ਵੱਲੋਂ ਸ਼ੋਏਬ ਬਸ਼ੀਰ ਨੇ 5 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਜਿਮੀ ਐਂਡਰਸਨ ਤੇ ਟਾਮ ਹਾਰਟਲੇ ਨੇ 2-2 ਵਿਕਟਾਂ ਲਈਆਂ। ਭਾਰਤੀ ਟੀਮ ਨੂੰ ਪਹਿਲੀ ਪਾਰੀ ’ਚ 260 ਦੌੜਾਂ ਦੀ ਬੜ੍ਹਤ ਮਿਲੀ ਸੀ। (IND vs ENG)
ਤੰਗੀਆਂ ਤੁਰਸ਼ੀਆਂ ਦੇ ਦੌਰ ’ਚੋਂ ਲੰਘ ਕੇ ਵਿੱਦਿਆ ਦੇ ਖੇਤਰ ’ਚ ਖਿੜੀ ‘ਕਮਲ’
ਦੂਜੀ ਪਾਰੀ ’ਚ ਇੰਗਲੈਂਡ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਓਪਨਰ ਬੱਲੇਬਾਜ਼ ਬੇਨ ਡਕੇਟ ਸਿਰਫ 2 ਦੌੜਾਂ ਬਣਾ ਕੇ ਅਸ਼ਵਿਨ ਦਾ ਸ਼ਿਕਾਰ ਬਣ ਗਏ। ਪਹਿਲੀ ਪਾਰੀ ’ਚ ਅਰਧਸੈਂਕੜਾ ਜੜਨ ਵਾਲੇ ਜੈਕ ਕ੍ਰਾਲੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਹੁਣ ਲੰਚ ਤੱਕ ਇੰਗਲੈਂਡ ਟੀਮ ਨੇ ਸਿਰਫ 103 ਦੌੜਾਂ ’ਤੇ ਆਪਣੀਆਂ 5 ਵਿਕਟਾਂ ਗੁਆ ਦਿੱਤੀਆਂ ਹਨ। ਭਾਰਤ ਵੱਲੋਂ ਦੂਜੀ ਪਾਰੀ ’ਚ ਅਸ਼ਵਿਲ ਨੇ 4 ਵਿਕਟਾਂ ਹਾਸਲ ਕੀਤੀਆਂ ਹਨ। ਜਦਕਿ ਕੁਲਦੀਪ ਯਾਦਵ ਨੂੰ 1 ਵਿਕਟ ਮਿਲੀ ਹੈ। ਅਸ਼ਵਿਨ ਨੇ ਬੇਨ ਡਕੇਟ, ਜੈਕ ਕ੍ਰਾਲੀ, ਓਲੀ ਪੋਪ ਤੇ ਕਪਤਾਨ ਸਟੋਕਸ ਨੂੰ ਆਊਟ ਕੀਤਾ ਹੈ। ਜਦਕਿ ਕੁਲਦੀਪ ਯਾਦਵ ਨੇ ਖਤਰਨਾਕ ਹੋ ਰਹੇ ਜੌਨੀ ਬੇਅਰਸਟੋ ਨੂੰ ਆਊਟ ਕੀਤਾ। ਇੰਗਲੈਂਡ ਨੂੰ ਅਜੇ ਵੀ ਪਾਰੀ ਦੀ ਹਾਰ ਤੋਂ ਬਚਣ ਲਈ 156 ਦੌੜਾਂ ਦੀ ਜ਼ਰੂਰਤ ਹੈ। ਜਦਕਿ ਉਸ ਦੀਆਂ ਸਿਰਫ 5 ਵਿਕਟਾਂ ਬਾਕੀ ਹਨ। ਕ੍ਰੀਜ ’ਤੇ ਜੋ ਰੂਟ 34 ਦੌੜਾਂ ਬਣਾ ਕੇ ਨਾਬਾਦ ਹਨ। ਉਨ੍ਹਾਂ ਨਾਲ ਹੁਣ ਲੰਚ ਤੋਂ ਬਾਅਦ ਵਿਕਟਕੀਪਰ ਬੱਲੇਬਾਜ਼ ਬੇਨ ਫੋਕਸ ਆਪਣੀ ਪਾਰੀ ਦੀ ਸ਼ੁਰੂਆਤ ਕਰਨਗੇ। (IND vs ENG)